ਦਵਾਈਆਂ ਦੀ ਅਜ਼ਮਾਇਸ਼
ਨਿਯਮਾਂ ਵਿੱਚ ਢਿੱਲ ਦੇਣ ਦੇ ਜੋਖ਼ਮ ਸੁਭਾਵਿਕ ਹਨ, ਖ਼ਾਸਕਰ ਦਵਾਈਆਂ ਬਣਾਉਣ ਵਰਗੇ ਸੰਵੇਦਨਸ਼ੀਲ ਖੇਤਰ ਵਿੱਚ, ਜਿੱਥੇ ਜਨਤਕ ਸਿਹਤ, ਵਿਗਿਆਨਕ ਨੇਕਨੀਅਤੀ ਅਤੇ ਵਪਾਰਕ ਹਿੱਤ ਆਪਸ ਵਿੱਚ ਜੁੜੇ ਹੁੰਦੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਨਵੇਂ ਡਰੱਗਜ਼ ਅਤੇ ਕਲੀਨਿਕਲ ਟ੍ਰਾਇਲਜ਼ (ਐੱਨ ਡੀ ਸੀ...
ਨਿਯਮਾਂ ਵਿੱਚ ਢਿੱਲ ਦੇਣ ਦੇ ਜੋਖ਼ਮ ਸੁਭਾਵਿਕ ਹਨ, ਖ਼ਾਸਕਰ ਦਵਾਈਆਂ ਬਣਾਉਣ ਵਰਗੇ ਸੰਵੇਦਨਸ਼ੀਲ ਖੇਤਰ ਵਿੱਚ, ਜਿੱਥੇ ਜਨਤਕ ਸਿਹਤ, ਵਿਗਿਆਨਕ ਨੇਕਨੀਅਤੀ ਅਤੇ ਵਪਾਰਕ ਹਿੱਤ ਆਪਸ ਵਿੱਚ ਜੁੜੇ ਹੁੰਦੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਨਵੇਂ ਡਰੱਗਜ਼ ਅਤੇ ਕਲੀਨਿਕਲ ਟ੍ਰਾਇਲਜ਼ (ਐੱਨ ਡੀ ਸੀ ਟੀ) ਨਿਯਮ 2019 ਵਿੱਚ ਕੀਤੀਆਂ ਸੋਧਾਂ ਵਿੱਚ ਅਜ਼ਮਾਇਸ਼ ਸਬੰਧੀ ਨਿਯਮਾਂ ਨੂੰ ਸੁਖਾਲਾ ਬਣਾਉਣਾ ਅਤੇ ਕਈ ਖੋਜ ਸਰਗਰਮੀਆਂ ਲਈ ਟੈਸਟ ਲਾਇਸੈਂਸਾਂ ਦੀ ਲੋੜ ਖ਼ਤਮ ਕਰਨਾ ਸ਼ਾਮਲ ਹੈ। ਇਨ੍ਹਾਂ ਦਾ ਮੁਲਾਂਕਣ ਇਸ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ ਕਿ ਨਵੀਂ ਨੀਤੀ ਵਿੱਚ ਕਿਹੜੇ ਨਿਯਮਾਂ ਸਬੰਧੀ ਛੋਟ ਦਿੱਤੀ ਗਈ ਹੈ ਤੇ ਉਨ੍ਹਾਂ ਨਾਲ ਕੀ ਲਾਭ ਹੋਵੇਗਾ।
ਇਨ੍ਹਾਂ ਸੁਧਾਰਾਂ ਪਿਛਲਾ ਉਦੇਸ਼ ਸਪੱਸ਼ਟ ਹੈ। ਸਰਕਾਰ ਦਾ ਉਦੇਸ਼ ਘੱਟ ਜੋਖ਼ਮ ਵਾਲੀਆਂ ਖੋਜਾਂ ਲਈ ਪਹਿਲਾਂ ਤੋਂ ਪ੍ਰਵਾਨਗੀ ਲੈਣ ਦੀ ਸ਼ਰਤ ਹਟਾ ਕੇ ਸੂਚਿਤ ਕਰਨ ਦੀ ਪ੍ਰਣਾਲੀ ਲਾਗੂ ਕਰਨਾ, ਕੁਝ ਜੈਵਿਕ ਉਪਲਬਧਤਾ ਅਤੇ ਜੈਵਿਕ ਸਮਾਨਤਾ ਵਾਲੇ ਅਧਿਐਨਾਂ ਲਈ ਇਜਾਜ਼ਤ ਲੈਣ ਦੀ ਸ਼ਰਤ ਹਟਾਉਣਾ, ਲਾਇਸੈਂਸਾਂ ਲਈ ਪ੍ਰਵਾਨਗੀ ਦੀ ਸਮਾਂ-ਸੀਮਾ ਘਟਾ ਕੇ ਰੈਗੂਲੇਟਰੀ ਰੁਕਾਵਟਾਂ ਨੂੰ ਘਟਾਉਣਾ ਅਤੇ ਫਾਰਮਾਸਿਊਟੀਕਲ ਖੋਜਾਂ ਵਿੱਚ ਤੇਜ਼ੀ ਲਿਆਉਣਾ ਦੱਸਿਆ ਗਿਆ ਹੈ। ਇਹ ਸਨਅਤ ਲੰਮੇ ਸਮੇਂ ਤੋਂ ਉਨ੍ਹਾਂ ਰੁਕਾਵਟਾਂ ਨਾਲ ਜੂਝ ਰਹੀ ਹੈ, ਜਿਨ੍ਹਾਂ ਨਾਲ ਸੁਰੱਖਿਆ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੁੰਦਾ। ਇਸ ਲਈ ਮੌਜੂਦਾ ਬਦਲਾਅ ਇਸ ਪ੍ਰਕਿਰਿਆ ਨੂੰ ਛੋਟਾ ਕਰਕੇ, ਖ਼ਾਸ ਤੌਰ ’ਤੇ ਜੈਨਰਿਕ ਅਤੇ ਸ਼ੁਰੂਆਤੀ ਪੜਾਅ ਦੀ ਖੋਜ ਲਈ ਲਾਗਤ ਮੁੱਲ ਘਟਾ ਸਕਦਾ ਹੈ। ਹਾਲਾਂਕਿ ਤੇਜ਼ੀ ਨਾਲ ਪ੍ਰਵਾਨਗੀ ਦੇਣ ਦਾ ਮਤਲਬ ਨਿਰਖ-ਪਰਖ ਦਾ ਕਮਜ਼ੋਰ ਅਮਲ ਜਾਂ ਜਵਾਬਦੇਹੀ ਦੀ ਅਣਹੋਂਦ ਨਹੀਂ ਹੋਣਾ ਚਾਹੀਦਾ। ਸਸਤੀਆਂ ਦਵਾਈਆਂ ਦੇ ਭਰੋਸੇਯੋਗ ਸਪਲਾਇਰ ਵਜੋਂ ਭਾਰਤ ਦੀ ਸਾਖ ਇਸ ਦੀ ਰੈਗੂਲੇਟਰੀ ਨਿਗਰਾਨੀ ਦੀ ਭਰੋਸੇਯੋਗਤਾ ’ਤੇ ਨਿਰਭਰ ਕਰਦੀ ਹੈ।
ਫਾਰਮਾਸਿਊਟੀਕਲ ਵਪਾਰ ਸੁਖਾਲਾ ਬਣਾਉਣ ਲਈ ਸੁਰੱਖਿਆ ਨੇਮਾਂ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਇਸ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਖੋਰਾ ਲੱਗ ਸਕਦਾ ਹੈ ਅਤੇ ਦਵਾਈਆਂ ਨੂੰ ਪ੍ਰਵਾਨਗੀ ਸਬੰਧੀ ਅਪਣਾਈ ਜਾਂਦੀ ਪ੍ਰਕਿਰਿਆ ਦੀ ਮਜ਼ਬੂਤੀ ਪ੍ਰਤੀ ਦੁਨੀਆ ’ਚ ਭਾਰਤ ਬਾਰੇ ਸ਼ੱਕ ਪੈਦਾ ਹੋ ਸਕਦਾ ਹੈ। ਪ੍ਰਵਾਨਗੀ ’ਤੇ ਆਧਾਰਿਤ ਪ੍ਰਣਾਲੀ ਨੂੰ ਹੁਣ ਸੂਚਨਾ ਦੇਣ ਵਾਲੀ ਪ੍ਰਣਾਲੀ ’ਚ ਤਬਦੀਲ ਕਰਨ ਨਾਲ ਨਿਯਮਾਂ ਸਬੰਧੀ ਚੌਕਸੀ ’ਤੇ ਵਧੇਰੇ ਬੋਝ ਪੈਂਦਾ ਹੈ। ਇਸ ਲਈ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਸੰਗਠਨ ਵਿੱਚ ਮਜ਼ਬੂਤ ਨਿਗਰਾਨੀ ਪ੍ਰਬੰਧ, ਪਾਰਦਰਸ਼ੀ ਪ੍ਰਕਿਰਿਆ ਅਤੇ ਸੰਸਥਾਗਤ ਸਮਰੱਥਾ ਵਿੱਚ ਵਾਧੇ ਦੀ ਲੋੜ ਹੈ।
ਪ੍ਰਭਾਵਸ਼ਾਲੀ ਆਡਿਟ, ਰੀਅਲ-ਟਾਈਮ ਡੇਟਾ ਦੀ ਜਾਂਚ ਅਤੇ ਉਲੰਘਣਾ ਕਰਨ ਵਾਲਿਆਂ ਲਈ ਢੁੱਕਵੇਂ ਜੁਰਮਾਨਿਆਂ ਤੋਂ ਇਲਾਵਾ ਨਿਯਮਾਂ ਵਿੱਚ ਦਿੱਤੀ ਜਾਣ ਵਾਲੀ ਢਿੱਲ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨ ਦੀ ਥਾਂ ਨਵੇਂ ਖੱਪੇ ਪਾ ਸਕਦੀ ਹੈ। ਇਸ ਲਈ ਜ਼ਰੂਰੀ ਬਣਾਇਆ ਜਾਵੇ ਕਿ ਇਹ ਸੁਧਾਰ, ਸੰਤੁਲਨ ਦੀ ਗੰਭੀਰ ਪਰਖ ਹੋਵੇ। ਜੇਕਰ ਇਹ ਸੁਧਾਰ ਸਖ਼ਤ ਨਿਗਰਾਨੀ ਅਤੇ ਮਜ਼ਬੂਤ ਜਵਾਬਦੇਹੀ ਨਾਲ ਲਿਆਂਦੇ ਜਾਣ ਤਾਂ ਉਹ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਵਿਗਿਆਨ ਦੀ ਥਾਂ ਸਿਰਫ਼ ਪ੍ਰਕਿਰਿਆ ਦੀ ਤੇਜ਼ ਰਫ਼ਤਾਰ ’ਤੇ ਹੀ ਕੇਂਦਰਿਤ ਰਹਿ ਜਾਣਗੇ।

