ਖਾਧ ਪਦਾਰਥਾਂ ਬਾਰੇ ਵਿਵਾਦ

ਖਾਧ ਪਦਾਰਥਾਂ ਬਾਰੇ ਵਿਵਾਦ

ਲੰਡਨ ਤੋਂ ਛਪਦੇ ਅਖ਼ਬਾਰ ‘ਫਾਈਨੈਂਸ਼ੀਅਲ ਟਾਈਮਜ਼’ ਅਨੁਸਾਰ ਸੁੱਕਾ ਦੁੱਧ, ਨੂਡਲਜ਼ ਅਤੇ ਹੋਰ ਖਾਧ ਪਦਾਰਥ ਬਣਾਉਣ ਵਾਲੀ ਵੱਡੀ ਕਾਰਪੋਰੇਟ ਕੰਪਨੀ ਦੁਆਰਾ ਬਣਾਏ ਗਏ ਕਈ ਖਾਧ ਪਦਾਰਥ ਆਸਟਰੇਲੀਆ ਦੀ ਸਰਕਾਰ ਦੁਆਰਾ ਬਣਾਏ ਸਿਹਤ ਦੇ ਮਾਪਦੰਡਾਂ ’ਤੇ ਪੂਰੇ ਨਹੀਂ ਉੱਤਰਦੇ। ਇਹ ਕੰਪਨੀ ਨੂਡਲਜ਼, ਚਾਕਲੇਟ ਅਤੇ ਕਈ ਹੋਰ ਤਰ੍ਹਾਂ ਦੇ ਖਾਧ ਪਦਾਰਥ ਬਣਾਉਂਦੀ ਹੈ। ਇਨ੍ਹਾਂ ਕਮੀਆਂ ਬਾਰੇ ਕੰਪਨੀ ਦੀ ਆਪਣੀ ਅੰਦਰੂਨੀ ਕਮੇਟੀ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਖਾਧ ਪਦਾਰਥਾਂ ਵਿਚ ਕਾਫ਼ੀ ਸੁਧਾਰ ਕੀਤਾ ਹੈ।

ਖਾਧ ਪਦਾਰਥਾਂ ਸਬੰਧੀ ਕਈ ਤਰ੍ਹਾਂ ਦੇ ਵਾਦ-ਵਿਵਾਦ ਹੁੰਦੇ ਰਹੇ ਹਨ। ਮਨੁੱਖ ਤਰ੍ਹਾਂ ਤਰ੍ਹਾਂ ਦੇ ਸੁਆਦਲੇ ਖਾਣੇ ਖਾਣਾ ਚਾਹੁੰਦਾ ਹੈ ਅਤੇ ਇਹ ਵੀ ਚਾਹੁੰਦਾ ਹੈ ਕਿ ਉਹ ਸਿਹਤਮੰਦ ਹੋਣ। ਖਾਧ ਪਦਾਰਥਾਂ ਦੇ ਬਣਾਉਣ ਅਤੇ ਵਿਕਰੀ ਵਿਚ ਵੱਡੀ ਮੁਸ਼ਕਿਲ ਉਨ੍ਹਾਂ ਦੀ ਗੁਣਾਤਮਿਕਤਾ ਨੂੰ ਲੰਮੇ ਸਮੇਂ ਤਕ ਬਣਾਈ ਰੱਖਣਾ ਹੁੰਦੀ ਹੈ ਕਿਉਂਕਿ ਖਾਧ ਪਦਾਰਥ ਬਣਦੇ ਤਾਂ ਕਣਕ, ਚੌਲ, ਮੱਕੀ, ਦੁੱਧ ਅਤੇ ਕਈ ਹੋਰ ਬੁਨਿਆਦੀ ਪਦਾਰਥਾਂ ਤੋਂ ਹਨ ਪਰ ਉਨ੍ਹਾਂ ਨੂੰ ਲੰਮੇ ਸਮੇਂ ਤਕ ਖਾਣਯੋਗ ਰੱਖਣ ਲਈ ਉਨ੍ਹਾਂ ਵਿਚ ਕੈਮੀਕਲ ਆਦਿ ਪਾਉਣੇ ਪੈਂਦੇ ਹਨ। ਕੰਪਨੀਆਂ ਸੁਆਦ ਵਧਾਉਣ ਲਈ ਵੀ ਕਈ ਕੈਮੀਕਲਜ਼ ਦੀ ਵਰਤੋਂ ਕਰਦੀਆਂ ਹਨ। ਇਹ ਕੰਪਨੀਆਂ ਕਿਸਾਨਾਂ ਤੋਂ ਵੱਡੀ ਮਾਤਰਾ ’ਚ ਅਨਾਜ, ਦੁੱਧ ਆਦਿ ਖਰੀਦ ਕੇ ਉਨ੍ਹਾਂ ਨੂੰ ਆਪਣੇ ਖਾਧ ਪਦਾਰਥਾਂ ਵਿਚ ਇਸਤੇਮਾਲ ਕਰਦੀਆਂ ਹਨ ਅਤੇ ਇਸ ਤਰ੍ਹਾਂ ਖੇਤੀ ਖੇਤਰ ਦੇ ਅਰਥਚਾਰੇ ਵਿਚ ਇਨ੍ਹਾਂ ਦਾ ਵੱਡਾ ਦਖ਼ਲ ਹੈ।

