DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਂਸਰ ਦੇ ਪ੍ਰੇਸ਼ਾਨ ਕਰਨ ਵਾਲੇ ਅੰਕੜੇ

ਭਾਰਤ ਵਿੱਚ ਜੇਕਰ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋ ਜਾਵੇ ਤਾਂ ਇਹ ਨਾ ਸਿਰਫ਼ ਮਰੀਜ਼ ਨੂੰ ਸਰੀਰਕ ਪੱਖੋਂ ਸਗੋਂ ਉਸ ਦੇ ਪਰਿਵਾਰ ਨੂੰ ਵੀ ਆਰਥਿਕ ਪੱਖੋਂ ਤੋੜ ਦਿੰਦੀ ਹੈ। ‘ਲਾਂਸੈੱਟ’ ਰਸਾਲੇ ਦੇ ਇੱਕ ਅਧਿਐਨ ਬਾਰੇ ਹਾਲ ਹੀ ’ਚ ਛਪੀ ਇੱਕ...

  • fb
  • twitter
  • whatsapp
  • whatsapp
Advertisement

ਭਾਰਤ ਵਿੱਚ ਜੇਕਰ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋ ਜਾਵੇ ਤਾਂ ਇਹ ਨਾ ਸਿਰਫ਼ ਮਰੀਜ਼ ਨੂੰ ਸਰੀਰਕ ਪੱਖੋਂ ਸਗੋਂ ਉਸ ਦੇ ਪਰਿਵਾਰ ਨੂੰ ਵੀ ਆਰਥਿਕ ਪੱਖੋਂ ਤੋੜ ਦਿੰਦੀ ਹੈ। ‘ਲਾਂਸੈੱਟ’ ਰਸਾਲੇ ਦੇ ਇੱਕ ਅਧਿਐਨ ਬਾਰੇ ਹਾਲ ਹੀ ’ਚ ਛਪੀ ਇੱਕ ਰਿਪੋਰਟ ਵਿੱਚ ਬਹੁਤ ਪ੍ਰੇਸ਼ਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਕਿ 11 ਹਜ਼ਾਰ ਰੁਪਏ ਮਹੀਨਾ ਆਮਦਨ ਵਾਲੇ ਪਰਿਵਾਰ ’ਚ ਜੇਕਰ ਕਿਸੇ ਮੈਂਬਰ ਨੂੰ ਕੈਂਸਰ ਦੀ ਬਿਮਾਰੀ ਹੋਵੇ ਤਾਂ ਇਸ ਦੇ ਇਲਾਜ ਲਈ ਹਸਪਤਾਲ ਦਾ ਇੱਕ ਗੇੜਾ ਹੀ 93 ਹਜ਼ਾਰ ਰੁਪਏ ਤੱਕ ਪੈ ਸਕਦਾ ਹੈ।

