ਫੀਫਾ ਦੇ ਵਿਵਾਦ ਤੇ ਰੋਮਾਂਚ
ਇਹ ਫੁੱਟਬਾਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸ਼ਾਇਦ ਪਿਛਲੇ ਕੁਝ ਦਹਾਕਿਆਂ ਦਾ ਸਭ ਤੋਂ ਵੱਧ ਵਿਵਾਦਾਂ ਵਿੱਚ ਰਹਿਣ ਵਾਲਾ ਵਿਸ਼ਵ ਕੱਪ ਸੀ। ਤਿੰਨ ਮੇਜ਼ਬਾਨ ਮੁਲਕਾਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਖੇਡੇ ਗਏ ਇਸ ਟੂਰਨਾਮੈਂਟ ਵਿੱਚ 48 ਟੀਮਾਂ ਸ਼ਾਮਲ...
ਇਹ ਫੁੱਟਬਾਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸ਼ਾਇਦ ਪਿਛਲੇ ਕੁਝ ਦਹਾਕਿਆਂ ਦਾ ਸਭ ਤੋਂ ਵੱਧ ਵਿਵਾਦਾਂ ਵਿੱਚ ਰਹਿਣ ਵਾਲਾ ਵਿਸ਼ਵ ਕੱਪ ਸੀ। ਤਿੰਨ ਮੇਜ਼ਬਾਨ ਮੁਲਕਾਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਖੇਡੇ ਗਏ ਇਸ ਟੂਰਨਾਮੈਂਟ ਵਿੱਚ 48 ਟੀਮਾਂ ਸ਼ਾਮਲ ਸਨ ਅਤੇ ਕੁੱਲ 104 ਮੈਚ ਹੋਏ। ਇਸ ਨੇ ਜਿੱਥੇ ਇੱਕ ਪਾਸੇ ਦੁਨੀਆ ਭਰ ਵਿੱਚ ਫੁੱਟਬਾਲ ਦੀ ਮਕਬੂਲੀਅਤ ਨੂੰ ਦਿਖਾਇਆ ਉੱਥੇ ਹੀ ਖੇਡ ਦੇ ਭਵਿੱਖ ’ਤੇ ਕਈ ਸਵਾਲ ਵੀ ਖੜ੍ਹੇ ਕੀਤੇ। ਸਪੇਨ ਨੇ ਇੱਕ ਫਿੱਕੇ ਰਹੇ ਫਾਈਨਲ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ 1-0 ਨਾਲ ਹਰਾ ਕੇ 16 ਸਾਲਾਂ ਵਿੱਚ ਦੂਜੀ ਵਾਰ ਖ਼ਿਤਾਬ ਆਪਣੇ ਨਾਮ ਕੀਤਾ। ਦੂਜੇ ਪਾਸੇ ਤੀਜੇ ਸਥਾਨ ਲਈ ਹੋਇਆ ਮੁਕਾਬਲਾ ਬਿਲਕੁਲ ਉਲਟ ਰਿਹਾ। ਟੂਰਨਾਮੈਂਟ ਦੀਆਂ ਦੋ ਸਭ ਤੋਂ ਧੱਕੜ ਟੀਮਾਂ ਇੰਗਲੈਂਡ ਅਤੇ ਫ਼ਰਾਂਸ ਵਿਚਕਾਰ ਹੋਇਆ ਇਹ ਮੈਚ ਸਾਹ ਰੋਕ ਦੇਣ ਵਾਲਾ ਅਤੇ ਯਾਦਗਾਰੀ ਰਿਹਾ, ਜਿਸ ਵਿੱਚ ਇੰਗਲੈਂਡ ਨੇ 6-4 ਨਾਲ ਬਾਜ਼ੀ ਮਾਰੀ। ਇਸ ਵਿਸ਼ਵ ਕੱਪ ਨੇ ਕੇਪ ਵਰਡੇ, ਕਾਂਗੋ (ਡੀਆਰਸੀ) ਅਤੇ ਕੁਰਾਸਾਓ ਵਰਗੇ ਛੋਟੇ ਦੇਸ਼ਾਂ ਦੀਆਂ ਦਿਲ ਖਿੱਚਵੀਆਂ ਅਤੇ ਪ੍ਰੇਰਨਾਦਾਇਕ ਕਹਾਣੀਆਂ ਵੀ ਸਾਹਮਣੇ ਲਿਆਂਦੀਆਂ, ਜਿਨ੍ਹਾਂ ਨੇ ਵੱਡੀਆਂ ਟੀਮਾਂ ਨੂੰ ਤਕੜੀ ਟੱਕਰ ਦਿੱਤੀ। ਜਿੱਥੇ ਕਿਲੀਅਨ ਐਮਬਾਪੇ ਅਤੇ ਲਿਓਨਲ ਮੈਸੀ ਵਰਗੇ ਮਹਾਨ ਖਿਡਾਰੀਆਂ ਨੇ ਇੱਕ ਵਾਰ ਫਿਰ ਦੁਨੀਆ ਦੇ ਇਸ ਸਭ ਤੋਂ ਵੱਡੇ ਮੰਚ ’ਤੇ ਆਪਣੀ ਚਮਕ ਬਿਖੇਰੀ, ਉੱਥੇ ਹੀ ਕ੍ਰਿਸਟੀਆਨੋ ਰੋਨਾਲਡੋ ਲਈ ਇਹ ਸਫ਼ਰ ਇੱਕ ਵਾਰ ਫਿਰ ਨਿਰਾਸ਼ਾਜਨਕ ਅਤੇ ਹੰਝੂਆਂ ਭਰਿਆ ਰਿਹਾ।
