ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

PTI

ਸਵਰਾਜਬੀਰ

"ਤੁਸੀਂ ਹਨੇਰੇ ਵਿਚ ਪਿੱਠ ਪਰਨੇ ਲੇਟੇ ਹੋਏ ਹੋ। ਤੁਸੀਂ ਦੇਖਦੇ ਹੋ, ਤੁਸੀਂ ਸੁਣਦੇ ਹੋ, ਤੁਸੀਂ ਮਹਿਸੂਸ ਕਰਦੇ ਹੋ ਪਰ ਕੁਝ ਕਰ ਨਹੀਂ ਸਕਦੇ। ਸਰਲ ਭਾਸ਼ਾ ਵਿਚ ਕਹੀਏ ਤਾਂ ਤੁਸੀਂ ਪੂਰੀ ਤਰ੍ਹਾਂ ਲਾਚਾਰ/ਬੇਵੱਸ ਹੋ। ... ਡਰਾਉਣੇ ਸੁਪਨਿਆਂ ਵਿਚ ਏਦਾਂ ਹੀ ਹੁੰਦਾ ਹੈ...।’’ ਇਹ ਸ਼ਬਦ ਅਮਰੀਕਨ ਚਿੰਤਕ ਮਾਰਥਾ ਨਸਬਉਮ (Martha Nussbaum) ਦੇ ਹਨ, ਉਸ ਦੀ ਕਿਤਾਬ ‘ਭੈਅ ਦੀ ਸਲਤਨਤ (The Monarchy of Fear)’ ਵਿਚੋਂ। ਮਾਰਥਾ ਨਸਬਉਮ ਨੇ ਇਹ ਕਿਤਾਬ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿਚ ਪੈਦਾ ਕੀਤੇ ਗਏ ਮਾਹੌਲ ਬਾਰੇ 2018 ਵਿਚ ਲਿਖੀ। ਉਸ ਨੇ ਲਿਖਿਆ, ‘‘ਉਨ੍ਹਾਂ ਦਾ ਰਾਸ਼ਟਰਪਤੀ ਆਪਣੀ ਹਰ ਕਾਰਵਾਈ ਨਾਲ ਡਰ/ਭੈਅ ਦੀ ਪਰਵਰਿਸ਼ ਕਰਦਾ ਹੈ, ਨਫ਼ਰਤ ਨੂੰ ਤਾਕਤਵਰ ਬਣਾਉਂਦਾ ਅਤੇ ਸੱਚ ਨੂੰ ਅਦ੍ਰਿਸ਼ ਕਰਨ/ਮਿਟਾਉਣ ਵਿਚ ਤੇਜ਼ੀ ਲਿਆਉਂਦਾ ਹੈ।’’

ਜਦ ਅਸੀਂ ਐਨਫੋਰਸਮੈਂਟ ਡਾਇਰੈਕਟੋਰੇਟ (Enforcement Directorate, ਈਡੀ) ਦੇ ਦੇਸ਼ ਦੇ ਉੱਘੇ ਸਮਾਜਿਕ ਕਾਰਕੁਨ ਹਰਸ਼ ਮੰਦਰ ਦੇ ਘਰ ਅਤੇ ਦਫ਼ਤਰ ’ਤੇ ਪਏ ਛਾਪਿਆਂ ਬਾਰੇ ਪੜ੍ਹਦੇ ਹਾਂ ਤਾਂ ਸਾਡੇ ਮਨਾਂ ਵਿਚ ਵੀ ਅਜਿਹੀਆਂ ਭਾਵਨਾਵਾਂ ਉੱਭਰਦੀਆਂ ਹਨ। ਸਾਡੇ ਦੇਸ਼ ਵਿਚ ਵੀ ਡਰ/ਭੈਅ ਦਾ ਸਾਮਰਾਜ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ; ਇਕ ਅਜਿਹਾ ਸਾਮਰਾਜ, ਜਿਸ ਵਿਚ ਤੁਸੀਂ ਸਥਾਪਤੀ ਵਿਰੁੱਧ ਬੋਲਣ ਦੀ ਹਿੰਮਤ ਨਾ ਕਰੋ; ਆਪਣੇ ਆਪ ਨੂੰ ਪੂਰੀ ਤਰ੍ਹਾਂ ਲਾਚਾਰ ਤੇ ਬੇਵੱਸ ਮਹਿਸੂਸ ਕਰੋ; ਤੁਹਾਨੂੰ ਡਰਾਇਆ ਜਾ ਰਿਹਾ ਹੈ ਅਤੇ ਜੇ ਤੁਸੀਂ ਡਰਨ ਤੋਂ ਇਨਕਾਰ ਕਰਦੇ ਹੋ ਤਾਂ ਤਫ਼ਤੀਸ਼ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਇਹ ‘ਸੇਵਾ’ ਕਰਨ ਜਾਂ ਇਹ ‘ਫ਼ਰਜ਼’ ਨਿਭਾਉਣ ਲਈ ਤਿਆਰ ਹਨ।

ਦੇਸ਼ ਦੇ ਪੰਜ ਸੌ ਤੋਂ ਜ਼ਿਆਦਾ ਚਿੰਤਕਾਂ, ਵਿਦਵਾਨਾਂ, ਸਮਾਜਿਕ ਕਾਰਕੁਨਾਂ, ਸਾਬਕਾ ਅਧਿਕਾਰੀਆਂ, ਵਕੀਲਾਂ, ਪੱਤਰਕਾਰਾਂ, ਸਿਆਸੀ ਅਤੇ ਹੋਰ ਖੇਤਰਾਂ ਦੇ ਮਾਹਿਰਾਂ, ਜਿਨ੍ਹਾਂ ਵਿਚ ਇਤਿਹਾਸਕਾਰ ਰਾਜਮੋਹਨ ਗਾਂਧੀ, ਅਰਥ ਸ਼ਾਸਤਰੀ ਜਾਂ ਦਰੀਜ, ਸਮਾਜਿਕ ਕਾਰਕੁਨ ਅਰੁਣਾ ਰਾਏ, ਵਕੀਲ ਕੋਲਿਨ ਗੋਸਾਂਲਵੇਜ਼, ਸਾਬਕਾ ਡੀਜੀਪੀ ਜੂਲੀਓ ਰਿਬੈਰੋ ਅਤੇ ਹੋਰ ਸ਼ਾਮਲ ਹਨ, ਨੇ ਹਰਸ਼ ਮੰਦਰ ਦੇ ਘਰ ਪਏ ਛਾਪਿਆਂ ਬਾਰੇ ਕਿਹਾ ਹੈ, ‘‘ਅਸੀਂ ਮਨੁੱਖੀ ਅਧਿਕਾਰਾਂ ਅਤੇ ਅਮਨ ਦੇ ਖੇਤਰ ਵਿਚ ਕੰਮ ਕਰਨ ਵਾਲੇ ਉੱਘੇ ਕਾਰਕੁਨ, ਜਿਸ ਨੇ ਇਮਾਨਦਾਰੀ ਅਤੇ ਦਿਆਨਤਦਾਰੀ ਦੇ ਸਭ ਤੋਂ ਉੱਚੇ ਮਾਪਦੰਡ ਅਪਣਾਉਂਦੇ ਹੋਏ ਸਮਾਜ ਵਿਚ ਅਮਨ ਅਤੇ ਮੇਲ-ਮਿਲਾਪ ਲਈ ਕੰਮ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ, ਨੂੰ ਪਰੇਸ਼ਾਨ ਕਰਨ ਲਈ ਮਾਰੇ ਗਏ ਛਾਪਿਆਂ ਦੀ ਨਿੰਦਾ ਕਰਦੇ ਹਾਂ।’’

ਲਹਿੰਦੇ ਪੰਜਾਬ ਦੇ ਸਿੱਖ ਪਰਿਵਾਰ ਨਾਲ ਸਬੰਧਿਤ ਹਰਸ਼ ਮੰਦਰ ਸਮਾਜਿਕ ਕਾਰਕੁਨ, ਲੇਖਕ ਤੇ ਖੋਜੀ ਹੈ ਜਿਸ ਨੇ ਫ਼ਿਰਕਾਪ੍ਰਸਤੀ ਦਾ ਸ਼ਿਕਾਰ ਹੋਏ ਲੋਕਾਂ ਦੀ ਸਹਾਇਤਾ ਕਰਨ ਲਈ ‘ਕਾਰਵਾਂ-ਏ-ਮੁਹੱਬਤ’ ਨਾਂ ਦੀ ਸੰਸਥਾ ਬਣਾਈ। ਉਸ ਨੇ ਬੇਸਹਾਰਾ ਬੱਚਿਆਂ ਲਈ ‘ਉਮੀਦ ਅਮਨ ਘਰ’ ਨਾਂ ਦਾ ਰੈਣ ਬਸੇਰਾ ਬਣਾਇਆ। ਸੁਪਰੀਮ ਕੋਰਟ ਨੇ ਉਸ ਨੂੰ ‘ਖੁਰਾਕ ਦਾ ਅਧਿਕਾਰ (Right to Food)’ ਮੁਹਿੰਮ ਤਹਿਤ ਚੱਲ ਰਹੇ ਸਰਕਾਰੀ ਪ੍ਰੋਗਰਾਮਾਂ ਦੀ ਨਿਗਾਹਬਾਨੀ ਕਰਨ ਲਈ ਖ਼ਾਸ ਕਮਿਸ਼ਨਰ ਨਿਯੁਕਤ ਕੀਤਾ, ਉਸ ਨੇ ਖੁਰਾਕ ਸੁਰੱਖਿਆ ਬਿਲ (Food Security Bill), 2013 ਦੇ ਭੂਮੀ ਗ੍ਰਹਿਣ ਅਤੇ ਪੁਨਰਵਾਸ ਬਿਲ (Land Acquisition and Rehabilitation Bill) ਅਤੇ ਬੱਚਿਆਂ, ਕਬਾਇਲੀਆਂ, ਫ਼ਿਰਕਾਪ੍ਰਸਤੀ ਅਤੇ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ, ਬੰਧੂਆ ਮਜ਼ਦੂਰਾਂ, ਗੰਦੀਆਂ ਤੇ ਭੀੜੀਆਂ ਬਸਤੀਆਂ (Slums) ਵਿਚ ਰਹਿਣ ਵਾਲੇ ਲੋਕਾਂ ਅਤੇ ਹੋਰ ਹਾਸ਼ੀਆਗਤ ਵਰਗਾਂ ਦੇ ਹੱਕ ਵਿਚ ਕਾਨੂੰਨ ਬਣਾਉਣ ਵਿਚ ਸਹਾਇਤਾ ਕੀਤੀ।

