ਗ਼ਲਤ ਦੋਸ਼/ਬੇਵਕਤੀ ਸੁਰ

ਗ਼ਲਤ ਦੋਸ਼/ਬੇਵਕਤੀ ਸੁਰ

 ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਨੂੰ 17 ਮਾਰਚ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਪਰਵਾਸੀ ਮਜ਼ਦੂਰਾਂ ਨੂੰ ਨਸ਼ਿਆਂ ’ਤੇ ਲਗਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੰਧੂਆ ਬਣਾ ਕੇ ਰੱਖਿਆ ਜਾਂਦਾ ਹੈ। ਚਿੱਠੀ ਅਨੁਸਾਰ, ‘‘ਉਨ੍ਹਾਂ (ਮਜ਼ਦੂਰਾਂ) ਨੂੰ ਜ਼ਿਆਦਾ ਕੰਮ ਕਰਵਾਉਣ ਤੋਂ ਬਾਅਦ ਵੀ ਉਜਰਤ (Wages) ਨਹੀਂ ਦਿੱਤੀ ਜਾਂਦੀ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਕੰਮ ਕਰਦੇ ਮਜ਼ਦੂਰਾਂ ਵਿਚੋਂ ਬਹੁਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪਛੜੇ ਹੋਏ ਇਲਾਕਿਆਂ ਅਤੇ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਬੰਦਿਆਂ ਦਾ ਗ਼ੈਰ-ਕਾਨੂੰਨੀ ਵਪਾਰ (Human Trafficking) ਕਰਨ ਵਾਲੇ ਗੈਂਗ ਉਨ੍ਹਾਂ ਨੂੰ ਚੰਗੀ ਉਜਰਤ ਦਾ ਲਾਲਚ ਦੇ ਕੇ ਪੰਜਾਬ ਲਿਆਉਂਦੇ ਹਨ ਪਰ ਜਦ ਉਹ ਪੰਜਾਬ ਪਹੁੰਚਦੇ ਹਨ ਤਾਂ ਉਨ੍ਹਾਂ ਦਾ ਸੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਅਮਾਨਵੀ ਵਿਹਾਰ ਕੀਤਾ ਜਾਂਦਾ ਹੈ।’’ ਕੇਂਦਰੀ ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਸੀਮਾ ਸੁਰੱਖਿਆ ਦਲ (ਬੀਐੱਸਐੱਫ਼) ਦੁਆਰਾ ਅੰਮ੍ਰਿਤਸਰ, ਗੁਰਦਾਸਪੁਰ, ਅਬੋਹਰ ਅਤੇ ਫਿਰੋਜ਼ਪੁਰ ਵਿਚ ਕੀਤੀ ਗਈ ਤਫਤੀਸ਼ ’ਤੇ ਆਧਾਰਿਤ ਹੈ।

ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਕੇਂਦਰ ਸਰਕਾਰ ਦੀ ਇਸ ਚਿੱਠੀ ਪ੍ਰਤੀ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਕਿਸਾਨਾਂ ਖ਼ਿਲਾਫ਼ ਕੀਤਾ ਜਾ ਰਿਹਾ ਕੂੜ ਪ੍ਰਚਾਰ ਦੱਸਿਆ ਹੈ। ਮੁੱਖ ਮੰਤਰੀ ਅਨੁਸਾਰ ਪੰਜਾਬ ਸਰਕਾਰ ਨੇ ਪੜਤਾਲ ਕਰਾਈ ਹੈ ਅਤੇ ਇਹ ਜਾਣਕਾਰੀ ਤੱਥਾਂ ’ਤੇ ਆਧਾਰਿਤ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਪੱਤਰ ਨੂੰ ਸੂਬੇ ਦੇ ਕਿਸਾਨਾਂ ਦੇ ਅਕਸ ਨੂੰ ਢਾਹ ਲਗਾਉਣ ਵਾਲਾ ਦੱਸਿਆ ਹੈ। ਪਰਵਾਸੀ ਮਜ਼ਦੂਰਾਂ ਨੇ ਖ਼ੁਦ ਮੁਜ਼ਾਹਰਾ ਕਰ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਸ ਪੱਤਰ ਵਿਚ ਕਿਸਾਨਾਂ ’ਤੇ ਦੋਸ਼ ਨਹੀਂ ਲਗਾਏ ਗਏ ਸਗੋਂ ਸੂਬਾ ਸਰਕਾਰ ਦਾ ਧਿਆਨ ਇਕ ਸਮਾਜਿਕ ਅਤੇ ਆਰਥਿਕ ਸਮੱਸਿਆ ਵੱਲ ਦਿਵਾਇਆ ਗਿਆ ਹੈ।

