DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈਥਾਨੌਲ: ਤਿਆਰੀ ਜਾਂ ਕਾਹਲੀ?

ਭਾਰਤ ਵਿੱਚ ਫਲੈਕਸ-ਫਿਊਲ ਵਾਹਨਾਂ ਲਈ ਉੱਚ-ਈਥਾਨੌਲ ਮਿਸ਼ਰਣ ਵਾਲੇ ਈ85 ਬਾਲਣ ਨੂੰ ਪੇਸ਼ ਕੀਤਿਆਂ ਇੱਕ ਮਹੀਨਾ ਬੀਤ ਚੁੱਕਾ ਹੈ, ਪਰ ਖਪਤਕਾਰਾਂ ਅਤੇ ਵਾਹਨ ਉਦਯੋਗ ਵਿੱਚ ਇਸ ਨੂੰ ਲੈ ਕੇ ਚਿੰਤਾਵਾਂ ਅਜੇ ਵੀ ਬਰਕਰਾਰ ਹਨ। ਆਮ ਪੈਟਰੋਲ ਵਾਹਨਾਂ, ਜੋ ਈ 20 (20...

  • fb
  • twitter
  • whatsapp
  • whatsapp
Advertisement

ਭਾਰਤ ਵਿੱਚ ਫਲੈਕਸ-ਫਿਊਲ ਵਾਹਨਾਂ ਲਈ ਉੱਚ-ਈਥਾਨੌਲ ਮਿਸ਼ਰਣ ਵਾਲੇ ਈ85 ਬਾਲਣ ਨੂੰ ਪੇਸ਼ ਕੀਤਿਆਂ ਇੱਕ ਮਹੀਨਾ ਬੀਤ ਚੁੱਕਾ ਹੈ, ਪਰ ਖਪਤਕਾਰਾਂ ਅਤੇ ਵਾਹਨ ਉਦਯੋਗ ਵਿੱਚ ਇਸ ਨੂੰ ਲੈ ਕੇ ਚਿੰਤਾਵਾਂ ਅਜੇ ਵੀ ਬਰਕਰਾਰ ਹਨ। ਆਮ ਪੈਟਰੋਲ ਵਾਹਨਾਂ, ਜੋ ਈ 20 (20 ਫ਼ੀਸਦੀ ਈਥਾਨੌਲ ਅਤੇ 80 ਫ਼ੀਸਦੀ ਪੈਟਰੋਲ) ਬਾਲਣ ਮੁਤਾਬਿਕ ਬਣੇ ਹੁੰਦੇ ਹਨ, ਦੇ ਉਲਟ ਇਹ ਫਲੈਕਸ-ਫਿਊਲ ਵਾਹਨ ਈ 85 (85 ਫ਼ੀਸਦੀ ਈਥਾਨੌਲ, 15 ਫ਼ੀਸਦੀ ਪੈਟਰੋਲ) ਅਤੇ ਈ 100 (ਲਗਪਗ ਪੂਰਾ ਈਥਾਨੌਲ) ਵਰਗੇ ਉੱਚ ਮਿਸ਼ਰਣਾਂ ’ਤੇ ਚੱਲਣ ਲਈ ਡਿਜ਼ਾਈਨ ਕੀਤੇ ਗਏ ਹਨ।

