DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਿਉਹਾਰਾਂ ਦਾ ਪ੍ਰਦੂਸ਼ਣ

ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਸੁਪਰੀਮ ਕੋਰਟ ਦੀ ਇਹ ਟਿੱਪਣੀ ਅਦਾਲਤੀ ਹੁਕਮਾਂ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿਚਲੇ ਵੱਡੇ ਫ਼ਰਕ ਨੂੰ ਬਿਆਨ ਕਰਦੀ ਹੈ ਕਿ ਪਟਾਕਿਆਂ ਬਾਰੇ ਉਨ੍ਹਾਂ ਦੇ ਹੁਕਮਾਂ ਦੀ ‘ਸ਼ਰ੍ਹੇਆਮ ਉਲੰਘਣਾ’ ਹੋ...

  • fb
  • twitter
  • whatsapp
  • whatsapp
Advertisement

ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਸੁਪਰੀਮ ਕੋਰਟ ਦੀ ਇਹ ਟਿੱਪਣੀ ਅਦਾਲਤੀ ਹੁਕਮਾਂ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿਚਲੇ ਵੱਡੇ ਫ਼ਰਕ ਨੂੰ ਬਿਆਨ ਕਰਦੀ ਹੈ ਕਿ ਪਟਾਕਿਆਂ ਬਾਰੇ ਉਨ੍ਹਾਂ ਦੇ ਹੁਕਮਾਂ ਦੀ ‘ਸ਼ਰ੍ਹੇਆਮ ਉਲੰਘਣਾ’ ਹੋ ਰਹੀ ਹੈ। ਅਦਾਲਤ ਦਾ ਇਹ ਕਹਿਣਾ ਬਿਲਕੁਲ ਸਹੀ ਤੇ ਸੁਭਾਵਿਕ ਹੈ ਕਿਉਂਕਿ ਸਾਲ-ਦਰ-ਸਾਲ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਪਰ ਨਿਯਮਾਂ ਦੀ ਉਲੰਘਣਾ ਜਾਰੀ ਰਹਿੰਦੀ ਹੈ ਅਤੇ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਦੇ ਲੋਕ ਸਾਹ ਲੈਣ ਲਈ ਤਰਸ ਜਾਂਦੇ ਹਨ। ਇੱਥੇ ਮਸਲਾ ਲੋਕਾਂ ਦੀ ਦੀਵਾਲੀ ਦੀ ਖ਼ੁਸ਼ੀ ਖੋਹਣ ਦਾ ਨਹੀਂ ਹੈ। ਸੁਪਰੀਮ ਕੋਰਟ ਨੇ ਬਿਲਕੁਲ ਸਹੀ ਆਖਿਆ ਹੈ ਕਿ ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਬਾਰੂਦ ਦਾ ਨਹੀਂ। ਅਸਲ ਚਿੰਤਾ ਪਟਾਕਿਆਂ ਦੀ ਅੰਨ੍ਹੇਵਾਹ ਵਰਤੋਂ ਹੈ, ਜੋ ਕਿ ਗੱਡੀਆਂ ਦੇ ਧੂੰਏਂ, ਉਸਾਰੀ ਦੇ ਗਰਦ ਗ਼ੁਬਾਰ, ਕਾਰਖ਼ਾਨਿਆਂ ਦੇ ਪ੍ਰਦੂਸ਼ਣ ਅਤੇ ਪਰਾਲੀ ਨੂੰ ਅੱਗ ਲਗਾਉਣ ਜਿਹੇ ਕਈ ਕਾਰਨਾਂ ਕਰਕੇ ਪਹਿਲਾਂ ਹੀ ਜ਼ਹਿਰੀਲੀ ਹੋ ਚੁੱਕੀ ਫਿਜ਼ਾ ਵਿੱਚ ਹੋਰ ਜ਼ਹਿਰ ਘੋਲ ਦਿੰਦੀ ਹੈ। ਛੋਟੇ ਬੱਚੇ, ਬਜ਼ੁਰਗ ਅਤੇ ਸਾਹ ਦੀ ਬਿਮਾਰੀ ਤੋਂ ਪੀੜਤ ਲੋਕ ਇਸ ਖ਼ਤਰਨਾਕ ਧੂੰਏਂ ਦਾ ਸਭ ਤੋਂ ਵੱਡਾ ਸ਼ਿਕਾਰ ਬਣਦੇ ਹਨ।

