ਚੰਡੀਗੜ੍ਹ ’ਚ ਗੈਂਗ ਹਿੰਸਾ
ਚੰਡੀਗੜ੍ਹ ਦੇ ਸੈਕਟਰ 9 ਵਿੱਚ ਨੌਜਵਾਨ ਪ੍ਰਾਪਰਟੀ ਡੀਲਰ ਦੇ ਦਿਨ-ਦਿਹਾੜੇ ਹੋਏ ਕਤਲ ਨੇ ਸ਼ਹਿਰ ਦੇ ਸ਼ਾਂਤ, ਚੰਗੀ ਵਿਵਸਥਾ ਅਤੇ ਸੁਰੱਖਿਅਤ ਹੋਣ ਬਾਰੇ ਬਣਾਏ ਗਏ ਅਕਸ ਨੂੰ ਇੱਕ ਤਰ੍ਹਾਂ ਨਾਲ ਤੋੜ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸਭ ਤੋਂ ਅਮੀਰ...
ਚੰਡੀਗੜ੍ਹ ਦੇ ਸੈਕਟਰ 9 ਵਿੱਚ ਨੌਜਵਾਨ ਪ੍ਰਾਪਰਟੀ ਡੀਲਰ ਦੇ ਦਿਨ-ਦਿਹਾੜੇ ਹੋਏ ਕਤਲ ਨੇ ਸ਼ਹਿਰ ਦੇ ਸ਼ਾਂਤ, ਚੰਗੀ ਵਿਵਸਥਾ ਅਤੇ ਸੁਰੱਖਿਅਤ ਹੋਣ ਬਾਰੇ ਬਣਾਏ ਗਏ ਅਕਸ ਨੂੰ ਇੱਕ ਤਰ੍ਹਾਂ ਨਾਲ ਤੋੜ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸਭ ਤੋਂ ਅਮੀਰ ਅਤੇ ਭਾਰੀ ਸੁਰੱਖਿਆ ਵਾਲੇ ਇਲਾਕਿਆਂ ਵਿੱਚ ਸ਼ੁਮਾਰ ਸੈਕਟਰ 9 ਵਿੱਚ ਇਉਂ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਇਹ ਘਟਨਾ ਨਾ ਸਿਰਫ਼ ਬਹੁਤ ਪਰੇਸ਼ਾਨ ਕਰਨ ਵਾਲੀ ਹੈ, ਸਗੋਂ ਬਹੁਤ ਸ਼ਰਮਨਾਕ ਵੀ ਹੈ। ਮੁੱਢਲੀਆਂ ਰਿਪੋਰਟਾਂ ’ਚ ਇਸ ਕਤਲ ਦਾ ਕਾਰਨ ਗੈਂਗਾਂ ਦੀ ਆਪਸੀ ਦੁਸ਼ਮਣੀ ਦੱਸਿਆ ਗਿਆ ਅਤੇ ਇਸ ਘਟਨਾ ਸਬੰਧੀ ਲੱਕੀ ਪਟਿਆਲਾ ਤੇ ਬੰਬੀਹਾ ਗੈਂਗ ਵਰਗੇ ਨਾਂ ਚਰਚਾ ’ਚ ਹਨ। ਇਹ ਕਤਲ ਇਸ ਚਿੰਤਾਜਨਕ ਰੁਝਾਨ ਨੂੰ ਉਜਾਗਰ ਕਰਦਾ ਹੈ ਕਿ ਸੰਗਠਿਤ ਅਪਰਾਧ ਹੌਲੀ-ਹੌਲੀ ਉਨ੍ਹਾਂ ਸ਼ਹਿਰੀ ਖੇਤਰਾਂ ਤੱਕ ਵੀ ਫੈਲ ਰਿਹਾ ਹੈ, ਜਿਨ੍ਹਾਂ ਨੂੰ ਕਦੇ ਅਜਿਹੇ ਖ਼ਤਰਿਆਂ ਤੋਂ ਮੁਕਤ ਮੰਨਿਆ ਜਾਂਦਾ ਸੀ। ਹਾਲੀਆ ਸਾਲਾਂ ਦੌਰਾਨ ਪੰਜਾਬ ਵਿੱਚ ਗੈਂਗਾਂ ਨਾਲ ਸਬੰਧਿਤ ਹਿੰਸਾ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਿੱਧੂ ਮੂਸੇਵਾਲਾ ਦਾ ਕਤਲ ਇਸ ਰੁਝਾਨ ਦੀ ਪ੍ਰਤੱਖ ਉਦਾਹਰਣ ਹੈ। ਚੰਡੀਗੜ੍ਹ ਨੂੰ ਲੰਮਾ ਸਮਾਂ ਅਜਿਹੀ ਅਰਾਜਕਤਾ ਤੋਂ ਸੁਰੱਖਿਅਤ ਮੰਨਿਆ ਜਾਂਦਾ ਸੀ, ਪਰ ਹੁਣ ਇਹ ਸਮੱਸਿਆ ਇੱਥੇ ਵੀ ਪੈਰ ਪਸਾਰਦੀ ਦਿਸਦੀ ਹੈ।