ਚੋਣਵੇਂ ਪੈਟਰੋਲ ਪੰਪਾਂ ’ਤੇ ਈ 85 ਪੈਟਰੋਲ ਉਪਲੱਬਧ ਕਰਵਾਉਣ ਦੇ ਫ਼ੈਸਲੇ ਦਾ ਮੁੱਖ ਮਕਸਦ ਬਾਹਰਲੇ ਮੁਲਕਾਂ ਤੋਂ ਮੰਗਵਾਏ ਜਾਣ ਵਾਲੇ ਕੱਚੇ ਤੇਲ ’ਤੇ ਨਿਰਭਰਤਾ ਨੂੰ ਘਟਾਉਣਾ ਹੈ। ਦੇਸ਼ ਦੀ ਲੋੜ ਦਾ ਲਗਪਗ 90 ਫ਼ੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਆਉਂਦਾ ਹੈ ਅਤੇ ਵਿਸ਼ਵ ਪੱਧਰ ’ਤੇ ਚੱਲ ਰਹੇ ਭੂ-ਸਿਆਸੀ ਤਣਾਅ ਨੇ ਭਾਰਤ ਦੇ ਊਰਜਾ ਖੇਤਰ ਦੀਆਂ ਕਮਜ਼ੋਰੀਆਂ ਨੂੰ ਵਾਰ-ਵਾਰ ਸਾਹਮਣੇ ਲਿਆਂਦਾ ਹੈ। ਫਲੈਕਸ-ਫਿਊਲ ਵਾਹਨਾਂ ਲਈ ਈਥਾਨੌਲ ਨੂੰ ਇੱਕ ਮੁੱਖ ਬਾਲਣ ਵਜੋਂ ਉਤਸ਼ਾਹਿਤ ਕਰਨਾ ਊਰਜਾ ਦੇ ਖੇਤਰ ਵਿੱਚ ਆਤਮ-ਨਿਰਭਰਤਾ ਹਾਸਲ ਕਰਨ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਵੱਲ ਇੱਕ ਬਹੁਤ ਹੀ ਅਹਿਮ ਤੇ ਦੂਰਅੰਦੇਸ਼ੀ ਵਾਲਾ ਕਦਮ ਹੈ। ਹਾਲਾਂਕਿ, ਇਸ ਬਦਲਾਅ ਨੂੰ ਸਫ਼ਲ ਬਣਾਉਣ ਲਈ ਇਸ ਯੋਜਨਾ ਨੂੰ ਬਹੁਤ ਸੋਚ-ਸਮਝ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਆਮ ਜਨਤਾ ਵਿੱਚ ਇਸ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਭਾਰਤ ਨੇ ਈਥਾਨੌਲ ਮਿਸ਼ਰਣ ਦੇ ਫ਼ਾਇਦਿਆਂ ਨੂੰ ਪਹਿਲਾਂ ਹੀ ਵੱਡੇ ਪੱਧਰ ’ਤੇ ਵਿਦੇਸ਼ੀ ਮੁਦਰਾ ਦੀ ਬੱਚਤ ਕਰਕੇ ਅਤੇ ਦੇਸ਼ ਅੰਦਰ ਇੱਕ ਮਜ਼ਬੂਤ ਈਥਾਨੌਲ ਉਦਯੋਗ ਸਥਾਪਤ ਕਰਕੇ ਸਾਬਿਤ ਕਰ ਵਿਖਾਇਆ ਹੈ। ਈਥਾਨੌਲ ਦੀ ਮੰਗ ਵਧਣ ਨਾਲ ਗੰਨੇ ਅਤੇ ਮੱਕੀ ਦੀ ਮਾਰਕੀਟ ਦਾ ਦਾਇਰਾ ਵੱਡਾ ਹੋਵੇਗਾ, ਜਿਸ ਨਾਲ ਕਿਸਾਨਾਂ ਲਈ ਆਮਦਨ ਦੇ ਨਵੇਂ ਅਤੇ ਬਿਹਤਰ ਮੌਕੇ ਪੈਦਾ ਹੋ ਸਕਦੇ ਹਨ। ਰਵਾਇਤੀ ਪੈਟਰੋਲ ਦੇ ਮੁਕਾਬਲੇ ਈ 85 ਦੀ ਕੀਮਤ ਘੱਟ ਰੱਖਣ ਦਾ ਫ਼ੈਸਲਾ ਉਨ੍ਹਾਂ ਖਪਤਕਾਰਾਂ ਲਈ ਇੱਕ ਵਧੀਆ ਵਿਕਲਪ ਸਾਬਿਤ ਹੋ ਸਕਦਾ ਹੈ, ਜੋ ਇਸ ਖ਼ਾਸ ਕਿਸਮ ਦੇ ਈਂਧਣ ਦੇ ਅਨੁਕੂਲ ਵਾਹਨਾਂ ਦੀ ਵਰਤੋਂ ਕਰ ਰਹੇ ਹਨ; ਭਾਵੇਂ ਕਿ ਇਸ ਦੀ ਮਾਈਲੇਜ ਆਮ ਪੈਟਰੋਲ ਦੇ ਮੁਕਾਬਲੇ ਥੋੜ੍ਹੀ ਘੱਟ ਹੁੰਦੀ ਹੈ।

Advertisement

ਇਸ ਮਾਮਲੇ ਵਿੱਚ ਉਤਸ਼ਾਹ ਦੇ ਨਾਲ-ਨਾਲ ਜ਼ਮੀਨੀ ਹਕੀਕਤ ਨੂੰ ਵੀ ਸਮਝਣਾ ਪਵੇਗਾ। ਵਾਹਨ ਨਿਰਮਾਤਾਵਾਂ ਨੇ ਇੰਜਣ ਦੀ ਅਨੁਕੂਲਤਾ, ਜੰਗਾਲ ਲੱਗਣ ਦੇ ਖ਼ਤਰੇ, ਈਂਧਣ ਪ੍ਰਣਾਲੀ ਅਤੇ ਵਾਹਨਾਂ ਦੀ ਲੰਮੀ ਉਮਰ ਨੂੰ ਲੈ ਕੇ ਕਈ ਖ਼ਦਸ਼ੇ ਜ਼ਾਹਿਰ ਕੀਤੇ ਹਨ। ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ, ਇਨ੍ਹਾਂ ਨੂੰ ਇੰਝ ਹੀ ਖਾਰਜ ਨਹੀਂ ਕੀਤਾ ਜਾ ਸਕਦਾ। ਜੇਕਰ ਲੋਕਾਂ ਨੂੰ ਸਾਫ਼-ਸਾਫ਼ ਨਾ ਦੱਸਿਆ ਗਿਆ ਤਾਂ ਹਰ ਪਾਸੇ ਅਸਪੱਸ਼ਟਤਾ ਫੈਲਣ, ਵਾਹਨ ਵਿੱਚ ਗ਼ਲਤ ਬਾਲਣ ਪੈਣ ਅਤੇ ਲੋਕਾਂ ਦੇ ਮਨਾਂ ਵਿੱਚ ਬੇਲੋੜਾ ਸ਼ੱਕ ਪੈਦਾ ਹੋਣ ਦਾ ਅਸਲ ਖ਼ਤਰਾ ਬਣਿਆ ਰਹੇਗਾ। ਬਾਲਣ ਦੀ ਉਪਲਬਧਤਾ ਦੇ ਨਾਲ-ਨਾਲ ਬੁਨਿਆਦੀ ਢਾਂਚਾ, ਵਾਹਨਾਂ ਦੀ ਤਿਆਰੀ, ਬਾਲਣ ਦੇ ਮਿਆਰ ਅਤੇ ਤਕਨੀਕੀ ਸਿਖਲਾਈ ਦਾ ਵਿਕਾਸ ਹੋਣਾ ਵੀ ਬੇਹੱਦ ਜ਼ਰੂਰੀ ਹੈ। ਇਹ ਵੀ ਮੰਨਣ ਦੀ ਲੋੜ ਹੈ ਕਿ ਜੈਵਿਕ ਬਾਲਣ ਰਵਾਇਤੀ ਫੌਸਿਲ ਫਿਊਲ ਦਾ ਫੌਰੀ ਬਦਲ ਨਹੀਂ ਹੈ। ਕਾਹਲੀ ਕਰਨ ਦੀ ਬਜਾਏ ਪੂਰੀ ਤਿਆਰੀ, ਪਾਰਦਰਸ਼ਤਾ ਅਤੇ ਸਾਰਿਆਂ ਦਾ ਆਪਸੀ ਸਹਿਯੋਗ ਹੀ ਇਹ ਤੈਅ ਕਰੇਗਾ ਕਿ ਈ85 ਇੱਕ ਸਫਲ ਮਾਡਲ ਬਣਦਾ ਹੈ ਜਾਂ ਫਿਰ ਇੱਕ ਹੱਥੋਂ ਖੁੰਝਿਆ ਮੌਕਾ।

Advertisement

Advertisement
×