ਹਰਸ਼ ਮੰਦਰ ਵੱਡੇ ਪਾਸਾਰਾਂ ਵਾਲੀ ਊਰਜਾ ਨਾਲ ਵਰੋਸਾਇਆ ਹੋਇਆ ਵਿਅਕਤੀ ਹੈ। ਉਹ ਇਕ ਆਈਏਐੱਸ ਅਫ਼ਸਰ ਸੀ; ਗੁਜਰਾਤ 2002 ਵਿਚ ਹੋਏ ਦੰਗਿਆਂ ਤੋਂ ਬਾਅਦ ਉਸ ਨੇ ਨੌਕਰੀ ਛੱਡ ਕੇ ਆਪਣੇ ਆਪ ਨੂੰ ਸਮਾਜਿਕ ਕੰਮਾਂ ਅਤੇ ਨਫ਼ਰਤ ਅਤੇ ਹਿੰਸਾ ਵਿਰੁੱਧ ਲੜਨ ਲਈ ਸਮਰਪਿਤ ਕਰ ਦਿੱਤਾ। ਅਮਨ ਬਿਰਾਦਰੀ ਨਾਂ ਦੀ ਸੰਸਥਾ ਬਣਾਈ ਜੋ ਸਮਾਜਿਕ ਸ਼ਾਂਤੀ ਦੇ ਹੱਕ ਵਿਚ ਇਕ ਲਹਿਰ ਬਣ ਚੁੱਕੀ ਹੈ। ਉਸ ਨੇ ਦੇਸ਼-ਵਿਦੇਸ਼ ਦੇ ਉੱਘੇ ਤੇ ਵੱਡੇ ਵਿੱਦਿਅਕ ਅਦਾਰਿਆਂ ਵਿਚ ਪੜ੍ਹਾਇਆ ਹੈ ਜਿਨ੍ਹਾਂ ਵਿਚ ਅਮਰੀਕਾ ਦੀ ਸਟੈਨਫਰਡ ਯੂਨੀਵਰਸਿਟੀ ਤੋਂ ਲੈ ਕੇ ਕਾਨੂੰਨ ਪੜ੍ਹਾਉਣ ਵਾਲਾ ਸਿਰਮੌਰ ਅਦਾਰਾ ਨਾਲਸਰ ਯੂਨੀਵਰਸਿਟੀ ਆਫ਼ ਲਾਅ ਹੈਦਰਾਬਾਦ ਸ਼ਾਮਲ ਹਨ। ਉਸ ਨੇ ਪਿਛਲੇ ਕੁਝ ਵਰ੍ਹਿਆਂ ਤੋਂ ਹੋ ਰਹੀ ਹਜੂਮੀ ਹਿੰਸਾ ਦਾ ਵਿਰੋਧ ਕੀਤਾ ਅਤੇ ਅਜਿਹੀ ਹਿੰਸਾ ਤੋਂ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ। ਉਹ ਸਮਾਜ ਵਿਚ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਤਰਜੀਹ ਦਿੱਤੇ ਜਾਣ ਦਾ ਵੱਡਾ ਪੈਰੋਕਾਰ ਹੈ। ਉਸ ਨੇ ਲਗਾਤਾਰ ਸਮਾਜਿਕ ਸਰੋਕਾਰਾਂ ਅਤੇ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਵਿਰੁੱਧ ਲਿਖਿਆ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ।