ਦੁਨੀਆ ਵਿਚ ਇਹ ਬਹਿਸ ਹਮੇਸ਼ਾਂ ਬਣੀ ਰਹਿਣੀ ਹੈ ਕਿ ਕਿਸ ਤਰ੍ਹਾਂ ਦੇ ਖਾਧ ਪਦਾਰਥ ਮਨੁੱਖੀ ਸਿਹਤ ਲਈ ਫ਼ਾਇਦੇਮੰਦ ਹਨ ਅਤੇ ਕਿਸ ਤਰ੍ਹਾਂ ਦੇ ਖਾਣੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕਾਰਪੋਰੇਟ ਕੰਪਨੀਆਂ ਹਮੇਸ਼ਾਂ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦੇ ਬਣਾਏ ਖਾਧ ਪਦਾਰਥ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਹੀਂ ਜਦੋਂਕਿ ਕਈ ਖੋਜਾਂ ਵਿਚ ਇਹ ਸਿੱਧ ਹੁੰਦਾ ਹੈ ਕਿ ਬਣਾਵਟੀ ਤੌਰ ’ਤੇ ਬਣਾਏ ਗਏ ਖਾਧ ਪਦਾਰਥ, ਖ਼ਾਸ ਕਰ ਕੇ ਜਦ ਉਹ ਜ਼ਿਆਦਾ ਮਾਤਰਾ ਵਿਚ ਖਾਧੇ ਜਾਣ, ਤਾਂ ਨੁਕਸਾਨਦੇਹ ਸਾਬਿਤ ਹੋ ਸਕਦੇ ਹਨ। ਇਸ ਸਬੰਧ ਵਿਚ ਸਰਕਾਰਾਂ ਦੀ ਭੂਮਿਕਾ ਫ਼ੈਸਲਾਕੁਨ ਹੋ ਜਾਂਦੀ ਹੈ ਕਿ ਉਹ ਕੰਪਨੀਆਂ ਦੁਆਰਾ ਬਣਾਏ ਗਏ ਖਾਧ ਪਦਾਰਥਾਂ ’ਤੇ ਨਜ਼ਰ ਰੱਖਣ। ਖਾਧ ਪਦਾਰਥਾਂ ਤੋਂ ਬਿਨਾਂ ਕਈ ਕੰਪਨੀਆਂ ਦੁਆਰਾ ਬਣਾਈਆਂ ਮਨੁੱਖੀ ਚਮੜੀ ਤੇ ਵਾਲਾਂ ਨੂੰ ਖ਼ੂਬਸੂਰਤ ਬਣਾਉਣ ਵਾਲੀਆਂ ਵਸਤਾਂ ਜਿਨ੍ਹਾਂ ਵਿਚ ਸਾਬਣ, ਕਰੀਮਾਂ, ਲਿਪਸਟਿਕ, ਤੇਲ ਆਦਿ ਸ਼ਾਮਿਲ ਹਨ, ਵੀ ਵਿਵਾਦਾਂ ਦੇ ਘੇਰੇ ਵਿਚ ਰਹੀਆਂ ਹਨ। ਮੌਜੂਦਾ ਆਰਥਿਕ ਬਣਤਰ ਦੇ ਆਧਾਰ ’ਤੇ, ਨੇੜੇ ਦੇ ਭਵਿੱਖ ’ਚ ਅਜਿਹੀਆਂ ਕੰਪਨੀਆਂ ਦੀ ਸਬੰਧਿਤ ਖੇਤਰਾਂ ’ਤੇ ਪਕੜ ਟੁੱਟਣ ਦੀ ਕੋਈ ਉਮੀਦ ਨਹੀਂ ਹੈ। ਅਜਿਹੇ ਹਾਲਾਤ ਵਿਚ ਸਰਕਾਰਾਂ ਅਤੇ ਸਰਕਾਰੀ ਵਿਗਿਆਨਕ ਸੰਸਥਾਵਾਂ ਦਾ ਫਰਜ਼ ਬਣਦਾ ਹੈ ਕਿ ਅਜਿਹੀਆਂ ਸਭ ਵਸਤਾਂ ’ਤੇ ਲਗਾਤਾਰ ਨਿਗਾਹਬਾਨੀ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All