ਦਸ ਫੱਗਣ ਦੇ ਦਿਨ ਸੌ ਸਾਲ ਪਹਿਲਾਂ ਨਨਕਾਣਾ ਸਾਹਿਬ ਵਿਚ ਵਾਪਰੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਈ ਜਾਣੀ ਹੈ। ਨਨਕਾਣਾ ਸਾਹਿਬ ’ਚ ਹੋ ਰਹੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਸਿੱਖਾਂ ਦੇ ਜਥੇ ਨੇ ਵੀਰਵਾਰ (18 ਫਰਵਰੀ) ਨੂੰ ਪਾਕਿਸਤਾਨ ਜਾਣਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੂੰ ਬੁੱਧਵਾਰ (17 ਜਨਵਰੀ) ਪੱਤਰ ਭੇਜ ਕੇ ਜਥੇ ’ਤੇ ਰੋਕ ਲਗਾ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਪੱਤਰ ਅਨੁਸਾਰ ਜਥੇ ਨੂੰ ਸੁਰੱਖਿਆ ਅਤੇ ਕਰੋਨਾ ਦੇ ਕਾਰਨਾਂ ਕਰ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਸਿਆਸੀ ਮਾਹਿਰ ਇਹ ਸਵਾਲ ਉਠਾ ਰਹੇ ਹਨ ਕਿ ਕੀ ਕੇਂਦਰੀ ਸਰਕਾਰ ਨਨਕਾਣਾ ਸਾਹਿਬ ਗੁਰਦੁਆਰੇ ਵਿਚ 100 ਸਾਲ ਪਹਿਲਾਂ ਹੋਏ ਸਿੱਖਾਂ ਦੇ ਕਤਲੇਆਮ ਦੀ ਘਟਨਾ ਦੇ ਮਹੱਤਵ ਤੋਂ ਅਣਜਾਣ ਹੈ ਜਾਂ ਅਜਿਹਾ ਕੁਝ ਹੋਰ ਕਾਰਨਾਂ ਕਰ ਕੇ ਕੀਤਾ ਜਾ ਰਿਹਾ ਹੈ। 100 ਸਾਲ ਪਹਿਲਾਂ ਭਾਈ ਲਛਮਣ ਸਿੰਘ ਦੀ ਅਗਵਾਈ ਵਿਚ ਨਨਕਾਣਾ ਸਾਹਿਬ ਪਹੁੰਚੇ ਜਥੇ ਨੇ ਅਜ਼ੀਮ ਕੁਰਬਾਨੀਆਂ ਦੇ ਕੇ ਨਨਕਾਣਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ’ਚੋਂ ਛੁਡਾਉਣ ਦਾ ਰਾਹ ਪੱਧਰਾ ਕੀਤਾ। ਮਹੰਤ ਅਤੇ ਉਸ ਦੇ ਹਮਾਇਤੀਆਂ, ਜਿਨ੍ਹਾਂ ਦੀ ਪਿੱਠ ’ਤੇ ਅੰਗਰੇਜ਼ ਸਰਕਾਰ ਸੀ, ਨੇ ਜਥੇ ’ਤੇ ਅਕਹਿ ਜ਼ੁਲਮ ਢਾਏ ਪਰ ਜਥੇ ਦੇ ਸਾਰੇ ਮੈਂਬਰਾਂ ਨੇ ਸ਼ਾਂਤਮਈ ਰਹਿ ਕੇ ਅਨੂਠਾ ਸੰਜਮ ਅਤੇ ਸਬਰ ਦਿਖਾਇਆ। ਸੈਂਕੜੇ ਸਿੱਖਾਂ ਨੇ ਕੁਰਬਾਨੀ ਦਿੱਤੀ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਮੁੱਚੇ ਸਿੱਖ ਜਗਤ ਅਤੇ ਪੰਜਾਬੀ ਆਗੂਆਂ ਦੇ ਨਾਲ ਨਾਲ ਮਹਾਤਮਾ ਗਾਂਧੀ, ਸ਼ੌਕਤ ਅਲੀ ਅਤੇ ਹੋਰ ਕੌਮੀ ਆਗੂ ਨਨਕਾਣਾ ਸਾਹਿਬ ਪਹੁੰਚੇ। ਅਜਿਹੇ ਦਿਹਾੜੇ ਦੇ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਲ ਹੋ ਰਹੇ ਜਥੇ ਨੂੰ ਰੋਕਣਾ ਅਸੰਵੇਦਨਸ਼ੀਲਤਾ ਦੀ ਸਿਖ਼ਰ ਹੈ।
ਕੇਂਦਰ ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਮੰਦਭਾਗਾ ਫ਼ੈਸਲਾ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਸੁਰੱਖਿਆ ਦੇ ਤਰਕ ਕਾਰਨ ਜਥੇ ਦੀ ਯਾਤਰਾ ’ਤੇ ਰੋਕ ਲਗਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ‘‘ਕਿਉਂਕਿ ਲੰਘੇ ਨਵੰਬਰ ਮਹੀਨੇ ਵਿਚ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰ ਕੇ ਆਇਆ ਹੈ। ਜੇਕਰ ਉਸ ਵਕਤ ਖ਼ਤਰਾ ਨਹੀਂ ਸੀ ਤਾਂ ਹੁਣ ਖ਼ਤਰਾ ਕਿਵੇਂ ਪੈਦਾ ਹੋ ਗਿਆ।’’ ਜਗੀਰ ਕੌਰ ਅਨੁਸਾਰ ਭਾਰਤ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਨੇ ਸਭ ਸ਼ਰਧਾਲੂਆਂ ਬਾਰੇ ਜਾਣਕਾਰੀ ਲੈਣ ਅਤੇ ਜਾਂਚ ਤੋਂ ਬਾਅਦ ਹੀ ਪਾਕਿਸਤਾਨ ਦੂਤਾਵਾਸ ਨੇ ਵੀਜ਼ੇ ਜਾਰੀ ਕੀਤੇ ਸਨ। ਇਹ ਵੀ ਯਾਦ ਰੱਖਣ ਯੋਗ ਹੈ ਕਿ ਕਰਤਾਰਪੁਰ ਲਾਂਘਾ ਉਸ ਵੇਲੇ ਖੋਲ੍ਹਿਆ ਗਿਆ ਸੀ ਜਦ ਦੋਹਾਂ ਦੇਸ਼ਾਂ ਵਿਚ ਤਣਾਉ ਸਿਖ਼ਰਾਂ ’ਤੇ ਸੀ।
ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਇਹ ਸਮਝਣ ਦੇ ਅਸਮਰੱਥ ਹਨ ਜਾਂ ਜਾਣ-ਬੁੱਝ ਕੇ ਇਹ ਸਮਝਣਾ ਨਹੀਂ ਚਾਹੁੰਦੀਆਂ ਕਿ ਪੰਜਾਬ ਸਰਹੱਦ ਦੇ ਦੋਵੇਂ ਪਾਸੇ ਵੱਸਦਾ ਹੈ; 1947 ਵਿਚ ਹੋਈ ਵੰਡ ਮੰਦਭਾਗੀ ਅਤੇ ਗ਼ਲਤ ਸੀ ਅਤੇ ਦੋਹਾਂ ਪੰਜਾਬਾਂ ਦੇ ਲੋਕਾਂ ਵਿਚਲੀ ਸਦੀਆਂ ਦੀ ਸਾਂਝ ਨੂੰ ਖ਼ਤਮ ਕਰਨਾ ਕਿਸੇ ਦੇ ਵੀ ਹਿੱਤ ਵਿਚ ਨਹੀਂ। ਸਿੱਖਾਂ ਅਤੇ ਹਿੰਦੂਆਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਪਾਕਿਸਤਾਨ ਵਿਚ ਹਨ। ਇਸ ਤਰ੍ਹਾਂ ਪਾਕਿਸਤਾਨ ਦੇ ਮੁਸਲਮਾਨਾਂ ਦੇ ਮਨ ਵਿਚ ਅਜਮੇਰ ਸ਼ਰੀਫ਼, ਦਿੱਲੀ ਵਿਚ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਅਤੇ ਹੋਰ ਸਥਾਨਾਂ ਦੀ ਯਾਤਰਾ ਕਰਨ ਦੀ ਅਥਾਹ ਇੱਛਾ ਹੈ। ਬਹੁਤ ਸਾਰੇ ਧਾਰਮਿਕ ਸਥਾਨ ਸਾਂਝੇ ਹਨ। ਲੋਕਾਂ ਦੀਆਂ ਇਨ੍ਹਾਂ ਸਾਂਝਾਂ ਨੂੰ ਮਜ਼ਬੂਤ ਕਰ ਕੇ ਦੋਹਾਂ ਦੇਸ਼ਾਂ ਵਿਚਕਾਰਲੀ ਦੂਰੀ ਘਟਾਈ ਜਾ ਸਕਦੀ ਹੈ। ਸਰਕਾਰ ਦੇ ਅਜਿਹੇ ਕੰਮ ਲੋਕਾਂ ਵਿਚ ਦੂਰੀਆਂ ਅਤੇ ਕੁੜੱਤਣ ਪੈਦਾ ਕਰਨ ਵਾਲੇ ਹਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ‘ਮਨੁ ਅੰਧੁਲਾ ਅੰਧੁਲੀ ਮਤਿ ਲਾਗੈ।।’’ ਭਾਵ ਅਗਿਆਨੀ ਮਨ ਅਗਿਆਨੀਆਂ ਵਾਲੇ ਕੰਮ ਕਰਵਾਉਂਦਾ ਹੈ। ਕੇਂਦਰ ਸਰਕਾਰ ਨੂੰ ਇਸ ਫ਼ੈਸਲੇ ਨੂੰ ਮੁੜ ਵਿਚਾਰਨਾ ਚਾਹੀਦਾ ਹੈ ਕਿਉਂਕਿ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਸਮੇਂ ਜਥੇ ਨੂੰ ਰੋਕਣ ਦਾ ਹੁਕਮ ਗ਼ੈਰ-ਜ਼ਿੰਮੇਵਾਰੀ ਵਾਲਾ ਹੈ। ਸਿੱਖ ਭਾਈਚਾਰੇ ਦੇ ਜਜ਼ਬਿਆਂ ਨੂੰ ਠੇਸ ਪਹੁੰਚਾਉਣ ਦੇ ਨਾਲ ਨਾਲ ਇਹ ਕਦਮ ਇਤਿਹਾਸ ਦੀ ਨਿਰਾਦਰੀ ਵੀ ਹੈ।