ਹਿੰਸਾ ਮਨੁੱਖੀ ਸੁਭਾਅ ਦਾ ਉਹ ਅੰਗ ਹੈ ਜਿਸ ਦੀ ਵਰਤੋਂ ਮਨੁੱਖ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਦੀ ਅਤੇ ਦੁੱਖ ਪਹੁੰਚਾਉਂਦੀ ਹੈ। ਆਦਿ ਕਾਲੀਨ ਸਮਿਆਂ ਤੋਂ ਮਨੁੱਖ-ਸਮੂਹ ਇਕ ਦੂਸਰੇ ਵਿਰੁੱਧ ਵੱਡੀ ਪੱਧਰ ਦੀ ਹਿੰਸਾ ਕਰਦੇ ਆਏ ਹਨ; ਲੜਾਈਆਂ ਤੇ ਕਤਲੋਗ਼ਾਰਤ ਦੀਆਂ ਕਹਾਣੀਆਂ ਮਨੁੱਖੀ ਇਤਿਹਾਸ ਦਾ ਹਿੱਸਾ ਹਨ। ਸਮੂਹਿਕ ਹਿੰਸਾ ਦੇ ਨਾਲ ਨਾਲ ਨਿੱਜੀ ਹਿੰਸਾ ਅਤੇ ਖ਼ਾਸ ਕਰ ਕੇ ਆਪਣੇ ਪਰਿਵਾਰ ਦੇ ਜੀਆਂ ਵਿਰੁੱਧ ਹਿੰਸਾ ਹੋਰ ਪ੍ਰੇਸ਼ਾਨ ਕਰ ਦੇਣ ਵਾਲਾ ਵਰਤਾਰਾ ਹੈ। ਪਿਛਲੇ ਕੁਝ ਦਿਨਾਂ ਵਿਚ ਪੰਜਾਬ-ਹਰਿਆਣਾ ਵਿਚ ਘਰੇਲੂ ਹਿੰਸਾ ਦੀਆਂ ਖ਼ਬਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਮੰਗਲਵਾਰ ਪੰਜਾਬ ਦੇ ਪ੍ਰਮੁੱਖ ਸਨਅਤੀ ਸ਼ਹਿਰ ਦੇ ਇਕ ਵਸਨੀਕ ਨੇ ਆਪਣੀ ਪਤਨੀ, ਪੁੱਤਰ, ਨੂੰਹ ਅਤੇ ਪੋਤੇ ਨੂੰ ਕੁਝ ਮਿੰਟਾਂ ਵਿਚ ਹੀ ਖਤਮ ਕਰ ਦਿੱਤਾ। ਇਸੇ ਦਿਨ ਕਰਨਾਲ ਜ਼ਿਲ੍ਹੇ ਵਿਚ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਨੂੰ ਨਹਿਰ ਵਿਚ ਸੁੱਟ ਦਿੱਤਾ। ਇਸੇ ਤਰ੍ਹਾਂ ਬਠਿੰਡੇ ਵਿਚ ਇਕ ਨੌਜਵਾਨ ਨੇ ਇਕ ਘਰ ਦੇ ਤਿੰਨ ਜੀਆਂ ਦਾ ਕਤਲ ਕਰ ਕੇ ਖ਼ੁਦ ਖੁਦਕੁਸ਼ੀ ਕਰ ਲਈ। ਅਜਿਹੀਆਂ ਘਟਨਾਵਾਂ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਮਨੁੱਖ ਆਪਣੇ ਪਰਿਵਾਰਕ ਜੀਆਂ ਅਤੇ ਨਜ਼ਦੀਕੀਆਂ, ਜਿਨ੍ਹਾਂ ਨੂੰ ਉਸ ਨੇ ਸਾਰੀ ਉਮਰ ਪਿਆਰ ਕੀਤਾ ਹੁੰਦਾ ਹੈ, ਵਿਰੁੱਧ ਅਜਿਹਾ ਵਰਤਾਉ ਕਿਉਂ ਕਰਦਾ ਹੈ।
