DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੱਦਾਖ ਦੇ ਪੰਜ ਨਵੇਂ ਜ਼ਿਲ੍ਹੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੱਦਾਖ ਦੌਰੇ ਤੋਂ ਐਨ ਪਹਿਲਾਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪੰਜ ਨਵੇਂ ਜ਼ਿਲ੍ਹੇ ਮਿਲ ਗਏ ਹਨ। ਇਸ ਵਿਸ਼ਾਲ ਪਰ ਪੇਂਡੂ ਤੇ ਘੱਟ ਆਬਾਦੀ ਵਾਲੇ ਖੇਤਰ ਵਿੱਚ ਜ਼ਿਲ੍ਹਿਆਂ ਦੀ ਗਿਣਤੀ ਦੋ (ਲੇਹ ਅਤੇ ਕਾਰਗਿਲ) ਤੋਂ...

  • fb
  • twitter
  • whatsapp
  • whatsapp
Advertisement
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੱਦਾਖ ਦੌਰੇ ਤੋਂ ਐਨ ਪਹਿਲਾਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪੰਜ ਨਵੇਂ ਜ਼ਿਲ੍ਹੇ ਮਿਲ ਗਏ ਹਨ। ਇਸ ਵਿਸ਼ਾਲ ਪਰ ਪੇਂਡੂ ਤੇ ਘੱਟ ਆਬਾਦੀ ਵਾਲੇ ਖੇਤਰ ਵਿੱਚ ਜ਼ਿਲ੍ਹਿਆਂ ਦੀ ਗਿਣਤੀ ਦੋ (ਲੇਹ ਅਤੇ ਕਾਰਗਿਲ) ਤੋਂ ਵਧਾ ਕੇ ਸੱਤ ਕਰਨਾ ਇੱਕ ਵੱਡਾ ਕਦਮ ਹੈ। ਨੁਬਰਾ, ਜ਼ੰਸਕਾਰ ਅਤੇ ਚਾਂਗਥਾਂਗ ਵਰਗੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਲੋਕਾਂ ਨੂੰ ਬੁਨਿਆਦੀ ਜਨਤਕ ਸੇਵਾਵਾਂ ਲਈ ਵੱਡੀਆਂ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਸੀ। ਇਹ ਜ਼ਿਲ੍ਹੇ ਇਹ ਸੋਚ ਕੇ ਬਣਾਏ ਗਏ ਹਨ ਕਿ ਛੋਟੀਆਂ ਪ੍ਰਸ਼ਾਸਨਿਕ ਇਕਾਈਆਂ ਬਣਨ ਨਾਲ ਅਧਿਕਾਰੀ ਲੋਕਾਂ ਦੇ ਨੇੜੇ ਹੋਣਗੇ ਅਤੇ ਲੋਕ-ਭਲਾਈ ਦੀਆਂ ਸਕੀਮਾਂ ਤੇਜ਼ੀ ਨਾਲ ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾ ਸਕਣਗੀਆਂ। ਨਵੇਂ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਮੁਖੀਆਂ ਦੀ ਤੁਰੰਤ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਕਿ ਪ੍ਰਸ਼ਾਸਨਿਕ ਕੰਮਕਾਜ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।ਇਹ ਵੀ ਹਕੀਕਤ ਹੈ ਕਿ ਮਹਿਜ਼ ਪ੍ਰਸ਼ਾਸਨਿਕ ਫੇਰਬਦਲ ਨਾਲ ਸਥਾਨਕ ਲੋਕ ਸੰਤੁਸ਼ਟ ਨਹੀਂ ਹੋਣਗੇ। ਲੱਦਾਖ ਦੀਆਂ ਚੁਣੌਤੀਆਂ ਸਿਰਫ਼ ਅਫ਼ਸਰਸ਼ਾਹੀ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਡੂੰਘੇ ਰੂਪ ਵਿੱਚ ਸਿਆਸੀ, ਆਰਥਿਕ ਅਤੇ ਵਾਤਾਵਰਨਕ ਸਥਿਤੀ ਨਾਲ ਜੁੜੀਆਂ ਹੋਈਆਂ ਹਨ। ਲੇਹ ਏਪੈਕਸ ਬਾਡੀ (ਐੱਲ ਏ ਬੀ) ਅਤੇ ਕਾਰਗਿਲ ਡੈਮੋਕ੍ਰੈਟਿਕ ਅਲਾਇੰਸ (ਕੇ ਡੀ ਏ) ਸਮੇਤ ਸਥਾਨਕ ਜਥੇਬੰਦੀਆਂ ਸੰਵਿਧਾਨ ਦੀ ਛੇਵੀਂ ਅਨੁਸੂਚੀ ਤਹਿਤ ਸੂਬੇ ਦੇ ਦਰਜੇ ਅਤੇ ਸੰਵਿਧਾਨਕ ਸੁਰੱਖਿਆ ਦੀ ਮੰਗ ਲਗਾਤਾਰ ਕਰ ਰਹੀਆਂ ਹਨ। ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਸਿੱਧੀ ਅਤੇ ਫ਼ੈਸਲਾਕੁਨ ਪੱਧਰ ਦੀ ਗੱਲਬਾਤ ਦੀ ਮੰਗ ਕੀਤੀ ਹੈ। ਉਹ 22 ਮਈ ਨੂੰ ਹੋਣ ਵਾਲੀ ਸਬ-ਕਮੇਟੀ ਦੀ ਮੀਟਿੰਗ ਨੂੰ ਖੇਤਰ ਦੇ ਲੰਮੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦੇ ਹੱਲ ਲਈ ਨਾਕਾਫ਼ੀ ਮੰਨਦੇ ਹਨ। ਲੱਦਾਖੀ ਕਾਰਕੁਨ ਸੋਨਮ ਵਾਂਗਚੁਕ, ਜਿਨ੍ਹਾਂ ਨੂੰ ਸਰਕਾਰ ਨੇ ਪਿਛਲੇ ਮਹੀਨੇ ਲਗਪਗ ਛੇ ਮਹੀਨਿਆਂ ਦੀ ਹਿਰਾਸਤ ਤੋਂ ਬਾਅਦ ਰਿਹਾਅ ਕੀਤਾ ਸੀ, ਵੀ ਇਸੇ ਹੱਕ ਵਿੱਚ ਹਨ ਕਿ ਅਮਿਤ ਸ਼ਾਹ ਦੇ ਦੌਰੇ ਦੌਰਾਨ ਕੋਈ ਠੋਸ ਅਤੇ ਉਸਾਰੂ ਗੱਲਬਾਤ ਸਿਰੇ ਚੜ੍ਹੇ।