ਰਿਆਸਤ/ਸਟੇਟ/ਸਰਕਾਰ ਨੂੰ ਆਵਾਜ਼ ਬੁਲੰਦ ਕਰਨਾ ਪਸੰਦ ਨਹੀਂ ਹੈ। ਰਿਆਸਤ/ਸਰਕਾਰ ਨੂੰ ਉਹੀ ਪਸੰਦ ਹੈ ਜੋ ਫ਼ੈਜ਼ ਅਹਿਮਦ ਫ਼ੈਜ਼ ਨੇ ਲਿਖਿਆ ਸੀ, ‘‘ਨਿਸਾਰ ਮੈਂ ਤੇਰੀ ਗਲੀਓਂ ਕੇ ਏ ਵਤਨ, ਕਿ ਜਹਾਂ/ਚਲੀ ਹੈ ਰਸਮ ਕਿ ਕੋਈ ਨਾ ਸਰ ਉਠਾ ਕੇ ਚਲੇ।’’ ਰਿਆਸਤ/ਸਟੇਟ ਨੂੰ ਪਸੰਦ ਹੈ ਕੋਈ ਵੀ ਸਿਰ ਉਠਾ ਕੇ ਨਾ ਚੱਲੇ, ਹਰ ਕੋਈ ਚੁੱਪ ਅਤੇ ਡਰਿਆ ਹੋਇਆ ਰਹੇ, ਖ਼ੌਫ਼ਜ਼ਦਾ ਹੋਵੇ, ਭੈਅ ਵਿਚ ਗ੍ਰਸਿਆ ਹੋਇਆ, ਡਰ/ਭੈਅ ਦੀ ਬਾਦਸ਼ਾਹਤ ਵਿਚ ਇਕ ਆਜ਼ਾਦ-ਗ਼ੁਲਾਮ... ਅਤੇ ਜਿਹੜਾ ਇਸ ਬਾਦਸ਼ਾਹਤ ਸਾਹਮਣੇ ਸਿਰ ਨਾ ਨਿਵਾਵੇ, ਉਸ ਨੂੰ ਡਰਾਇਆ-ਧਮਕਾਇਆ ਜਾਏ ਜਿਵੇਂ ਹਰਸ਼ ਮੰਦਰ ਅਤੇ ਹੋਰ ਬਹੁਤ ਸਾਰੇ ਸਮਾਜਿਕ ਕਾਰਕੁਨਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ।

ਉਨ੍ਹਾਂ ਸਮਿਆਂ ਤੋਂ ਕੀ ਉਮੀਦ ਕਰ ਸਕਦੇ ਹਾਂ ਜਦ ਡਾ. ਬੀ.ਆਰ਼ ਅੰਬੇਦਕਰ ਦਾ ਪਰਿਵਾਰਕ ਮੈਂਬਰ ਅਤੇ ਨਾਮ-ਲੇਵਾ ਆਨੰਦ ਤੈਲਤੁੰਬੜੇ ਅਤੇ ਉਸ ਦੇ ਸਾਥੀ ਵਰ੍ਹਿਆਂ ਤੋਂ ਜੇਲ੍ਹ ਵਿਚ ਹੋਣ; ਸੁਧਾ ਭਾਰਦਵਾਜ ਜਿਹੀ ਸਮਾਜਿਕ ਕਾਰਕੁਨ ਜੇਲ੍ਹ ਵਿਚ ਹੋਵੇ; ਜਦ 83 ਸਾਲ ਦੀ ਉਮਰ ਦਾ ਕਬਾਇਲੀ ਲੋਕਾਂ ਦੇ ਹੱਕਾਂ ਲਈ ਲੜਨ ਵਾਲਾ ਪਾਦਰੀ ਸਟੈਨ ਸਵਾਮੀ ਜੇਲ੍ਹ ਵਿਚ ਦਮ ਤੋੜ ਦੇਵੇ... ਅਤੇ ਹੋਰ... ਅਤੇ ਹੋਰ... ਇਹ ਤਾਂ ਉਹ ਲੋਕ ਹਨ ਜੋ ਮਸ਼ਹੂਰ ਹਨ, ਜਾਣੇ ਜਾਂਦੇ ਹਨ; ਜਾਣੇ ਜਾਣਾ ਵੀ ਇਕ ਤਾਕਤ ਹੁੰਦਾ ਹੈ ਅਤੇ ਇਸ ਤਰ੍ਹਾਂ ਇਹ ਲੋਕ ਜੇਲ੍ਹ ਵਿਚ ਹੋਣ ਦੇ ਬਾਵਜੂਦ ਤਾਕਤਵਰ ਹਨ... ਪਰ ਬਹੁਤ ਹੋਰ ਲੋਕ... ਉਪਰੋਕਤ ਲੋਕਾਂ ਦੇ ਸਾਥੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਾਥੀ, ਜਿਨ੍ਹਾਂ ਦੀ ਸਮਾਜਿਕ ਜਾਂ ਸਿਆਸੀ ਪਛਾਣ ਬਹੁਤ ਵੱਡੀ ਨਹੀਂ ਹੈ, ਉਹ ਸਭ ਜੇਲ੍ਹ ਵਿਚ ਹਨ।

ਅਸੀਂ ਸਾਰੇ ਸਟੈਨ ਸਵਾਮੀ ਵਾਂਗ ਪ੍ਰਤੀਬੱਧ ਅਤੇ ਭੈਅ-ਰਹਿਤ ਨਹੀਂ ਹੋ ਸਕਦੇ। ਸਾਡੀਆਂ ਆਪਣੀਆਂ ਸੀਮਾਵਾਂ ਹਨ। ਸਟੈਨ ਸਵਾਮੀ ਦੇ ਸਾਥੀਆਂ ਨੇ ਉਸ ਦੀਆਂ ਯਾਦਾਂ ਅਤੇ ਲੇਖਾਂ ਦੀ ਕਿਤਾਬ ਛਾਪੀ ਹੈ, ‘‘ਮੈਂ ਮੂਕ ਦਰਸ਼ਕ ਨਹੀਂ ਹਾਂ (I am not a silent spectator)।’’ ਸਾਡੀ ਸਮੱਸਿਆ ਇਹ ਹੈ ਕਿ ਸਾਨੂੰ ਮੂਕ ਦਰਸ਼ਕ ਬਣਾਇਆ ਜਾ ਰਿਹਾ ਹੈ, ਡਰਾਇਆ ਜਾ ਰਿਹਾ ਹੈ, ਡਰ ਦਾ ਸਾਮਰਾਜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਮ ਆਦਮੀ ਡਰਦਾ ਹੈ।

ਇਕ ਸਤੰਬਰ, 1939 ਦਾ ਦਿਨ : ਜਰਮਨੀ ਨੇ ਪੋਲੈਂਡ ’ਤੇ ਹਮਲਾ ਕਰ ਦਿੱਤਾ ਹੈ। ਉਸ ਸਮੇਂ ਅੰਗਰੇਜ਼ੀ ਕਵੀ ਡਬਲਿਊਐੱਚ ਔਡਨ (W.H. Auden) ‘ਸਤੰਬਰ 1, 1939’ ਨਾਂ ਦੀ ਕਵਿਤਾ ਲਿਖਦਾ ਹੈ; ਉਹ ਇਉਂ ਮਹਿਸੂਸ ਕਰਦਾ ਹੈ :

... ਮੈਂ ਅਨਿਸ਼ਚਿਤਤਾ ਦੇ ਆਲਮ ਵਿਚ

ਡਰਿਆ ਬੈਠਾ ਹਾਂ

ਗੁੱਸੇ ਤੇ ਡਰ ਦੀਆਂ ਲਹਿਰਾਂ

ਧਰਤੀ ਦੀਆਂ ਰੌਸ਼ਨ ਤੇ ਹਨੇਰੀਆਂ

ਭੂਮੀਆਂ ’ਤੇ ਘੁੰਮਦੀਆਂ ਨੇ

ਸਾਡੀ ਨਿੱਜੀ ਜ਼ਿੰਦਗੀ ਨੂੰ ਸਮੋਂਦੀਆਂ ਹੋਈਆਂ।

ਔਡਨ ਦੇਖ ਰਿਹਾ ਹੈ ਕਿ 1930ਵਿਆਂ ਵਿਚ ਨਾਜ਼ੀਵਾਦ ਅਤੇ ਫਾਸ਼ੀਵਾਦ ਨੇ ਦੁਨੀਆਂ ਦੀ ਕੀ ਹਾਲਤ ਕਰ ਦਿੱਤੀ ਹੈ; ਕਿੰਨੇ ਜ਼ੁਲਮ ਹੋਏ ਹਨ; ਇਸ ਕਵਿਤਾ ਵਿਚ ਉਹ ਲਿਖਦਾ ਹੈ ਕਿ ਉਸ ਦੀ ਹਾਲਤ ‘ਰਾਤ ਦੇ ਹਨੇਰੇ ਤੋਂ ਡਰਦੇ ਬੱਚੇ’ ਵਰਗੀ ਹੈ।

