DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ ਕਸ਼ਮੀਰ ’ਚ ਨਸ਼ੇ

ਜੰਮੂ ਕਸ਼ਮੀਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਸਮੱਸਿਆ ਪੈਰ ਪਸਾਰਦੀ ਜਾ ਰਹੀ ਹੈ। ਇਸ ਦੇ ਬਾਵਜੂਦ ਵਿਆਪਕ ਪੱਧਰ ’ਤੇ ਕਾਰਵਾਈ ਵਿੱਢਣ ’ਚ ਦੇਰ ਕਰਨਾ ਚਿੰਤਾ ਦਾ ਵਿਸ਼ਾ ਹੈ। ਹੁਣ ਇਹ ਕਾਰਵਾਈ ਵਿੱਢ ਦਿੱਤੀ ਗਈ ਹੈ, ਭਾਵੇਂ ਦੇਰੀ...

  • fb
  • twitter
  • whatsapp
  • whatsapp
Advertisement

ਜੰਮੂ ਕਸ਼ਮੀਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਸਮੱਸਿਆ ਪੈਰ ਪਸਾਰਦੀ ਜਾ ਰਹੀ ਹੈ। ਇਸ ਦੇ ਬਾਵਜੂਦ ਵਿਆਪਕ ਪੱਧਰ ’ਤੇ ਕਾਰਵਾਈ ਵਿੱਢਣ ’ਚ ਦੇਰ ਕਰਨਾ ਚਿੰਤਾ ਦਾ ਵਿਸ਼ਾ ਹੈ। ਹੁਣ ਇਹ ਕਾਰਵਾਈ ਵਿੱਢ ਦਿੱਤੀ ਗਈ ਹੈ, ਭਾਵੇਂ ਦੇਰੀ ਨਾਲ ਹੀ ਸਹੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਮੁੱਚੇ 20 ਜ਼ਿਲ੍ਹਿਆਂ ਦੇ ਦੌਰੇ ’ਤੇ ਨਿਕਲੇ ਉਪ ਰਾਜਪਾਲ ਮਨੋਜ ਸਿਨਹਾ 100 ਦਿਨਾ ‘ਨਸ਼ਾ ਮੁਕਤ ਜੰਮੂ ਕਸ਼ਮੀਰ ਮਾਰਚ’ ਦੀ ਅਗਵਾਈ ਕਰ ਰਹੇ ਹਨ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿੱਥੇ ਪਾਬੰਦੀਸ਼ੁਦਾ ਜਥੇਬੰਦੀ ਜਮਾਤ-ਏ ਇਸਲਾਮੀ ਤੋਂ ਵੱਖ ਹੋਏ ਇੱਕ ਧੜੇ ਨੇ ਇਸ ਮਾਰਚ ਦਾ ਸਮਰਥਨ ਕੀਤਾ। ਖ਼ੈਰ, ਕੁਝ ਵੀ ਹੋਵੇ, ਉਕਤ ਜਥੇਬੰਦੀ ਦੇ ਸਮਰਥਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਵਿਚਾਰਧਾਰਕ ਮਤਭੇਦ ਭੁਲਾਏ ਨਾ ਗਏ ਅਤੇ ਸਮੂਹਿਕ ਤੇ ਲਗਾਤਾਰ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤਾਂ ਇਹ ਜੰਗ ਵਿਅਰਥ ਜਾ ਸਕਦੀ ਹੈ।ਨਸ਼ਾ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਬਾਰੇ ਰੋਜ਼ਾਨਾ ਪੁਸ਼ਟੀ ਹੋਣੀ ਇਸ ਗੱਲ ਨੂੰ ਵੀ ਪੁਖ਼ਤਾ ਕਰਦੀ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਸ਼ਿਆਂ ਦਾ ਪਸਾਰ ਵਿਆਪਕ ਪੱਧਰ ’ਤੇ ਹੋ ਚੁੱਕਿਆ ਹੈ। ਡਰਾਈਵਿੰਗ ਲਾਇਸੈਂਸ ਰੱਦ ਅਤੇ ਪਾਸਪੋਰਟ ਮਨਸੂਖ਼ ਕਰਨ ਵਰਗੇ ਫ਼ੈਸਲੇ ਨਾਰਕੋ-ਅਤਿਵਾਦ ਨੈੱਟਵਰਕ ਦਾ ਲੱਕ ਤੋੜਨ ਦਾ ਦਾਅਵਾ ਕਰਦੇ ਹਨ। ਦੂਜੇ ਪਾਸੇ, ਨਸ਼ਿਆਂ ਖ਼ਿਲਾਫ਼ ਫੌਰੀ ਸਖ਼ਤੀ ਦੇ ਵੱਧ ਨਤੀਜੇ ਆਉਣੇ ਸੁਭਾਵਿਕ ਹਨ। ਇਹ ਨਤੀਜੇ ਜਿੱਤ ਦਾ ਅਹਿਸਾਸ ਕਰਵਾਉਂਦੇ ਹਨ, ਭਾਵੇਂ ਇਹ ਭੁਲੇਖਾ ਪਾਊ ਹੀ ਕਿਉਂ ਨਾ ਹੋਣ!

ਖ਼ੈਰ, ਮੌਜੂਦਾ ਸਮੇਂ ਦੋ ਮਾਪਦੰਡ ਮਾਅਨੇ ਰੱਖਦੇ ਹਨ। ਪਹਿਲਾ, ਗ੍ਰਿਫ਼ਤਾਰ ਸਰਗਨਿਆਂ ਦੀ ਗਿਣਤੀ ਅਤੇ ਦੂਜਾ, ਅਧਿਕਾਰੀਆਂ ਵੱਲੋਂ ਕਾਰਵਾਈ ਕਰਨ ਤੋਂ ਅਗਲੇ ਦਿਨ ਦੇ ਜ਼ਮੀਨੀ ਹਾਲਾਤ। ਪੰਜਾਬ ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹੈ ਕਿ ਨਸ਼ਿਆਂ ਖ਼ਿਲਾਫ਼ ਸੋਚੀ-ਸਮਝੀ ਰਣਨੀਤੀ ਤਹਿਤ ਵਿੱਢੀ ਕਾਰਵਾਈ ਵੀ ਕਿਵੇਂ ਨਾਕਾਮ ਸਾਬਿਤ ਹੋ ਸਕਦੀ ਹੈ। ਨਸ਼ਿਆਂ ਦੇ ਕਾਰੋਬਾਰ ਵਿਚਲੀਆਂ ਗੁੰਝਲਾਂ ਨੂੰ ਸਮਝਣ ਲਈ ਵਿਆਪਕ ਤੇ ਸਾਲ ਭਰ ਕਾਰਗਰ ਢੰਗ ਨਾਲ ਚੱਲਣ ਵਾਲੀਆਂ ਰਣਨੀਤੀਆਂ ਦੀ ਲੋੜ ਹੈ, ਨਾ ਕਿ ਕਦੇ-ਕਦਾਈਂ ਕੀਤੀਆਂ ਜਾਣ ਵਾਲੀਆਂ ਮੁਹਿੰਮਾਂ ਦੀ। ਇਸ ਸਮੱਸਿਆ ਦਾ ਮੁੱਖ ਪਹਿਲੂ ਨਸ਼ੇ ਦੇ ਮੂਲ ਕਾਰਨਾਂ ਦਾ ਮੁਲਾਂਕਣ ਕਰਨਾ ਅਤੇ ਫਿਰ ਉਨ੍ਹਾਂ ਦੇ ਹੱਲ ਲਈ ਕੋਸ਼ਿਸ਼ ਕਰਨਾ ਹੋਣਾ ਚਾਹੀਦਾ ਹੈ, ਭਾਵੇਂ ਉਹ ਬੇਰੁਜ਼ਗਾਰੀ ਹੋਵੇ, ਸਮਾਜਿਕ-ਆਰਥਿਕ ਅਸਮਾਨਤਾਵਾਂ ਹੋਣ, ਨਸ਼ੀਲੇ ਪਦਾਰਥਾਂ ਦਾ ਸੌਖਿਆਂ ਮਿਲਣਾ ਜਾਂ ਸਾਥੀਆਂ ਦਾ ਦਬਾਅ ਹੋਵੇ।

Advertisement

ਦੂਜੇ ਪਾਸੇ, ਮੁੜਵਸੇਬਾ ਅਤੇ ਨਸ਼ਿਆਂ ਦੀ ਜ਼ਬਤੀ ਵਰਗੇ ਪ੍ਰੋਗਰਾਮਾਂ ਵਿੱਚ ਥੋੜ੍ਹੀ ਜਿਹੀ ਢਿੱਲ ਵੀ ਮਾਮਲਾ ਵਿਗਾੜ ਸਕਦੀ ਹੈ। ਨਸ਼ਾ ਕੋਈ ਖੇਡ ਨਹੀਂ ਹੈ। ਇਹ ਇੱਕ ਅਜਿਹੀ ਬਿਮਾਰੀ ਹੈ, ਜਿਸ ਦਾ ਇਲਾਜ ਸੌਖਿਆਂ ਨਹੀਂ ਹੋ ਸਕਦਾ। ਜੇਕਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੜੀ ਤੋੜਨੀ ਜ਼ਰੂਰੀ ਹੈ ਤਾਂ ਨਸ਼ੇ ਦੀ ਆਦਤ ਅਤੇ ਤਲਬ ਨਾਲ ਨਜਿੱਠਣਾ ਵੀ ਓਨਾ ਹੀ ਅਹਿਮ ਹੈ।

Advertisement

Advertisement
×