ਕੇਂਦਰ ਸਰਕਾਰ ਨੇ ਲੱਦਾਖ ਦੇ ਵਿਕਾਸ ਲਈ ਆਪਣੀ ਪ੍ਰਤੀਬੱਧਤਾ ਨੂੰ ਵਾਰ-ਵਾਰ ਦੁਹਰਾਇਆ ਹੈ, ਭਾਵੇਂ ਕਿ ਉਹ ਸੂਬੇ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਤਹਿਤ ਸ਼ਾਮਿਲ ਕਰਨ ਦੀਆਂ ਮੁੱਖ ਮੰਗਾਂ ’ਤੇ ਚੁੱਪ ਧਾਰੀ ਬੈਠੀ ਹੈ। ਸੈਰ-ਸਪਾਟਾ ਖੇਤਰ ਵਿੱਚ ਨਿਯਮਾਂ ਨੂੰ ਨਰਮ ਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਵਰਗੇ ਸੁਧਾਰ ਇੱਕ ਜ਼ੋਰਦਾਰ ਆਰਥਿਕ ਹੁਲਾਰੇ ਦਾ ਸੰਕੇਤ ਦਿੰਦੇ ਹਨ। ਨਵੀਂ ਪ੍ਰਸ਼ਾਸਨਿਕ ਕਵਾਇਦ ਨੂੰ ਲੈ ਕੇ ਬਣੀ ਉਮੀਦ ਤਾਂ ਹੀ ਸਾਰਥਕ ਸਿੱਧ ਹੋਵੇਗੀ, ਜੇਕਰ ਇਹ ਸਰਬ-ਪੱਖੀ ਵਿਕਾਸ, ਬਿਹਤਰ ਸ਼ਾਸਨ ਅਤੇ ਅਰਥਪੂਰਨ ਸਿਆਸੀ ਭਾਈਵਾਲੀ ਵੱਲ ਲੈ ਕੇ ਜਾਵੇ। ਦਰਅਸਲ, ਸਰਕਾਰ ਅਸਲ ਸਥਿਤੀ ਨੂੰ ਅਣਗੌਲਿਆ ਨਹੀਂ ਕਰ ਸਕਦੀ। ਲੱਦਾਖ ਦੀ ਰਣਨੀਤਕ ਮਹੱਤਤਾ ਨੂੰ ਦੇਖਦਿਆਂ ਇੱਥੇ ਸ਼ਾਂਤੀ ਬਣਾਈ ਰੱਖਣਾ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ​​ਕਰਨਾ ਬੇਹੱਦ ਲਾਜ਼ਮੀ ਹੈ। ਸਤੰਬਰ 2025 ਵਿੱਚ ਹੋਏ ਹਿੰਸਕ ਪ੍ਰਦਰਸ਼ਨ ਸਭ ਦੀਆਂ ਅੱਖਾਂ ਖੋਲ੍ਹਣ ਵਾਲੇ ਸਨ। ਇਸ ਲਈ ਲੱਦਾਖ ਦੇ ਲੋਕਾਂ ਦੀਆਂ ਉਮੀਦਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ।

Advertisement

Advertisement

Advertisement
×