ਹਾਂ, ਜਬਰ ਕਰਨ ਵਾਲੀ ਤਾਕਤ ਹਮੇਸ਼ਾਂ ਇਹੀ ਚਾਹੁੰਦੀ ਹੈ ਕਿ ਤੁਹਾਡੀ ਹਾਲਤ ਰਾਤ ਦੇ ਹਨੇਰੇ ਤੋਂ ਡਰੇ ਹੋਏ ਬੱਚੇ ਵਰਗੀ ਹੋਵੇ; ਤੁਸੀਂ ਡਰ ਕਾਰਨ ਸੁੰਨ, ਬੇਹਿੱਸ, ਗੁੰਮ-ਸੁੰਮ ਤੇ ਸਿਥਲ ਹੋ ਜਾਵੋ; ਤੁਸੀਂ ਸੋਚਣ ਅਤੇ ਬੋਲਣ ਤੋਂ ਡਰੋ। ਮਾਰਥਾ ਨਸਬਉਮ ਉੱਘੇ ਮਨੋਵਿਗਿਆਨੀ ਡੋਨਲਡ ਵਿਨੀਕੋਟ ਦੇ ਹਵਾਲੇ ਨਾਲ ਲਿਖਦੀ ਹੈ ਕਿ ਜਿਵੇਂ ਘਰ ਵਿਚ ਬੱਚੇ ਨੂੰ ਸੁਰੱਖਿਆ (ਜੋ ਪਿਆਰ, ਸਥਿਰਤਾ, ਮਾਰ-ਕੁੱਟ ਤੋਂ ਬਚਾਓ) ਮਿਲਦੀ ਹੈ, ਉਵੇਂ ਹੀ ਨਾਗਰਿਕ ਨੂੰ ਸਮਾਜ ਵਿਚ ਪਨਪਣ ਅਤੇ ਪ੍ਰਫੁੱਲਿਤ ਹੋਣ ਲਈ ਮਨੁੱਖੀ ਆਜ਼ਾਦੀ ਦੀ ਰਾਖੀ ਕਰਨ ਵਾਲੀ ਜਮਹੂਰੀਅਤ ਦੀ ਜ਼ਰੂਰਤ ਹੁੰਦੀ ਹੈ। ਡੋਨਲਡ ਵਿਨੀਕੋਟ ਜਮਹੂਰੀਅਤ ਅਤੇ ਨਾਗਰਿਕਾਂ ਦੀ ਮਾਨਸਿਕ ਸਿਹਤ ਵਿਚਲੇ ਰਿਸ਼ਤੇ ’ਤੇ ਜ਼ੋਰ ਦਿੰਦਾ ਹੈ; ਉਹ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਨਾਲ ਚੰਗੇ ਰਿਸ਼ਤੇ ਕਾਇਮ ਕਰਨ, ਇਕ-ਦੂਸਰੇ ’ਤੇ ਨਿਰਭਰ ਰਹਿਣ ਅਤੇ ਸਮਾਜਿਕ ਬਰਾਬਰੀ ’ਤੇ ਵੀ ਜ਼ੋਰ ਦਿੰਦਾ ਹੈ। ਮਾਰਥਾ ਨਸਬਉਮ ਅਨੁਸਾਰ ਸਾਨੂੰ ਦੂਸਰਿਆਂ ਨੂੰ ਗ਼ੁਲਾਮ ਬਣਾਉਣ ਦੀ ਮਾਨਸਿਕਤਾ ਤੋਂ ਆਜ਼ਾਦ ਹੋਣਾ ਚਾਹੀਦਾ ਹੈ। ਇਹ ਸਵਾਲ ਉਠਾਉਂਦਿਆਂ ਕਿ ਅਜਿਹੀਆਂ ਖ਼ਾਹਿਸ਼ਾਂ ਤੋਂ ਕਿਵੇਂ ਆਜ਼ਾਦ ਹੋਇਆ ਜਾਵੇ, ਉਹ ਅਮਰੀਕਾ ਦੇ ਸੰਦਰਭ ਵਿਚ ਲਿਖਦੀ ਹੈ, ‘‘ਡਰ ਸਾਡੀ ਜਮਹੂਰੀਅਤ ਨੂੰ ਧੌਂਸ ਦੇ ਰਿਹਾ ਹੈ। ਡਰ ਸਾਡੇ ਦੇਸ਼ ਵਿਚ ਬੇਮੁਹਾਰਾ ਹੋ ਕੇ ਸਰਪਟ ਦੌੜ ਰਿਹਾ ਹੈ; ਜਿਊਣ ਦੇ ਮਿਆਰ ਡਿੱਗਣ ਦਾ ਡਰ, ਬੇਰੁਜ਼ਗਾਰੀ ਅਤੇ ਸਿਹਤ-ਸੰਭਾਲ ਦੀਆਂ ਸੇਵਾਵਾਂ ਨਾ ਹੋਣ ਦਾ ਡਰ, ਅਮਰੀਕਨ ਸੁਪਨੇ ਦੇ ਖ਼ਤਮ ਹੋਣ ਦਾ ਡਰ...।’’

ਕੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਮਾਰਥਾ ਨਸਬਉਮ ਸਾਡੇ ਦੇਸ਼ ਬਾਰੇ ਲਿਖ ਰਹੀ ਹੈ; ਉਨ੍ਹਾਂ ਡਰਾਂ ਅਤੇ ਸਥਿਤੀਆਂ ਬਾਰੇ, ਜਿਨ੍ਹਾਂ ਦੇ ਪਾਸਾਰ ਸਾਡੇ ਦੇਸ਼ ਵਿਚ ਕਿਤੇ ਵੱਡੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਕੋਵਿਡ-19 ਤੋਂ ਪਹਿਲਾਂ ਵੀ ਦੇਸ਼ ਵਿਚ ਬੇਰੁਜ਼ਗਾਰੀ ਪਿਛਲੇ 45 ਸਾਲਾਂ ਵਿਚ ਸਭ ਤੋਂ ਜ਼ਿਆਦਾ ਸੀ; ਪਰਿਵਾਰਾਂ ਦੀ ਸਿਹਤ ਬਾਰੇ ਕੌਮੀ ਸਰਵੇਖਣ (2019-2021) ਦੀਆਂ ਰਿਪੋਰਟਾਂ ਤੋਂ ਲਗਾਏ ਜਾਣ ਵਾਲੇ ਅਨੁਮਾਨਾਂ ਅਨੁਸਾਰ ਦੇਸ਼ ਵਿਚ ਇਕ-ਤਿਹਾਈ ਤੋਂ ਜ਼ਿਆਦਾ ਬੱਚਿਆਂ ਦਾ ਕੱਦ ਅਤੇ ਭਾਰ ਉਮਰ ਦੇ ਹਿਸਾਬ ਨਾਲ ਘੱਟ ਹੈ ਅਤੇ 20 ਫ਼ੀਸਦੀ ਤੋਂ ਜ਼ਿਆਦਾ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ; 2020 ਦੇ ਵਿਸ਼ਵ ਭੁੱਖ ਸੂਚਕ ਮਾਪਦੰਡ (Global Hunger Index) ਵਿਚ ਭਾਰਤ ਦਾ ਸਥਾਨ 94ਵਾਂ ਹੈ; ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 18.9 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ; ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਅਨੁਸਾਰ ਕੋਵਿਡ-19 ਦੀ ਮਹਾਮਾਰੀ ਦੌਰਾਨ ਦੇਸ਼ ਦੇ 23 ਕਰੋੜ ਲੋਕਾਂ ਦੀ ਆਮਦਨ ਕੌਮੀ ਪੱਧਰ ’ਤੇ ਘੱਟੋ ਘੱਟ ਤਨਖ਼ਾਹ ਦੀ ਗ਼ਰੀਬੀ ਰੇਖਾ (National Minimum Wage Poverty Line) ਤੋਂ ਹੇਠਾਂ ਡਿੱਗ ਪਈ ਹੈ।