ਆਮ ਕਰ ਕੇ ਅਜਿਹੇ ਵਰਤਾਓ ਬਾਰੇ ਇਹ ਕਿਹਾ ਜਾਂਦਾ ਹੈ ਕਿ ਅਜਿਹਾ ਕਾਰਾ ਕਰਨ ਵਾਲੇ ਵਿਅਕਤੀ ਨੇ ਮਨੁੱਖ ਵਰਗਾ ਨਹੀਂ ਸਗੋਂ ਪਸ਼ੂਆਂ ਵਾਲਾ ਵਿਹਾਰ ਕੀਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਸ਼ੂ ਅਜਿਹੀ ਹਿੰਸਾ ਕਦੇ ਵੀ ਨਹੀਂ ਕਰਦੇ। ਅਜਿਹੀ ਹਿੰਸਾ ਸਿਰਫ਼ ਮਨੁੱਖ ਕਰਦਾ ਹੈ। ਮਾਨਸਿਕ ਪ੍ਰੇਸ਼ਾਨੀਆਂ ਕਈ ਵਾਰ ਕੁਝ ਵਿਅਕਤੀਆਂ ਨੂੰ ਅਜਿਹੀ ਮਾਨਸਿਕ ਸਥਿਤੀ ਵਿਚ ਪਹੁੰਚਾ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਬੇਮਾਇਨੀ ਲੱਗਣ ਲੱਗ ਪੈਂਦੀ ਹੈ; ਉਨ੍ਹਾਂ ਲਈ ਉਹ ਪਰਿਵਾਰਕ ਤੇ ਸਮਾਜਿਕ ਰਿਸ਼ਤੇ ਜਿਨ੍ਹਾਂ ਨੂੰ ਮਨੁੱਖ ਆਪਣੇ ਵਿਕਾਸ ਤੇ ਤਰੱਕੀ ਦੇ ਚਿੰਨ ਸਮਝਦਾ ਹੈ, ਅਰਥਹੀਣ ਹੋ ਜਾਂਦੇ ਹਨ। ਸਮਾਜਿਕ ਦਬਾਉ, ਆਰਥਿਕ ਪ੍ਰੇਸ਼ਾਨੀਆਂ ਅਤੇ ਮਨੁੱਖੀ ਮਨ ਅੰਦਰ ਚੱਲ ਰਹੀ ਕਸ਼ਮਕਸ਼ ਕਈ ਵਾਰ ਮਨੁੱਖ ਨੂੰ ਅਜਿਹੀਆਂ ਮਨੋਵਿਗਿਆਨਕ ਗੁੰਝਲਾਂ ਵਿਚ ਫਸਾ ਦਿੰਦੇ ਹਨ ਕਿ ਉਸ ਦੀ ਸੋਚ ਸਮਝ ਜਵਾਬ ਦੇ ਦਿੰਦੀਆਂ ਹਨ ਅਤੇ ਉਹ ਆਪਣੇ ਅੰਦਰ ਉੱਠ ਰਹੇ ਹਿੰਸਕ ਤੂਫ਼ਾਨ ਸਾਹਮਣੇ ਬੇਵੱਸ ਹੋ ਜਾਂਦਾ ਹੈ। ਕਈ ਚਿੰਤਕ ਮਨੁੱਖੀ ਹਿੰਸਾ ਨੂੰ ਸਮਾਜਾਂ, ਧਰਮਾਂ ਤੇ ਰਿਆਸਤਾਂ (ਸਟੇਟ) ਬਣਨ ਨਾਲ ਜੋੜ ਕੇ ਵੇਖਦੇ ਹਨ ਜਦੋਂਕਿ ਕੁਝ ਹੋਰ ਚਿੰਤਕਾਂ ਅਨੁਸਾਰ ਇਹ ਮਨੁੱਖੀ ਮਨ ਵਿਚ ਸਮਾਜਾਂ, ਧਰਮਾਂ ਅਤੇ ਰਿਆਸਤਾਂ ਦੇ ਬਣਨ ਤੋਂ ਪਹਿਲਾਂ ਵੀ ਮੌਜੂਦ ਸੀ।
ਮਨੁੱਖ ਸਦੀਆਂ ਤੋਂ ਆਪਣੇ ਅੰਦਰਲੀ ਹਿੰਸਾ ਵਿਰੁੱਧ ਸੰਘਰਸ਼ ਕਰਦਾ ਆਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅਜਿਹੀ ਹਿੰਸਾ ’ਤੇ ਕਾਬੂ ਪਾਉਣ ਨਾਲ ਹੀ ਉਹ ਮਨੁੱਖਤਾ ਦੀ ਰਾਹ ’ਤੇ ਅਗਾਂਹ ਵਧਦਾ ਹੈ ਪਰ ਇਤਿਹਾਸ ਮਨੁੱਖ ਦੇ ਸਮੂਹਿਕ ਹਿੰਸਾ ਦੇ ਖੂਨੀ ਕਾਂਡਾਂ ਨਾਲ ਭਰਿਆ ਪਿਆ ਹੈ। ਮਨੁੱਖਤਾ ਦੇ ਅਨੇਕ ਰਹਬਿਰਾਂ, ਗੁਰੂਆਂ, ਪੈਗੰਬਰਾਂ, ਪੀਰਾਂ-ਫ਼ਕੀਰਾਂ, ਸਮਾਜਿਕ ਆਗੂਆਂ ਅਤੇ ਦਾਨਿਸ਼ਵਰਾਂ ਨੇ ਲੋਕਾਂ ਦਾ ਧਿਆਨ ਹਿੰਸਾ ਦੇ ਵਰਤਾਰੇ ਵੱਲ ਦਿਵਾਇਆ ਅਤੇ ਇਸ ਤੋਂ ਮੂੰਹ ਮੋੜਨ ਅਤੇ ਆਪਸੀ ਪ੍ਰੇਮ ਅਤੇ ਸਾਂਝੀਵਾਲਤਾ ਦੇ ਜਜ਼ਬਿਆਂ ’ਤੇ ਜ਼ੋਰ ਦਿੱਤਾ। ਅਜਿਹੀ ਅਗਵਾਈ ਕਾਰਨ ਹੀ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਨੂੰ ਸਮਝਣ ਅਤੇ ਇਸ ਵਿਚੋਂ ਹਿੰਸਾ ਘਟਾਉਣ ਦੀ ਪ੍ਰੇਰਨਾ ਮਿਲੀ। ਅਜੋਕੇ ਸਮਿਆਂ ਵਿਚ ਮਾਨਸਿਕ ਤਣਾਉ ਅਤੇ ਦਬਾਅ ਬਹੁਤ ਤੇਜ਼ੀ ਨਾਲ ਵਧੇ ਹਨ। ਸਮਾਜਿਕ ਘੁਟਣ ਤੇ ਮਨੁੱਖ ਨੂੰ ਸਮਾਜ ਵੱਲੋਂ ਸਵੀਕਾਰੀ ਗਈ ਜੀਵਨ-ਜਾਚ ਅਨੁਸਾਰ ਜਿਊਣ ਦੀ ਪਾਬੰਦੀ ਵੀ ਕਈ ਵਾਰ ਕੁਝ ਵਿਅਕਤੀਆਂ ਲਈ ਮਨੋਵਿਗਿਆਨਕ ਪੱਧਰ ’ਤੇ ਇੰਨੀ ਗਲਘੋਟਵੀਂ ਸਾਬਿਤ ਹੁੰਦੀ ਹੈ ਕਿ ਉਨ੍ਹਾਂ ਨੂੰ ਹਿੰਸਾ ਤੋਂ ਬਿਨਾ ਕੋਈ ਹੋਰ ਰਾਹ ਦਿਖਾਈ ਨਹੀਂ ਦਿੰਦਾ। ਟੁੱਟਦੇ ਹੋਏ ਪਰਿਵਾਰਾਂ ਤੇ ਘਟਦੀ ਹੋਈ ਭਾਈਚਾਰਕ ਸਾਂਝ ਕਾਰਨ ਵੀ ਮਨੁੱਖੀ ਮਨਾਂ ਵਿਚ ਅਜਿਹੇ ਖਲਲ ਪੈਦਾ ਹੁੰਦੇ ਹਨ। ਅਜਿਹੀ ਹਿੰਸਾ ਰੋਕਣ ਲਈ ਸਿੱਕੇਬੰਦ ਅਤੇ ਕਦੇ ਨਾ ਅਸਫ਼ਲ ਹੋਣ ਵਾਲੀ ਸਲਾਹ ਤਾਂ ਸ਼ਾਇਦ ਕੋਈ ਵੀ ਨਹੀਂ ਦੇ ਸਕਦਾ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼, ਭਾਈਚਾਰਕ ਸਾਂਝ ਨੂੰ ਵਧਾਉਣਾ ਅਤੇ ਪਰਿਵਾਰਕ ਰਿਸ਼ਤਿਆਂ ਵਿਚਲੀਆਂ ਗੁੰਝਲਾਂ ਨੂੰ ਸਹਿਜ ਅਤੇ ਠਰ੍ਹੰਮੇ ਨਾਲ ਸੁਲਝਾਉਣ ਦੇ ਯਤਨ ਅਜਿਹੀਆਂ ਘਟਨਾਵਾਂ ਨੂੰ ਘਟਾ ਸਕਦੇ ਹਨ।