ਇਸ ਟੂਰਨਾਮੈਂਟ ਵਿੱਚ ਵਿਵਾਦਾਂ ਅਤੇ ਮਤਭੇਦਾਂ ਦੀ ਵੀ ਕੋਈ ਕਮੀ ਨਹੀਂ ਰਹੀ। ਫੀਫਾ ਵੱਲੋਂ ਤਕਨਾਲੋਜੀ ’ਤੇ ਵਧਦੀ ਨਿਰਭਰਤਾ ਖ਼ਾਸ ਕਰਕੇ ਬਹੁਤੀ ਭਰੋਸੇਮੰਦ ਨਾ ਰਹਿਣ ਵਾਲੀ ਵੀਡੀਓ ਅਸਿਸਟੈਂਟ ਰੈਫ਼ਰੀ (ਵੀ ਏ ਆਰ) ਪ੍ਰਣਾਲੀ ਨੇ ਕਈ ਖਿਡਾਰੀਆਂ, ਕੋਚਾਂ ਅਤੇ ਦਰਸ਼ਕਾਂ ਵਿੱਚ ਭਾਰੀ ਰੋਸ ਪੈਦਾ ਕੀਤਾ। ਮੈਚ ਦੌਰਾਨ ਜ਼ਬਰਦਸਤੀ ਦਿੱਤੇ ਜਾਣ ਵਾਲੇ ਹਾਈਡ੍ਰੇਸ਼ਨ ਬਰੇਕ (ਪਾਣੀ ਪੀਣ ਦੇ ਵਕਫ਼ੇ) ’ਤੇ ਵੀ ਖ਼ੂਬ ਹੰਗਾਮਾ ਹੋਇਆ; ਇਹ ਬਰੇਕਾਂ ਅਮਰੀਕੀ ਖੇਡਾਂ ਵਿੱਚ ਦੇਖੇ ਜਾਣ ਵਾਲੇ ਟੈਕਟੀਕਲ ਟਾਈਮਆਊਟਸ ਵਰਗੀਆਂ ਲੱਗਦੀਆਂ ਸਨ, ਜਿਨ੍ਹਾਂ ਨੇ ਖੇਡ ਦੀ ਰਫ਼ਤਾਰ ਨੂੰ ਤਾਂ ਭੰਗ ਕੀਤਾ ਹੀ ਨਾਲ ਹੀ ਵਪਾਰਕ ਇਸ਼ਤਿਹਾਰਾਂ ਲਈ ਵਾਧੂ ਮੌਕੇ ਵੀ ਪੈਦਾ ਕਰ ਦਿੱਤੇ।
ਇਸ ਦੌਰਾਨ ਇਹ ਲਾਜ਼ਮੀ ਹੀ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ। ਉਨ੍ਹਾਂ ਨੇ ਫੀਫਾ ਮੁਖੀ ਜਿਆਨੀ ਇੰਫੈਂਟੀਨੋ ਨੂੰ ਫ਼ੋਲਾਰਿਨ ਬਾਲੋਗਨ ਨੂੰ ਮਿਲੇ ਰੈੱਡ ਕਾਰਡ ਦੀ ਨਜ਼ਰਸਾਨੀ ਕਰਨ ਲਈ ਕਿਹਾ। ਨਤੀਜੇ ਵਜੋਂ ਇੱਕ ਮੈਚ ਦੀ ਪਾਬੰਦੀ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਬਾਲੋਗਨ ਅੰਤਿਮ-16 ਦੇ ਮੁਕਾਬਲੇ ਵਿੱਚ ਖੇਡਿਆ ਪਰ ਇਸ ਗ਼ੈਰ-ਵਾਜਬ ਦਖ਼ਲਅੰਦਾਜ਼ੀ ਦੇ ਬਾਵਜੂਦ ਅਮਰੀਕਾ ਨੂੰ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਤੋਂ ਬਚਾਇਆ ਨਾ ਜਾ ਸਕਿਆ। ਇਹੀ ਕਾਰਨ ਸੀ ਕਿ ਜਦੋਂ ਟਰੰਪ ਅਤੇ ਇੰਫੈਂਟੀਨੋ ਇਨਾਮ ਵੰਡ ਸਮਾਰੋਹ ਲਈ ਮੈਦਾਨ ਵਿੱਚ ਉੱਤਰੇ ਤਾਂ ਦਰਸ਼ਕਾਂ ਨੇ ਨਾਅਰੇਬਾਜ਼ੀ ਕਰਕੇ ਦੋਵਾਂ ਖ਼ਿਲਾਫ਼ ਆਪਣੀ ਭਾਰੀ ਨਾਰਾਜ਼ਗੀ ਜ਼ਾਹਿਰ ਕੀਤੀ। ਅਗਾਂਹ ਵੱਲ ਵਧਦਿਆਂ ਫੀਫਾ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਨਵੀਆਂ ਕਾਢਾਂ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਨਾ ਕਿ ਇਸ ਦੀ ਰੂਹ ਨੂੰ ਹੀ ਖ਼ਤਮ ਕਰ ਦੇਣ। ਅਸਲ ਚੁਣੌਤੀ ਉਸ ਬੁਨਿਆਦੀ ਮਜ਼ੇ ਅਤੇ ਖਿੱਚ ਨੂੰ ਬਚਾ ਕੇ ਰੱਖਣ ਦੀ ਹੈ ਜੋ ਫੁੱਟਬਾਲ ਨੂੰ ਦੁਨੀਆ ਦੀ ਸਭ ਤੋਂ ਹਰਮਨ-ਪਿਆਰੀ ਖੇਡ ਬਣਾਉਂਦੀ ਹੈ।