ਭੁੱਖ ਡਰ ਪੈਦਾ ਕਰਦੀ ਹੈ; ਆਪਣੀ ਸਰੀਰਕ ਹੋਂਦ ਦੇ ਖ਼ਤਮ ਹੋ ਜਾਣ ਦਾ ਡਰ। ਉਪਰੋਕਤ ਕਵਿਤਾ ਵਿਚ ਡਬਲਿਊਐੱਚ ਔਡਨ ਲਿਖਦਾ ਹੈ, ‘‘ਭੁੱਖ ਕਿਸੇ ਨੂੰ ਕੁਝ ਚੁਣਨ ਨਹੀਂ ਦਿੰਦੀ/ ਨਾ ਬੰਦੇ ਨੂੰ ਨਾ ਪੁਲੀਸ ਨੂੰ।’’ ਔਡਨ ਇੱਥੇ ਭੁੱਖ ਤੇ ਸਰਕਾਰੀ ਤਸ਼ੱਦਦ ਵਿਚਲੇ ਰਿਸ਼ਤੇ ਵੱਲ ਇਸ਼ਾਰਾ ਕਰ ਰਿਹਾ ਹੈ।

ਭੁੱਖ, ਡਰ, ਤਸ਼ੱਦਦ, ਨਫ਼ਰਤ, ਵੰਡ-ਪਾਊ ਸੋਚਾਂ, ਅਤੇ ਕੂੜ ਦੇ ਇਸ ਸਾਮਰਾਜ ਤੋਂ ਅਸੀਂ ਕਿਵੇਂ ਬਚੀਏ? ਇਸ ਦਾ ਇਕੋ ਇਕ ਤਰੀਕਾ ਲੋਕਾਂ ਦਾ ਜਥੇਬੰਦ ਅਤੇ ਸੰਗਠਿਤ ਹੋਣਾ ਹੈ। ਫ਼ਰਾਂਸੀਸੀ ਚਿੰਤਕ ਯਾਂ ਪਾਲ ਸਾਰਤਰ ਅਨੁਸਾਰ, ‘‘ਇਕੱਲਾ ਆਦਮੀ ਕੋਹੜੀ ਵਾਂਗ ਹੁੰਦਾ ਹੈ।’’ ਇਕੱਲਾ ਆਦਮੀ ਡਰ ਦਾ ਸ਼ਿਕਾਰ ਹੋ ਜਾਂਦਾ ਹੈ; ਸੰਗਠਨ ਬੰਦੇ ਨੂੰ ਤਾਕਤ ਅਤੇ ਹਿੰਮਤ ਦਿੰਦਾ ਹੈ; ਜਥੇਬੰਦ ਹੁੰਦਾ ਬੰਦਾ ਮੈਂ ਤੋਂ ਅਸੀਂ ਵੱਲ ਦਾ ਸਫ਼ਰ ਕਰਦਾ ਹੈ; ਇਸ ਦਾ ਮਤਲਬ ਉਸ ਦੀ ਨਿੱਜਤਾ ਤੋਂ ਇਨਕਾਰ ਕਰਨਾ ਨਹੀਂ ਹੈ ਸਗੋਂ ਉਸ ਦੇ ਨਿੱਜ ਦੀ ਸ਼ਕਤੀ ਨੂੰ ਹੋਰ ਊਰਜਿਤ ਕਰਨਾ ਅਤੇ ਉਸ ਸ਼ਕਤੀ ਦਾ ਭੈਣਾਂ-ਭਰਾਵਾਂ, ਦੋਸਤਾਂ ਅਤੇ ਸਾਥੀਆਂ ਦੀ ਸ਼ਕਤੀ ਨਾਲ ਸੁਮੇਲ ਕਰਨਾ ਹੈ। ਹਰ ਆਦਮੀ ਕੋਲ ਕੋਈ ਨਾ ਕੋਈ ਸ਼ਕਤੀ ਹੁੰਦੀ ਹੈ ਜਿਵੇਂ ਡਬਲਿਊਐੱਚ ਔਡਨ ਨਾਜ਼ੀਵਾਦ ਵਿਰੁੱਧ ਬੋਲਦਿਆਂ ਲਿਖਦਾ ਹੈ, ‘‘ਕਈ ਪਰਤਾਂ ਵਾਲੇ ਇਸ ਝੂਠ ਦਾ ਪਰਦਾਫਾਸ਼ ਕਰਨ ਲਈ ਮੇਰੇ ਕੋਲ ਸਿਰਫ਼ ਆਵਾਜ਼ ਹੈ।’’

