DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਦਵਾਈਆਂ ਦੀ ਦੁਰਵਰਤੋਂ

ਕੇਂਦਰ ਸਰਕਾਰ ਨੇ ਅਲਕੋਹਲ ਦੀ ਵੱਧ ਮਾਤਰਾ ਵਾਲੇ ਹਰ ਤਰ੍ਹਾਂ ਦੇ ਸਿਰਪ (ਪੀਣ ਵਾਲੀਆਂ ਦਵਾਈਆਂ) ਦੀ ਵਿਕਰੀ ਨੂੰ ਠੱਲ੍ਹ ਪਾਉਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਇਹ ਇੱਕ ਅਜਿਹਾ ਸੁਧਾਰ ਹੈ, ਜਿਸ ਦੀ ਕਾਫ਼ੀ ਚਿਰ ਤੋਂ ਲੋੜ ਸੀ ਕਿਉਂਕਿ ਕਾਨੂੰਨ ਦੀਆਂ...

  • fb
  • twitter
  • whatsapp
  • whatsapp
Advertisement

ਕੇਂਦਰ ਸਰਕਾਰ ਨੇ ਅਲਕੋਹਲ ਦੀ ਵੱਧ ਮਾਤਰਾ ਵਾਲੇ ਹਰ ਤਰ੍ਹਾਂ ਦੇ ਸਿਰਪ (ਪੀਣ ਵਾਲੀਆਂ ਦਵਾਈਆਂ) ਦੀ ਵਿਕਰੀ ਨੂੰ ਠੱਲ੍ਹ ਪਾਉਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਇਹ ਇੱਕ ਅਜਿਹਾ ਸੁਧਾਰ ਹੈ, ਜਿਸ ਦੀ ਕਾਫ਼ੀ ਚਿਰ ਤੋਂ ਲੋੜ ਸੀ ਕਿਉਂਕਿ ਕਾਨੂੰਨ ਦੀਆਂ ਚੋਰ-ਮੋਰੀਆਂ ਦਾ ਫ਼ਾਇਦਾ ਉਠਾ ਕੇ ਇਨ੍ਹਾਂ ਦਵਾਈਆਂ ਦੀ ਲਗਾਤਾਰ ਦੁਰਵਰਤੋਂ ਹੋ ਰਹੀ ਸੀ। ਜਿਨ੍ਹਾਂ ਦਵਾਈਆਂ ਵਿੱਚ 12 ਫ਼ੀਸਦੀ ਤੋਂ ਵੱਧ ਇਥਾਈਲ ਅਲਕੋਹਲ ਹੈ ਅਤੇ ਜੋ ਵੱਡੀਆਂ ਸ਼ੀਸ਼ੀਆਂ ਵਿੱਚ ਵੇਚੀਆਂ ਜਾਂਦੀਆਂ ਹਨ, ਹੁਣ ਉਨ੍ਹਾਂ ਲਈ ਲਾਇਸੈਂਸ, ਡਾਕਟਰ ਦੀ ਪਰਚੀ ਅਤੇ ਖ਼ਰੀਦ-ਵੇਚ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਆਖ਼ਰਕਾਰ ਉਹ ਸੱਚ ਕਬੂਲ ਕਰ ਲਿਆ ਹੈ, ਜਿਸ ਤੋਂ ਅਫਸਰ ਹੁਣ ਤੱਕ ਅੱਖਾਂ ਮੀਟਦੇ ਆ ਰਹੇ ਸਨ ਕਿ ਨਿਗਰਾਨੀ ਦੀ ਕਮੀ ਕਾਰਨ ਦਵਾਈਆਂ ਵੀ ਨਸ਼ੇ ਦਾ ਰੂਪ ਲੈ ਲੈਂਦੀਆਂ ਹਨ। ਨਵੇਂ ਨਿਯਮਾਂ ਵਿੱਚ ਮਰੀਜ਼ਾਂ ਦੀ ਲੋੜ ਅਤੇ ਲੋਕਾਂ ਦੀ ਸੁਰੱਖਿਆ ਵਿਚਾਲੇ ਬਹੁਤ ਹੀ ਸੂਝ-ਬੂਝ ਨਾਲ ਸੰਤੁਲਨ ਬਣਾਇਆ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਸੱਚਮੁੱਚ ਇਨ੍ਹਾਂ ਦਵਾਈਆਂ ਦੀ ਡਾਕਟਰੀ ਲੋੜ ਹੈ, ਉਹ ਡਾਕਟਰ ਦੀ ਦੇਖ-ਰੇਖ ਹੇਠ ਇਹ ਦਵਾਈਆਂ ਲੈਂਦੇ ਰਹਿਣਗੇ ਜਦੋਂਕਿ ਨਸ਼ੇ ਵਜੋਂ ਇਨ੍ਹਾਂ ਦੀ ਅੰਨ੍ਹੇਵਾਹ ਦੁਰਵਰਤੋਂ ’ਤੇ ਰੋਕ ਲੱਗੇਗੀ। ਇਹ ਕਦਮ ਇਸ ਲਈ ਵੀ ਬੇਹੱਦ ਅਹਿਮ ਹੈ ਕਿਉਂਕਿ ਬਹੁਤੀ ਵਾਰ ਅੱਲ੍ਹੜ ਉਮਰ ਦੇ ਬੱਚੇ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ ਲੋਕ ਅਕਸਰ ਮਹਿੰਗੀ ਸ਼ਰਾਬ ਦੀ ਥਾਂ ਇਨ੍ਹਾਂ ਸਸਤੀਆਂ ਦਵਾਈਆਂ ਨੂੰ ਨਸ਼ੇ ਦੇ ਬਦਲ ਵਜੋਂ ਵਰਤਣ ਲੱਗ ਪੈਂਦੇ ਹਨ।