ਪੰਜਾਬ ਦੇ ਕਿਸਾਨਾਂ ਅਤੇ ਪਰਵਾਸੀ ਮਜ਼ਦੂਰਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਪਿਛਲੇ ਪੰਜ ਦਹਾਕਿਆਂ ਵਿਚ ਇਹ ਰਿਸ਼ਤਾ ਹੋਰ ਪੀਡਾ ਹੋਇਆ ਹੈ। ਜੇ ਪੰਜਾਬ ਦੇ ਕਿਸਾਨ ਅਤੇ ਪਰਵਾਸੀ ਮਜ਼ਦੂਰਾਂ ਵਿਚ ਬੰਧੂਆ ਮਜ਼ਦੂਰਾਂ ਵਾਲਾ ਰਿਸ਼ਤਾ ਹੁੰਦਾ ਤਾਂ ਉਹ ਇੰਨਾ ਲੰਮਾ ਸਮਾਂ ਨਿਭਣਾ ਨਹੀਂ ਸੀ। ਝੋਨਾ ਲਾਉਣ ਦੇ ਮੌਸਮ ਵਿਚ ਪੰਜਾਬ ਦੇ ਕਿਸਾਨ ਪਰਵਾਸੀ ਮਜ਼ਦੂਰਾਂ ਨੂੰ ਲੈਣ ਅੰਬਾਲੇ, ਲੁਧਿਆਣੇ ਅਤੇ ਹੋਰ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ’ਤੇ ਪਹੁੰਚਦੇ ਅਤੇ ਉਨ੍ਹਾਂ ਨੂੰ ਢੁੱਕਵੀਂ ਉਜਰਤ ਦੇਣ ਦਾ ਵਾਅਦਾ ਕਰ ਕੇ ਆਪਣੇ ਪਿੰਡਾਂ ਵਿਚ ਲਿਆਉਂਦੇ ਰਹੇ ਹਨ। ਉਹ ਇਹ ਵਾਅਦਾ ਪੂਰਾ ਵੀ ਕਰਦੇ ਰਹੇ ਹਨ ਕਿਉਂਕਿ ਕਿਸਾਨਾਂ ਦੇ ਚੰਗੇ ਵਿਹਾਰ ਕਾਰਨ ਹੀ ਬਹੁਤ ਸਾਰੇ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਵਿਚ ਘਰ ਬਣਾ ਲਏ ਅਤੇ ਉਹ ਇੱਥੇ ਪੱਕੀ ਤਰ੍ਹਾਂ ਵੱਸ ਗਏ ਹਨ। ਵੱਡੀ ਗਿਣਤੀ ਵਿਚ ਪਰਵਾਸੀ ਮਜ਼ਦੂਰ ਹਰ ਵਰ੍ਹੇ ਫ਼ਸਲਾਂ ਦੇ ਬੀਜਣ ਅਤੇ ਵਾਢੀ ਦੇ ਸਮਿਆਂ ਵਿਚ ਪੰਜਾਬ ਆਉਂਦੇ ਤੇ ਕੰਮ ਕਰ ਕੇ ਵਾਪਸ ਚਲੇ ਜਾਂਦੇ ਹਨ। ਉਹ ਪੰਜਾਬ ਇਸ ਲਈ ਆਉਂਦੇ ਹਨ ਕਿਉਂਕਿ ਇੱਥੇ ਉਨ੍ਹਾਂ ਦੇ ਜੱਦੀ ਸੂਬਿਆਂ ਤੋਂ ਬਿਹਤਰ ਉਜਰਤ ਮਿਲਦੀ ਹੈ। ਮਜ਼ਦੂਰ ਅਤੇ ਮਾਲਕ ਦੇ ਰਿਸ਼ਤੇ ਵਿਚ ਤਣਾਉ ਹੋਣਾ ਸੁਭਾਵਿਕ ਹੈ ਪਰ ਰਿਸ਼ਤਾ ਲੰਮੇ ਸਮੇਂ ਲਈ ਤਾਂ ਹੀ ਨਿਭਦਾ ਹੈ, ਜੇ ਦੋਵੇਂ ਧਿਰਾਂ ਵਾਜਿਬ ਵਿਹਾਰ ਕਰਨ। ਕਿਸਾਨਾਂ ਤੇ ਪਰਵਾਸੀ ਮਜ਼ਦੂਰਾਂ ਦਾ ਲੰਮੇ ਸਮੇਂ ਤੋਂ ਨਿਭ ਰਿਹਾ ਰਿਸ਼ਤਾ ਸਿੱਧ ਕਰਦਾ ਹੈ ਕਿ ਕੇਂਦਰ ਸਰਕਾਰ ਦੁਆਰਾ ਦਿੱਤੀ ਜਾਣਕਾਰੀ ਵਿਚ ਨਿਹਿਤ ਅੰਦੇਸ਼ੇ ਸਹੀ ਨਹੀਂ ਹਨ। ਪੰਜਾਬ ਦੀਆਂ ਸਿਆਸੀ ਧਿਰਾਂ ਦਾ ਇਹ ਰੋਸ ਕਿ ਇਹ ਚਿੱਠੀ ਕਿਸਾਨਾਂ ਦੇ ਅਕਸ ਨੂੰ ਖ਼ੋਰਾ ਲਗਾਉਣ ਵਾਲੀ ਹੈ, ਇਸ ਲਈ ਵਾਜਿਬ ਲੱਗਦਾ ਹੈ ਕਿਉਂਕਿ ਇਹ (ਚਿੱਠੀ) ਅਜਿਹੇ ਸਮੇਂ ਲਿਖੀ ਗਈ ਹੈ ਜਦੋਂ ਦੇਸ਼ ਭਰ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਪਹਿਲਾਂ ਵੀ ਕਿਸਾਨ ਵਿਰੋਧੀ ਧਿਰਾਂ ਨੇ ਕਿਸਾਨ ਅੰਦੋਲਨ ਨੂੰ ਅਤਿਵਾਦੀ, ਸ਼ਹਿਰੀ ਨਕਸਲੀ ਅਤੇ ਖਾਲਿਸਤਾਨੀ ਕਹਿ ਕੇ ਲੀਹੋਂ ਲਾਹੁਣ ਦੇ ਯਤਨ ਕੀਤੇ ਹਨ। ਪੰਜਾਬੀਆਂ ਦੁਆਰਾ ਇਸ ਚਿੱਠੀ ਨੂੰ ਕਿਸਾਨ ਵਿਰੋਧੀ ਬਿਰਤਾਂਤ ਦਾ ਹਿੱਸਾ ਮੰਨਣਾ ਸੁਭਾਵਿਕ ਹੈ। ਕੇਂਦਰ ਸਰਕਾਰ ਨੂੰ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਸਰਗਰਮ ਕੇਸਾਂ ਦੀ ਗਿਣਤੀ 12 ਲੱਖ ਨੂੰ ਟੱਪੀ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਕੂਚ ਬਿਹਾਰ ਵਰਗੀਆਂ ਹੋਰ ਹੱਤਿਆਵਾਂ ਦੀ ਧਮਕੀ ਦੇਣ ਵਾਲਿਆਂ ’ਤੇ ਰੋਕ ਲੱਗ...

ਸ਼ਹਿਰ

View All