ਸੈਕਟਰ 9 ’ਚ ਹੋਏ ਕਤਲ ਨੇ ਸਾਲ 2017 ਵਿੱਚ ਹੋਏ ਅਕਾਂਕਸ਼ ਸੇਨ ਦੇ ਕਤਲ ਦੀਆਂ ਦੁਖਦਾਈ ਯਾਦਾਂ ਵੀ ਤਾਜ਼ਾ ਕਰਵਾ ਦਿੱਤੀਆਂ ਹਨ। ਇਹ ਵੀ ਹਾਈ-ਪ੍ਰੋਫਾਈਲ ਕੇਸ ਹੈ, ਜੋ ਨਿਆਂ ਮਿਲਣ ਵਿੱਚ ਦੇਰੀ ਹੋਣ ਕਾਰਨ ਹਾਲੇ ਵੀ ਲੋਕਾਂ ਨੂੰ ਵਿਸਰਿਆ ਨਹੀਂ। ਦੋਵੇਂ ਕੇਸਾਂ ਵਿਚਲੀਆਂ ਸਮਾਨਤਾਵਾਂ ਪ੍ਰੇਸ਼ਾਨ ਕਰਦੀਆਂ ਹਨ: ਦਿਨ ਦਿਹਾੜੇ ਕੀਤੇ ਗਏ ਅਪਰਾਧ, ਇਸ ਨੂੰ ਰੋਕ ਨਾ ਸਕਣ ਬਾਰੇ ਸਵਾਲ ਅਤੇ ਦੋਵਾਂ ਮਾਮਲਿਆਂ ’ਚ ਜਵਾਬਦੇਹੀ ਦੀ ਘਾਟ। ਕਾਤਲਾਂ ਦੀ ਨਿਡਰਤਾ ਫ਼ਿਕਰਮੰਦੀ ’ਚ ਪਾਉਂਦੀ ਹੈ। ਜਨਤਕ ਸਥਾਨ ਦੇ ਬਾਹਰ ਦਿਨ-ਦਿਹਾੜੇ ਕਿਸੇ ਨੂੰ ਕਤਲ ਕਰ ਦੇਣਾ ਇਹ ਦਰਸਾਉਂਦਾ ਹੈ ਕਿ ਅਪਰਾਧੀਆਂ ਦੇ ਮਨਾਂ ’ਚੋਂ ਕਾਨੂੰਨ ਦਾ ਡਰ ਭੈਅ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਅਪਰਾਧਾਂ ਨੂੰ ਰੋਕਣ ਦੀ ਸਮਰੱਥਾ ਕਾਫ਼ੀ ਘਟ ਗਈ ਜਾਪਦੀ ਹੈ। ਇਹ ਮਾਮਲਾ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ, ਪੁਲੀਸ ਤੇ ਹੋਰ ਸੁਰੱਖਿਆ ਏਜੰਸੀਆਂ ’ਚ ਤਾਲਮੇਲ ਅਤੇ ਅਜਿਹੇ ਹਮਲਿਆਂ ਨੂੰ ਪਹਿਲਾਂ ਤੋਂ ਹੀ ਅਸਫ਼ਲ ਕਰਨ ਦੀ ਸਮਰੱਥਾ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਹੁਣ ਢਿੱਲ-ਮੱਠ ਨਹੀਂ ਵਰਤ ਸਕਦਾ। ਪ੍ਰਸ਼ਾਸਨ ਨੂੰ ਸਿਰਫ਼ ਘਟਨਾ ਵਾਪਰਨ ਮਗਰੋਂ ਪੁਲੀਸ ਕਾਰਵਾਈਆਂ ਕਰਨ ਦੀ ਥਾਂ ਹੁਣ ਇੱਕ ਸਰਗਰਮ ਤੇ ਖ਼ੁਫ਼ੀਆ ਜਾਣਕਾਰੀ ਆਧਾਰਿਤ ਰਣਨੀਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਗਰੋਹਾਂ, ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇਣ ਵਾਲਿਆਂ ਅਤੇ ਹੋਰ ਸਾਥੀਆਂ ਨੂੰ ਕਾਬੂ ਕੀਤਾ ਜਾ ਸਕੇ। ਮਾਮਲੇ ਦੀ ਤੇਜ਼ੀ ਨਾਲ ਜਾਂਚ, ਪੁਲੀਸ ਦੀ ਨਫ਼ਰੀ ਵਧਾਉਣਾ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਨਿਆਂ ਦੇਣਾ ਸਿਰਫ਼ ਜਨਤਕ ਵਿਸ਼ਵਾਸ ਦੀ ਬਹਾਲੀ ਲਈ ਹੀ ਲਾਜ਼ਮੀ ਨਹੀਂ ਹੈ ਸਗੋਂ ਇਸ ਸ਼ਹਿਰ ਨੂੰ ਇੱਕ ਖ਼ਤਰਨਾਕ ਰਸਤੇ ’ਤੇ ਹੋਰ ਅੱਗੇ ਵਧਣ ਤੋਂ ਰੋਕਣ ਲਈ ਵੀ ਬਹੁਤ ਜ਼ਰੂਰੀ ਹੈ।