ਇਹ ਲੱਖਾਂ ਗ਼ਰੀਬ ਅਤੇ ਨਿਮਨ ਮੱਧਵਰਗੀ ਪਰਿਵਾਰਾਂ ਦੀ ਹਕੀਕਤ ਹੈ ਜਿਨ੍ਹਾਂ ਨੂੰ ਲਗਾਤਾਰ ਇਲਾਜ ਜਾਰੀ ਰੱਖਣ ਅਤੇ ਵਿੱਤੀ ਤੌਰ ’ਤੇ ਖ਼ੁਦ ਨੂੰ ਬਚਾਈ ਰੱਖਣ ਵਿਚਾਲੇ ਚੋਣ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ‘ਆਯੂਸ਼ਮਾਨ ਭਾਰਤ’ ਵਰਗੀਆਂ ਸਿਹਤ ਬੀਮਾ ਯੋਜਨਾਵਾਂ ਦੇ ਬਾਵਜੂਦ ਬਿਮਾਰੀ ’ਤੇ ਹੋਣ ਵਾਲੇ ਖਰਚ ਦਾ ਵੱਡਾ ਹਿੱਸਾ ਪ੍ਰਮੁੱਖ ਤੌਰ ’ਤੇ ਮਰੀਜ਼ ਅਤੇ ਉਸ ਦੇ ਪਰਿਵਾਰ ਦੀ ਜੇਬ ਵਿੱਚੋਂ ਹੀ ਜਾ ਰਿਹਾ ਹੈ। ਬੀਮਾ ਸੀਮਾਵਾਂ, ਆਧੁਨਿਕ ਥੈਰੇਪੀਆਂ ਲਈ ਕਾਰਡ ਧਾਰਕਾਂ ਦਾ ਅਯੋਗ ਹੋਣਾ, ਡਾਇਗਨੌਸਟਿਕ ਲਾਗਤਾਂ, ਯਾਤਰਾ ਅਤੇ ਰਿਹਾਇਸ਼ ਆਦਿ ’ਤੇ ਹੋਣ ਵਾਲਾ ਖਰਚ ਅਤੇ ਕੰਮ ਨਾ ਕਰ ਸਕਣ ਕਰਕੇ ਆਮਦਨ ਘਟਣਾ ਆਦਿ ਬਿਮਾਰ ਵਿਅਕਤੀ ਦੇ ਪੂਰੇ ਪਰਿਵਾਰ ਨੂੰ ਕਰਜ਼ੇ ਹੇਠ ਦੱਬ ਦਿੰਦੇ ਹਨ। ਇਸ ਕਾਰਨ ਬਹੁਤੀ ਵਾਰ ਪੀੜਤ ਦੇ ਪਰਿਵਾਰ ਆਪਣੇ ਮਕਾਨ ਜਾਂ ਜ਼ਮੀਨ ਆਦਿ ਵੇਚਣ ਜਾਂ ਫਿਰ ਕਈ ਵਾਰ ਇਲਾਜ ਵਿਚਾਲੇ ਹੀ ਛੱਡ ਦੇਣ ਵਰਗੇ ਫ਼ੈਸਲੇ ਲੈਣ ਲਈ ਮਜਬੂਰ ਹੋ ਜਾਂਦੇ ਹਨ।

Advertisement

ਅਸਲ ਸਮੱਸਿਆ ਢਾਂਚਾਗਤ ਹੈ। ਕਮਜ਼ੋਰ ਸਕ੍ਰੀਨਿੰਗ ਪ੍ਰੋਗਰਾਮਾਂ ਅਤੇ ਲੋਕਾਂ ਵਿੱਚ ਲੋੜੀਂਦੀ ਜਾਗਰੂਕਤਾ ਨਾ ਹੋਣ ਕਾਰਨ ਇਲਾਜ ਵਿੱਚ ਦੇਰੀ ਆਮ ਗੱਲ ਹੈ। ਜਦੋਂ ਤੱਕ ਮਰੀਜ਼ ਇਲਾਜ ਲਈ ਹਸਪਤਾਲ ਪਹੁੰਚਦਾ ਹੈ, ਉਦੋਂ ਤੱਕ ਬਿਮਾਰੀ ਕਾਫ਼ੀ ਵਧ ਚੁੱਕੀ ਹੁੰਦੀ ਹੈ, ਜਿਸ ਕਰਕੇ ਇਲਾਜ ਹੋਰ ਲੰਮਾ ਚੱਲਦਾ ਹੈ ਤੇ ਬਿਮਾਰੀ ’ਤੇ ਹੋਣ ਵਾਲਾ ਖਰਚ ਵੀ ਤੇਜ਼ੀ ਨਾਲ ਵਧਦਾ ਜਾਂਦਾ ਹੈ। ਭੂਗੋਲਿਕ ਸਥਿਤੀ ਵੀ ਇਸ ਬੋਝ ਵਿੱਚ ਵਾਧਾ ਕਰਦੀ ਹੈ। ਆਧੁਨਿਕ ਤਕਨੀਕੀ ਸਹੂਲਤਾਂ ਜ਼ਿਆਦਾਤਰ ਸ਼ਹਿਰਾਂ ਤੱਕ ਹੀ ਸੀਮਤ ਹਨ, ਜਿਸ ਕਾਰਨ ਮਰੀਜ਼ਾਂ ਨੂੰ ਇਲਾਜ ਦੌਰਾਨ ਅਸਥਾਈ ਤੌਰ ’ਤੇ ਪਰਵਾਸ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਇਹ ਸੰਕਟ ਹੋਰ ਵੀ ਗੰਭੀਰ ਰੂਪ ਵਿੱਚ ਸਾਹਮਣੇ ਆਇਆ ਹੈ, ਜਿੱਥੇ ਕੈਂਸਰ ਦੇ ਮਾਮਲਿਆਂ ਵਿੱਚ ਚਿੰਤਾਜਨਕ ਤੌਰ ’ਤੇ ਵਾਧਾ ਦਰਜ ਕੀਤਾ ਗਿਆ ਹੈ। ਕਈ ਕਹਾਕਿਆਂ ਤੋਂ ਫ਼ਸਲ ਵੱਧ ਲੈਣ ਲਈ ਖੇਤਾਂ ਵਿੱਚ ਹੱਦੋਂ ਵੱਧ ਕੀਤੀ ਜਾ ਰਹੀ ਕੀਟਨਾਸ਼ਕਾਂ ਦੀ ਵਰਤੋਂ, ਉਦਯੋਗਿਕ ਪ੍ਰਦੂਸ਼ਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪ੍ਰਦੂਸ਼ਿਤ ਹੋਣ ਨਾਲ ਇੱਥੋਂ ਦੀ ਜ਼ਮੀਨ ਹੀ ਖ਼ਰਾਬ ਹੋ ਗਈ ਹੈ। ਇਸ ਦੇ ਸਿੱਟੇ ਵਜੋਂ ਸੂਬੇ ਦਾ ਅੰਨ ਭੰਡਾਰ ਸਿਹਤ ਸੰਕਟ ਦਾ ਕੇਂਦਰ ਬਣ ਗਿਆ ਹੈ। ਪੇਂਡੂ ਭਾਈਚਾਰਿਆਂ ਦਾ ਕੈਂਸਰ ਫੈਲਾਉਣ ਵਾਲੇ ਤੱਤਾਂ ਆਦਿ ਦੇ ਸੰਪਰਕ ਵਿੱਚ ਆਉਣ ਦਾ ਖਦਸ਼ਾ ਹੋਰ ਵਧ ਗਿਆ ਹੈ।