ਏਮਜ਼ ਦੇ ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ ਦੀਆਂ ਰਿਪੋਰਟਾਂ ਤੋਂ ਸਪੱਸ਼ਟ ਹੋਇਆ ਹੈ ਕਿ ਨਸ਼ਾ ਛੱਡਣ ਦੀ ਆਸ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਵਿੱਚੋਂ ਬਹੁਤ ਸਾਰੇ ਖੰਘ ਦੀਆਂ ਦਵਾਈਆਂ (ਕਫ਼ ਸਿਰਪ) ਸਮੇਤ ਹੋਰ ਕਈ ਫਾਰਮਾਸਿਊਟੀਕਲ ਦਵਾਈਆਂ ਦੇ ਆਦੀ ਹੋ ਚੁੱਕੇ ਸਨ। ਇੰਨਾ ਹੀ ਨਹੀਂ, ਵਿਸ਼ਵ ਸਿਹਤ ਸੰਗਠਨ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜਿੱਥੇ ਸ਼ਰਾਬ ਮਹਿੰਗੀ ਹੋਵੇ ਜਾਂ ਆਸਾਨੀ ਨਾਲ ਨਾ ਮਿਲੇ, ਉੱਥੇ ਅਲਕੋਹਲ ਵਾਲੀਆਂ ਦਵਾਈਆਂ ਨੂੰ ਨਸ਼ੇ ਦੇ ਤੌਰ ’ਤੇ ਵਰਤਣ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ। ਇਹ ਸਾਰੇ ਸੰਕੇਤ ਦੱਸਦੇ ਹਨ ਕਿ ਜਿਵੇਂ-ਜਿਵੇਂ ਨਸ਼ੇੜੀਆਂ ਵੱਲੋਂ ਨਸ਼ਾ ਕਰਨ ਦੇ ਤਰੀਕੇ ਬਦਲ ਰਹੇ ਹਨ, ਉਵੇਂ-ਉਵੇਂ ਸਾਡੇ ਕਾਨੂੰਨਾਂ ਅਤੇ ਨਿਯਮਾਂ ਨੂੰ ਵੀ ਵਧੇਰੇ ਸਖ਼ਤ ਤੇ ਚੌਕਸ ਹੋਣ ਦੀ ਲੋੜ ਹੈ।

Advertisement

ਕਾਗਜ਼ੀ ਨਿਯਮ ਤਾਂ ਸਿਰਫ਼ ਸ਼ੁਰੂਆਤ ਹਨ। ਇਸ ਨੂੰ ਅਸਲ ਵਿੱਚ ਲਾਗੂ ਕਰਨ ਲਈ ਡਰੱਗ ਇੰਸਪੈਕਟਰਾਂ ਦੀ ਗਿਣਤੀ ਵਧਾਉਣੀ, ਮੈਡੀਕਲ ਸਟੋਰਾਂ ’ਤੇ ਸਖ਼ਤੀ ਕਰਨੀ ਅਤੇ ਦਵਾਈਆਂ ਦਾ ਰਿਕਾਰਡ ਡਿਜੀਟਲ ਕਰਨਾ ਲਾਜ਼ਮੀ ਹੈ। ਡਾਕਟਰ ਵੀ ਇਹ ਦਵਾਈਆਂ ਬਹੁਤ ਲੋੜ ਪੈਣ ’ਤੇ ਹੀ ਲਿਖਣ ਅਤੇ ਮਰੀਜ਼ਾਂ ਨੂੰ ਸੁਚੇਤ ਕਰਨ। ਲੋਕਾਂ ਨੂੰ ਜਾਗਰੂਕ ਕਰਨਾ ਵੀ ਬੇਹੱਦ ਜ਼ਰੂਰੀ ਹੈ ਕਿਉਂਕਿ ਕਿਸੇ ਸ਼ੀਸ਼ੀ ’ਤੇ ‘ਦਵਾਈ’ ਲਿਖੇ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਨੁਕਸਾਨ ਨਹੀਂ ਕਰ ਸਕਦੀ। ਸਰਕਾਰ ਦਾ ਮੁੱਢਲਾ ਫ਼ਰਜ਼ ਹੈ ਕਿ ਇਲਾਜ ਲਈ ਬਣੀਆਂ ਚੀਜ਼ਾਂ ਨਸ਼ਾ ਨਾ ਬਣਨ। ਕਦਮ ਸਹੀ ਹੈ, ਪਰ ਹੁਣ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਦ੍ਰਿੜ੍ਹਤਾ ਦਿਖਾਉਣੀ ਪਵੇਗੀ, ਨਹੀਂ ਤਾਂ ਇਹ ਖ਼ਤਰਨਾਕ ਚੋਰ-ਮੋਰੀ ਅੱਧੀ-ਅਧੂਰੀ ਹੀ ਬੰਦ ਹੋਵੇਗੀ।

Advertisement

Advertisement
×