ਹਾਨੀਕਾਰਕ ਰਸਾਇਣਾਂ ਉੱਤੇ ਵਾਰ-ਵਾਰ ਪਾਬੰਦੀਆਂ ਲਾਈਆਂ ਗਈਆਂ ਹਨ, ਵਿਕਰੀ ਨੂੰ ਕਾਬੂ ਹੇਠ ਰੱਖਿਆ ਗਿਆ ਹੈ ਅਤੇ ਸਬੰਧਿਤ ਅਧਿਕਾਰੀਆਂ ਵੱਲੋਂ ਪਟਾਕੇ ਚਲਾਉਣ ਲਈ ਨਿਸ਼ਚਿਤ ਸਮਾਂ ਤੈਅ ਕੀਤਾ ਗਿਆ ਹੈ। ਘੱਟ ਪ੍ਰਦੂਸ਼ਣ ਪੈਦਾ ਕਰਨ ਲਈ ਬਣਾਏ ਗਏ ਹਰੇ ਪਟਾਕਿਆਂ ਦੀ ਵਰਤੋਂ ਬਾਰੇ ਵੀ ਵਿਚਾਰ ਕੀਤਾ ਗਿਆ ਹੈ। ਫਿਰ ਵੀ ਪਿਛਲੇ ਸਾਲਾਂ ਦਾ ਤਜਰਬਾ ਇਹ ਦੱਸਦਾ ਹੈ ਕਿ ਤੈਅ ਕੀਤੇ ਗਏ ਨਿਯਮਾਂ ਦੀ ਲਗਾਤਾਰ ਉਲੰਘਣਾ ਕੀਤੀ ਜਾਂਦੀ ਹੈ। ਸਖ਼ਤ ਸ਼ਰਤਾਂ ਤਹਿਤ ਸਾਲ 2025 ਵਿੱਚ ਦਿੱਤੀ ਗਈ ਸੀਮਿਤ ਛੋਟ ਦਾ ਇਹ ਮਤਲਬ ਬਿਲਕੁਲ ਨਹੀਂ ਸੀ ਕਿ ਅੰਨ੍ਹੇਵਾਹ ਪਟਾਕੇ ਚਲਾਏ ਜਾਣ।

Advertisement

ਇਸ ਸਾਲ ਤਿਉਹਾਰਾਂ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਸਖ਼ਤੀ ਸ਼ੁਰੂ ਹੋਣੀ ਚਾਹੀਦੀ ਹੈ। ਪੁਲੀਸ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਪਟਾਕਿਆਂ ਦੇ ਗ਼ੈਰ-ਕਾਨੂੰਨੀ ਉਤਪਾਦਨ, ਭੰਡਾਰਨ ਅਤੇ ਵਿਕਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਉਤਪਾਦਾਂ ਦੇ ਸਰਟੀਫਿਕੇਟਾਂ ਤੇ ਕਿਊ ਆਰ ਕੋਡਜ਼ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮੇ ਚਲਾਉਣੇ ਚਾਹੀਦੇ ਹਨ। ਸਰਕਾਰਾਂ ਨੂੰ ਸਿਰਫ਼ ਜ਼ਬਾਨੀ ਭਰੋਸੇ ਦੇਣ ਦੀ ਬਜਾਏ ਪਾਲਣਾ ਦਾ ਭਰੋਸੇਯੋਗ ਡੇਟਾ ਪੇਸ਼ ਕਰਨਾ ਚਾਹੀਦਾ ਹੈ। ਸਕੂਲ, ਭਾਈਚਾਰਕ ਸੰਸਥਾਵਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਲੋਕਾਂ ਨੂੰ ਇਹ ਸਮਝਾਉਣ ਵਿੱਚ ਮਦਦ ਕਰ ਸਕਦੀਆਂ ਹਨ ਕਿ ਜ਼ਿੰਮੇਵਾਰੀ ਨਾਲ ਤਿਉਹਾਰ ਮਨਾਉਣਾ ਸਾਡੀ ਪਰੰਪਰਾ ਦੇ ਖ਼ਿਲਾਫ਼ ਨਹੀਂ ਹੈ।

Advertisement

ਪਟਾਕਿਆਂ ’ਤੇ ਸਖ਼ਤ ਪਾਬੰਦੀ ਹੀ ਇਸ ਸਮੱਸਿਆ ਦਾ ਇਕਲੌਤਾ ਹੱਲ ਨਹੀਂ ਹੋ ਸਕਦੀ ਪਰ ਨਿਯਮਾਂ ਨੂੰ ਲਾਗੂ ਕਰਨ ਵਿੱਚ ਢਿੱਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਿਉਹਾਰ ਮਨਾਉਣ ਦੇ ਹੱਕ ਦੇ ਨਾਲ-ਨਾਲ ਸਾਫ਼ ਹਵਾ ਵਿੱਚ ਸਾਹ ਲੈਣ ਦਾ ਹੱਕ ਵੀ ਬਣਿਆ ਰਹਿਣਾ ਚਾਹੀਦਾ ਹੈ। ਰੌਸ਼ਨੀਆਂ ਦਾ ਇਹ ਤਿਉਹਾਰ ਪਟਾਕਿਆਂ ਕਾਰਨ ਜ਼ਹਿਰੀਲੀ ਹਵਾ ਵਾਲਾ ਵੇਲਾ ਨਹੀਂ ਬਣਨਾ ਚਾਹੀਦਾ।

Advertisement
×