ਨਿੱਜੀ ਆਵਾਜ਼ਾਂ ਮਿਲ ਕੇ ਮਹਾਨਾਦ ਬਣਦੀਆਂ ਹਨ। ਜਥੇਬੰਦ ਹੋਇਆ ਬੰਦਾ ਹਿੰਮਤ ਦੇ ਕਾਫ਼ਲਿਆਂ ਦਾ ਹਮਰਾਹੀ ਬਣਦਾ ਹੈ। ਪਿਛਲੇ ਸਾਲਾਂ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਅਤੇ ਹੋਰ ਥਾਵਾਂ ’ਤੇ ਲੱਗੇ ਮੋਰਚਿਆਂ ਅਤੇ ਮੌਜੂਦਾ ਕਿਸਾਨ ਅੰਦੋਲਨ ਨੇ ਸਿਖਾਇਆ ਹੈ ਕਿ ਭੈਅ ਤੋਂ ਮੁਕਤ ਹੋਇਆ ਜਾ ਸਕਦਾ ਹੈ; ਡਰ ਤੇ ਖ਼ੌਫ਼ ਦੇ ਸਾਮਰਾਜ ਦਾ ਸਾਹਮਣਾ ਕੀਤਾ ਜਾ ਸਕਦਾ ਹੈ; ਹਰਸ਼ ਮੰਦਰ ਇਸ ਸਾਮਰਾਜ ਦਾ ਸਾਹਮਣਾ ਕਰਦਾ ਆਇਆ ਹੈ; ਉਸ ਨੇ ਹਮੇਸ਼ਾਂ ਲੋਕ-ਪੱਖੀ ਤਾਕਤਾਂ ਦਾ ਸਾਥ ਦਿੱਤਾ ਹੈ ਅਤੇ ਜਮਹੂਰੀ ਸ਼ਕਤੀਆਂ ਵੀ ਉਸ ਨਾਲ ਖੜ੍ਹੀਆਂ ਹਨ। ਉਨ੍ਹਾਂ ਨੂੰ ਅਜਿਹੇ ਇਨਸਾਨਾਂ ’ਤੇ ਹੋ ਰਹੇ ਜਬਰ ਦਾ ਇਕਜੁੱਟ ਹੋ ਕੇ ਸਾਹਮਣਾ ਅਤੇ ਆਪਣੇ ਆਪ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਜਿਵੇਂ ਫ਼ੈਜ਼ ਅਹਿਮਦ ਫ਼ੈਜ਼ ਨੇ ਕਿਹਾ ਸੀ, ‘‘ਯੂੰ ਹੀ ਹਮੇਸ਼ਾਂ ਉਲਝਤੀ ਰਹੀ ਹੈ ਜ਼ੁਲਮ ਸੇ ਖ਼ਲਕ/ ਨਾ ਉਨਕੀ ਰਸਮ ਨਈ ਹੈ, ਨਾ ਅਪਨੀ ਰੀਤ ਨਈ।’’

ਜ਼ੁਲਮ ਨਾਲ ਉਲਝਣ ਲਈ ਇਕੱਠੇ ਹੋਣਾ ਜ਼ਰੂਰੀ ਹੈ ਜਿਵੇਂ ਸ਼ਾਹ ਹੁਸੈਨ ਨੇ ਕਿਹਾ ਸੀ, ‘‘ਅਸਾਂ ਰਲਿ ਮਿਲਿ ਝੁਰਮਟਿ ਪਾਵਣਾ।’’ ਲੋਕਾਂ ਦੇ ਹੱਕਾਂ ਲਈ ਝੁਰਮਟ ਰਲ-ਮਿਲ ਕੇ ਪਾਇਆ ਜਾ ਸਕਦਾ ਹੈ। ਰਲ-ਮਿਲ ਕੇ ਡਰ ਤੋਂ ਮੁਕਤ ਹੁੰਦਿਆਂ ਗੁਰੂ ਤੇਗ ਬਹਾਦਰ ਜੀ ਦੇ ਦਿੱਤੇ ਮਨੁੱਖ ਦੇ ਉਸ ਸੰਕਲਪ ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।’’ ਤਕ ਪਹੁੰਚਿਆ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਵੀ ਪੀੜਤ ਲੋਕਾਈ ਸੀ; ਉਨ੍ਹਾਂ ਨੇ ਜਬਰ ਦੀ ਮਾਰੀ ਲੋਕਾਈ ਨੂੰ ਬਲਸ਼ੀਲ ਹੋਣ ਦਾ ਸੁਨੇਹਾ ਦਿੱਤਾ,‘‘ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ।।’’ ਭੈਅ ਅਤੇ ਡਰ ਦੇ ਸਾਮਰਾਜ ਤੋਂ ਮੁਕਤੀ ਲਈ ਸਮੂਹਿਕ ਸਮਾਜਿਕ ਬਲ ਦੀ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All