DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਲਵਾਰਾ ਹਵਾਈ ਅੱਡੇ ਤੋਂ ਉਮੀਦਾਂ

ਏਅਰ ਇੰਡੀਆ ਵੱਲੋਂ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਤੱਕ ਰੋਜ਼ਾਨਾ ਚਾਰ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਖੇਤਰ ’ਚ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਪੱਛਮੀ ਮੁਲਕਾਂ ਨਾਲ ਬਿਨਾਂ ਕਿਸੇ ਅੜਿੱਕੇ ਤੋਂ ਸੰਪਰਕ ਕਾਇਮ ਕਰਨ ਦੇ ਉਦੇਸ਼ ਨਾਲ...

  • fb
  • twitter
  • whatsapp
  • whatsapp
Advertisement

ਏਅਰ ਇੰਡੀਆ ਵੱਲੋਂ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਤੱਕ ਰੋਜ਼ਾਨਾ ਚਾਰ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਖੇਤਰ ’ਚ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਪੱਛਮੀ ਮੁਲਕਾਂ ਨਾਲ ਬਿਨਾਂ ਕਿਸੇ ਅੜਿੱਕੇ ਤੋਂ ਸੰਪਰਕ ਕਾਇਮ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਲੁਧਿਆਣਾ ਦੇ ਉਦਯੋਗਿਕ ਖੇਤਰ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ। ਇਸ ਕਦਮ ਨੂੰ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ, ਪਰ ਅਸਲ ਵਿੱਚ ਇਸ ਦੇ ਆਸ ਤੋਂ ਘੱਟ ਕਾਰਗੁਜ਼ਾਰੀ ਦਿਖਾਉਣ ਵਾਲੇ ਹਵਾਈ ਅੱਡਿਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਦਾ ਖਦਸ਼ਾ ਹੈ। ਪੰਜਾਬ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਦੀ ਹਾਲੀਆ ਕਾਰਗੁਜ਼ਾਰੀ ਤੋਂ ਕਈ ਸਬਕ ਸਿੱਖਣ ਵਾਲੇ ਹਨ। ਹਾਲ ਹੀ ਵਿੱਚ ਆਦਮਪੁਰ ਹਵਾਈ ਅੱਡੇ ਦੀ ਕਾਰਗੁਜ਼ਾਰੀ ਵੀ ਆਸ ਤੇ ਮਿਆਰ ਮੁਤਾਬਿਕ ਨਹੀਂ ਰਹੀ ਜਦੋਂਕਿ ਬਠਿੰਡਾ ਹਵਾਈ ਅੱਡੇ ’ਤੇ ਉਡਾਣਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇੱਥੋਂ ਤੱਕ ਕਿ ਖਿੱਤੇ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਧੁੰਦ ਵਾਲੇ ਦਿਨਾਂ ਵਿੱਚ ਹਵਾਈ ਸੇਵਾਵਾਂ ਵਿੱਚ ਵਿਘਨ ਪੈਂਦਾ ਹੈ ਕਿਉਂਕਿ ਇੱਥੇ ਹਰ ਮੌਸਮ ਵਿੱਚ ਉਡਾਣਾਂ ਦੇ ਚੜ੍ਹਣ ਤੇ ਉਤਰਨ ਲਈ ਲੋੜੀਂਦੇ ਉਪਕਰਨਾਂ ਦੀ ਘਾਟ ਹੈ।

