ਕੇਂਦਰ ਸਰਕਾਰ ਦੁਆਰਾ ਰਾਜ ਸਭਾ ਵਿਚ ਦਿੱਤੀ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਸ਼ਮੀਰ ਵਾਦੀ ਵਾਲੇ ਹਿੱਸੇ ਵਿਚੋਂ ਕੋਈ ਕਸ਼ਮੀਰੀ ਪੰਡਿਤ ਆਪਣਾ ਘਰ ਛੱਡ ਕੇ ਕਿਤੇ ਹੋਰ ਰਹਿਣ ਲਈ ਨਹੀਂ ਗਿਆ। ਸਮਾਜਵਾਦੀ ਪਾਰਟੀ ਦੇ ਇਕ ਮੈਂਬਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਇ ਨੇ ਦੱਸਿਆ ਕਿ ਰਿਕਾਰਡ ਮੁਤਾਬਿਕ ਕਿਸੇ ਵੀ ਕਸ਼ਮੀਰੀ ਨੇ ਵਾਦੀ ਨਹੀਂ ਛੱਡੀ; ਜੰਮੂ ਕਸ਼ਮੀਰ ਵਿਚ ਅਤਿਵਾਦ ਘਟਿਆ ਹੈ ਅਤੇ 2018 ਵਿਚ ਅਤਿਵਾਦ ਨਾਲ ਸਬੰਧਿਤ 417 ਘਟਨਾਵਾਂ ਹੋਈਆਂ ਸਨ ਜਦੋਂਕਿ 2021 ਵਿਚ 219 ਘਟਨਾਵਾਂ ਹੋਈਆਂ। 2020-2022 ਦੌਰਾਨ ਛੇ ਕਸ਼ਮੀਰੀ ਪੰਡਿਤਾਂ ਦੀ ਹੱਤਿਆ ਕੀਤੀ ਗਈ। ਇਨ੍ਹਾਂ ਮੌਤਾਂ ਕਾਰਨ ਕਸ਼ਮੀਰ ਵਿਚ ਨੌਕਰੀਆਂ ਕਰ ਰਹੇ ਪੰਡਿਤਾਂ ਨੇ ਅੰਦੋਲਨ ਕੀਤਾ। ਹੜਤਾਲੀ ਮੁਲਾਜ਼ਮ ਖ਼ੁਦ ਨੂੰ ਜੰਮੂ ਜਾਂ ਹੋਰ ਥਾਵਾਂ ਉੱਤੇ ਤਾਇਨਾਤ ਕਰਨ ਦੀ ਮੰਗ ਕਰ ਰਹੇ ਸਨ।
ਮੰਤਰੀ ਦੇ ਬਿਆਨ ਦੇ ਉਲਟ ਆਲ ਮਾਇਨਾਰਟੀਜ਼ ਐਂਪਲਾਈਜ਼ ਐਸੋਸੀਏਸ਼ਨ ਕਸ਼ਮੀਰ ਦੇ ਆਗੂ ਅਸ਼ਵਨੀ ਪੰਡਿਤ ਅਨੁਸਾਰ ਮਿੱਥ ਕੇ ਨਿਸ਼ਾਨਾ ਬਣਾਉਣ ਕਾਰਨ 4500 ਕਸ਼ਮੀਰੀ ਪੰਡਿਤ ਅਤੇ ਉਨ੍ਹਾਂ ਦੇ ਪਰਿਵਾਰ ਵਾਦੀ ਛੱਡ ਚੁੱਕੇ ਹਨ। ਕਸ਼ਮੀਰ ਦੇ ਕੈਂਪਾਂ ’ਚ ਰਹਿ ਰਹੇ ਲਗਭਗ 1200 ਮੁਲਾਜ਼ਮ ਵਾਦੀ ਛੱਡ ਕੇ ਜੰਮੂ ’ਚ ਨਿੱਜੀ ਰਿਹਾਇਸ਼ਾਂ ’ਚ ਰਹਿ ਰਹੇ ਹਨ। ਇਸ ਆਗੂ ਦੀ ਜਾਣਕਾਰੀ ਅਨੁਸਾਰ 380 ਕਸ਼ਮੀਰੀ ਪੰਡਿਤ ਪਰਿਵਾਰ ਕਸ਼ਮੀਰ ਦੇ ਸੱਤ ਟਰਾਂਜ਼ਿਟ ਕੈਂਪਾਂ ’ਚ ਰਹਿ ