ਭੋਜਨ ਸੁਰੱਖਿਆ
ਲਖਨਊ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਕੇਲੇ ਪਕਾਉਣ ਵਾਲੀਆਂ ਇਕਾਈਆਂ ਖ਼ਿਲਾਫ਼ ਕਾਰਵਾਈ ਕਰਨਾ ਅਤੇ ਤਿੰਨ ਫ਼ਲ ਕਾਰੋਬਾਰੀਆਂ ’ਤੇ ਮੁਕੱਦਮੇ ਚਲਾਉਣ ਦੀ ਪ੍ਰਕਿਰਿਆ ਇਸ ਗੱਲੋਂ ਸਵਾਗਤਯੋਗ ਹੈ ਕਿ ਭੋਜਨ ਸੁਰੱਖਿਆ ਐਕਟ ਲਾਗੂ ਕਰਨ ’ਚ ਤੇਜ਼ੀ ਆਈ ਹੈ। ਪਰ ਨਾਲ ਹੀ ਕਥਿਤ ਉਲੰਘਣਾ...
ਲਖਨਊ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਕੇਲੇ ਪਕਾਉਣ ਵਾਲੀਆਂ ਇਕਾਈਆਂ ਖ਼ਿਲਾਫ਼ ਕਾਰਵਾਈ ਕਰਨਾ ਅਤੇ ਤਿੰਨ ਫ਼ਲ ਕਾਰੋਬਾਰੀਆਂ ’ਤੇ ਮੁਕੱਦਮੇ ਚਲਾਉਣ ਦੀ ਪ੍ਰਕਿਰਿਆ ਇਸ ਗੱਲੋਂ ਸਵਾਗਤਯੋਗ ਹੈ ਕਿ ਭੋਜਨ ਸੁਰੱਖਿਆ ਐਕਟ ਲਾਗੂ ਕਰਨ ’ਚ ਤੇਜ਼ੀ ਆਈ ਹੈ। ਪਰ ਨਾਲ ਹੀ ਕਥਿਤ ਉਲੰਘਣਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਖ਼ਪਤਕਾਰਾਂ ਨੂੰ ਆਪਣੀ ਥਾਲੀ ’ਚ ਪੁੱਜਣ ਵਾਲੇ ਭੋਜਨ ’ਤੇ ਭਰੋਸਾ ਕਰਨ ਤੋਂ ਪਹਿਲਾਂ ਹੋਰ ਕੀ ਕੁਝ ਕਰਨਾ ਚਾਹੀਦਾ ਹੈ। ਲਖਨਊ ਵਿੱਚ ਅਧਿਕਾਰੀਆਂ ਨੂੰ 132 ਤੋਂ ਵੱਧ ਕੇਲਾ ਪਕਾਉਣ ਵਾਲੇ ਯੂਨਿਟਾਂ ’ਚ ਬੇਨਿਯਮੀਆਂ ਮਿਲੀਆਂ ਹਨ ਅਤੇ ਬਗ਼ੈਰ ਲਾਇਸੈਂਸ ਤੋਂ ਚੱਲ ਰਹੀਆਂ 25 ਇਕਾਈਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਗੁਣਵੱਤਾ ਮਾਪਦੰਡਾਂ ’ਤੇ ਖ਼ਰੇ ਨਾ ਉਤਰਨ ਵਾਲੇ ਪੰਜ ਕੁਇੰਟਲ ਕੇਲੇ ਨਸ਼ਟ ਕਰ ਦਿੱਤੇ ਗਏ ਹਨ। ਚਿੰਤਾ ਦਾ ਵਿਸ਼ਾ ਇਹ ਹੈ ਕਿ ਕੇਲੇ ਨੂੰ ਛੇਤੀ ਪਕਾਉਣ ਲਈ ਵਰਤਿਆ ਜਾਣ ਵਾਲਾ ਪਾਬੰਦੀਸ਼ੁਦਾ ਕੈਮੀਕਲ ਕੈਲਸ਼ੀਅਮ ਕਾਰਬਾਈਡ ਹੈ।
ਅਜਿਹੇ ਗ਼ੈਰ-ਕਾਨੂੰਨੀ ਢੰਗ-ਤਰੀਕੇ ਖ਼ਪਤਕਾਰਾਂ ਨੂੰ ਜੋਖਮ ਵਿੱਚ ਪਾਉਂਦੇ ਹਨ ਅਤੇ ਜਾਇਜ਼ ਵਪਾਰੀਆਂ ਦਾ ਮਾਲੀ ਨੁਕਸਾਨ ਕਰਦੇ ਹਨ। ਪ੍ਰਿਯਾਗੋਲਡ ਬਿਸਕੁਟ ਬਣਾਉਣ ਵਾਲੀ ਕੰਪਨੀ ਸੂਰਿਆ ਫੂਡ ਐਂਡ ਐਗਰੋ, ਡੋਡਲਾ ਡੇਅਰੀ ਅਤੇ ਯੂ ਈ ਆਈ ਆਰ ਆਰਗੈਨਿਕ ਫੂਡਜ਼ ਖ਼ਿਲਾਫ਼ ਐੱਫ ਐੱਸ ਐੱਸ ਏ ਆਈ ਦੀ ਕਾਰਵਾਈ ਸਾਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ। ਰੈਗੂਲੇਟਰੀ ਨੇ ਬਿਸਕੁਟ ਬਣਾਉਣ ਵਿੱਚ ਪਸ਼ੂਆਂ ਦੇ ਚਾਰੇ ਦਾ ਛਾਣ ਵਰਤੇ ਜਾਣ ਦਾ ਖੁਲਾਸਾ ਕੀਤਾ ਹੈ। ਡੋਡਲਾ ਡੇਅਰੀ ਦੇ ਘੱਟ ਵਸਾ (ਫੈਟ) ਵਾਲੇ ਦੁੱਧ ’ਚ ਡਿਟਰਜੈਂਟ ਜਾਂ ਕਾਸਟਿਕ ਸੋਢਾ ਮਿਲਾਇਆ ਜਾਂਦਾ ਸੀ, ਇਹ ਦੁੱਧ ਸਿਹਤ ਲਈ ਹਾਨੀਕਾਰ ਸੀ। ਇਸ ਤੋਂ ਇਲਾਵਾ ਪੀਲੇ ਰੰਗ ਦੀਆਂ ਦਾਖਾਂ ਵਿੱਚ ਕੀਟਨਾਸ਼ਕਾਂ ਦੇ ਕਣ ਵੀ ਦੇਖੇ ਗਏ ਹਨ। ਇਹ ਗੰਭੀਰ ਮਾਮਲਾ ਹੈ ਅਤੇ ਢੁਕਵੀਂ ਕਾਨੂੰਨੀ ਪ੍ਰਕਿਰਿਆ ਤਹਿਤ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਇਹ ਮਾਮਲਾ ਸਥਾਪਿਤ ਭੋਜਨ ਯੂਨਿਟਾਂ ’ਚ ਗੁਣਵੱਤਾ ਕੰਟਰੋਲ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਸਾਡੇ ਕੋਲ ਭੋਜਨ ਸੁਰੱਖਿਆ ਦਾ ਢਾਂਚਾ ਮੌਜੂਦ ਹੈ ਪਰ ਨਿਰੀਖਣ ਸਿਰਫ਼ ਸ਼ਿਕਾਇਤਾਂ ਮਿਲਣ ਜਾਂ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਨਹੀਂ ਹੋਣੇ ਚਾਹੀਦੇ। ਜਾਂਚ ਮਗਰੋਂ ਲੈਬਾਰਟਰੀਆਂ ’ਚ ਖੁਰਾਕੀ ਨਮੂਨਿਆਂ ਦੀ ਜਾਂਚ ਦੇ ਨਤੀਜਿਆਂ ਦਾ ਪਾਰਦਰਸ਼ੀ ਢੰਗ ਨਾਲ ਖੁਲਾਸਾ ਅਤੇ ਨੇਮਾਂ ਦੀ ਉਲੰਘਣਾ ਦੀ ਸੂਰਤ ’ਚ ਮੋਟੇ ਜੁਰਮਾਨੇ ਕੀਤੇ ਜਾਣੇ ਚਾਹੀਦੇ ਹਨ। ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਨੂੰ ਮਹਿਜ਼ ਜੁਰਮਾਨੇ ਕਰ ਕੇ ਜਾਂ ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਕੇ ਹੀ ਨਹੀਂ ਛੱਡਿਆ ਜਾ ਸਕਦਾ। ਇਹ ਬਦਲਾਅ ਹਕੀਕਤ ਵਿੱਚ ਹੋਣਾ ਚਾਹੀਦਾ ਹੈ। ਛੋਟੇ ਵਪਾਰੀਆਂ ਨੂੰ ਸਹੀ ਸੇਧ ਦੇਣਾ ਅਤੇ ਛੋਟੀਆਂ-ਮੋਟੀਆਂ ਖਾਮੀਆਂ ਨੂੰ ਸੁਧਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਜਾਣਬੁੱਝ ਕੇ ਮਿਲਾਵਟ ਅਤੇ ਗੰਭੀਰ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸਪਲਾਈ ਚੇਨਾਂ ਵਿੱਚ ਸਮੱਗਰੀ ਦੀ ਪੂਰੀ ਪੜਤਾਲ ਅਤੇ ਜਾਣਕਾਰੀ ਦੇਣ ਵਾਲਿਆਂ ਦੀ ਸੁਰੱਖਿਆ, ਜ਼ਹਿਰੀਲੇ ਭੋਜਨ ਦੇ ਖ਼ਪਤਕਾਰਾਂ ਤੱਕ ਪਹੁੰਚਣ ਤੋਂ ਪਹਿਲਾਂ ਸਮੱਸਿਆ ਦਾ ਪਤਾ ਲਾਉਣ ਵਿੱਚ ਮਦਦ ਕਰ ਸਕਦੀ ਹੈ। ਭੋਜਨ ਸੁਰੱਖਿਆ ਹਰ ਪਰਿਵਾਰ ਪ੍ਰਤੀ ਇੱਕ ਜ਼ਿੰਮੇਵਾਰੀ ਹੈ। ਹਾਲੀਆ ਕਾਰਵਾਈਆਂ ਦਾ ਸਮਰਥਨ ਕਰਨਾ ਬਣਦਾ ਹੈ ਪਰ ਅਸਲ ਪੈਮਾਨਾ ਲਗਾਤਾਰ ਚੌਕਸੀ, ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਮੁਕੱਦਮੇ ਚਲਾਉਣੇ ਅਤੇ ਸੁਰੱਖਿਅਤ ਭੋਜਨ ਹੋਣਾ ਚਾਹੀਦਾ ਹੈ।