‘ਉਡਾਣ’ ਸਕੀਮ ਦਾ ਘੇਰਾ ਵਧਾਉਣ ਦਾ ਮਨੋਰਥ ਹਰ ਬੰਦੇ ਦੀ ਹਵਾਈ ਯਾਤਰਾ ਤੱਕ ਪਹੁੰਚ ਯਕੀਨੀ ਬਣਾਉਣਾ ਸੀ, ਪਰ ਇਸ ਦੀ ਬਜਾਏ ਅਜਿਹੇ ਹਵਾਈ ਅੱਡੇ ਤਾਮੀਰ ਹੋ ਗਏ ਜਿੱਥੇ ਲੋੜੀਂਦੇ ਉਪਕਰਨ ਹੀ ਨਹੀਂ ਲਗਾਏ ਜਾ ਸਕੇ, ਜਿਨ੍ਹਾਂ ਸਦਕਾ ਹਰ ਤਰ੍ਹਾਂ ਦੇ ਮੌਸਮ ਵਿੱਚ ਉਡਾਣਾਂ ਨਿਰਵਿਘਨ ਸੰਭਵ ਹੋ ਸਕਣ। ਯਾਤਰੀਆਂ ਤੋਂ ਬਗੈਰ ਉਡਾਣਾਂ ਅਤੇ ਢੁੱਕਵੇਂ ਤਕਨੀਕੀ ਯੰਤਰਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਆਮ ਹਨ। ਸ਼ਾਇਦ ਛੇ ਗੁਣਾ ਵੱਧ ਬਜਟ ਵੀ ਘੱਟ ਮੰਗ, ਮਾੜੀ ਸੰਪਰਕ ਪ੍ਰਣਾਲੀ ਅਤੇ ਦਿੱਲੀ ’ਤੇ ਕੇਂਦਰ ਦੇ ਰੂਪ ਵਿੱਚ ਵੱਧ ਨਿਰਭਰਤਾ ਵਰਗੀਆਂ ਖ਼ਾਮੀਆਂ ਨੂੰ ਦੂਰ ਨਹੀਂ ਕਰ ਸਕਦਾ। ਹਲਵਾਰਾ ਹਵਾਈ ਅੱਡੇ ਦੀ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਇਹ ਸਾਰੀਆਂ ਖ਼ਾਮੀਆਂ ਇਸ ਦੇ ਰਾਹ ਦਾ ਰੋੜਾ ਨਾ ਬਣਨ। ਲੁਧਿਆਣੇ ਵਿੱਚ ਸਨਅਤੀ ਅਤੇ ਪਰਵਾਸੀ ਭਾਈਚਾਰਾ ਹੋਣ ਕਾਰਨ ਇੱਥੇ ਹੋਰ ਸ਼ਹਿਰਾਂ ਦੀ ਤੁਲਨਾ ਵਿੱਚ ਵੱਧ ਯਾਤਰੀ ਹੋ ਸਕਦੇ ਹਨ। ਦਰਅਸਲ, ਲੋਕਾਂ ਨੂੰ ਇੱਕੋ ਦਿਨ ਵਿੱਚ ਜੁੜਵੀਆਂ ਕੌਮਾਂਤਰੀ ਉਡਾਣਾਂ ਦਾ ਵੀ ਲਾਭ ਹੋ ਸਕਦਾ ਹੈ। ਜੇਕਰ ਫਿਰ ਵੀ ਯਾਤਰੀਆਂ ਨੂੰ ਦਿੱਲੀ ਤੱਕ ਗੱਡੀ ’ਚ ਜਾਣਾ ਸੌਖਾ ਲੱਗਦਾ ਰਿਹਾ ਜਾਂ ਉਡਾਣਾਂ ਦੇ ਪ੍ਰੋਗਰਾਮ ਵਿੱਚ ਗੜਬੜ ਹੁੰਦੀ ਹੈ ਤਾਂ ਇਹ ਸ਼ੁਰੂਆਤੀ ਉਤਸ਼ਾਹ ਬਹੁਤ ਜਲਦੀ ਖ਼ਤਮ ਹੋ ਸਕਦਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪੰਜਾਬ ਹਵਾਈ ਅੱਡਿਆਂ ਦਾ ਨਿਰਮਾਣ ਕਰ ਰਿਹਾ ਹੈ ਜਾਂ ਸਿਰਫ਼ ਇਨ੍ਹਾਂ ਦੀ ਗਿਣਤੀ ਹੀ ਵਧਾ ਰਿਹਾ ਹੈ? ਏਕੀਕ੍ਰਿਤ ਯੋਜਨਾਬੰਦੀ, ਢੁਕਵਾਂ ਸੰਚਾਲਨ ਅਤੇ ਨਿਰੰਤਰ ਏਅਰਲਾਈਨ ਵਚਨਬੱਧਤਾ ਤੋਂ ਬਗੈਰ ਹਲਵਾਰਾ ਹਵਾਈ ਅੱਡੇ ਦੇ ਉਨ੍ਹਾਂ ਹਵਾਈ ਅੱਡਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਦਾ ਖ਼ਦਸ਼ਾ ਹੈ, ਜੋ ਕਾਫ਼ੀ ਯਤਨਾਂ ਦੇ ਬਾਵਜੂਦ ਉਮੀਦਾਂ ’ਤੇ ਖਰੇ ਨਹੀਂ ਉਤਰੇ। ਆਸ ਕਰੀਏ ਕਿ ਇਹ ਖਦਸ਼ਾ ਨਿਰਮੂਲ ਸਾਬਿਤ ਹੋਵੇ।

Advertisement

Advertisement
Advertisement
×