Advertisement

ਲਾਂਸੈੱਟ ਰਸਾਲੇ ਦੇ ਅਧਿਐਨ ਵਿੱਚ ਸਮਾਜਿਕ ਨਾਬਰਾਬਰੀ ਵੱਲ ਦਿਵਾਏ ਗਏ ਧਿਆਨ ਨੂੰ ਇੱਕ ਚਿਤਾਵਨੀ ਵਜੋਂ ਲੈਣ ਦੀ ਲੋੜ ਹੈ। ਜਿਨ੍ਹਾਂ ਕੋਲ ਸਭ ਤੋਂ ਘੱਟ ਸਰੋਤ ਹਨ, ਉਨ੍ਹਾਂ ਨੂੰ ਹੀ ਇਲਾਜ ਲਈ ਸਭ ਤੋਂ ਵੱਧ ਵਿੱਤੀ ਬੋਝ ਝੱਲਣਾ ਪੈ ਰਿਹਾ ਹੈ। ਸਰਕਾਰ ਵੱਲੋਂ ਐਲਾਨੇ ਗਏ ਯੂਨੀਵਰਸਲ ਸਿਹਤ ਕਵਰੇਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਕੈਂਸਰ ਦਾ ਇਲਾਜ ਸਿਰਫ਼ ਬੀਮਾ ਵਾਅਦਿਆਂ ਦੀਆਂ ਸੀਮਾਵਾਂ ਤੱਕ ਹੀ ਸੀਮਤ ਨਾ ਰਹੇ। ਮਜ਼ਬੂਤ ​​ਜਨਤਕ ਓਨਕੋਲੋਜੀ ਬੁਨਿਆਦੀ ਢਾਂਚਾ, ਮੁਨਾਸਬ ਪੈਕੇਜ ਦਰਾਂ, ਲੋੜੀਂਦੀਆਂ ਦਵਾਈਆਂ ਦੀ ਕੀਮਤ ’ਤੇ ਕੰਟਰੋਲ ਅਤੇ ਬਿਮਾਰੀ ਦੀ ਪਛਾਣ ਅਤੇ ਇਲਾਜ ਵਿੱਚ ਤੇਜ਼ੀ ਲਿਆਉਣ ਲਈ ਨਿਵੇਸ਼ ਲਾਜ਼ਮੀ ਹੈ। ਇਹ ਕਦਮ ਨਾ ਚੁੱਕੇ ਗਏ ਤਾਂ ਕੈਂਸਰ ਲੋਕਾਂ ਨੂੰ ਲਗਾਤਾਰ ਗ਼ਰੀਬੀ ਵੱਲ ਧੱਕਦਾ ਰਹੇਗਾ।

Advertisement
×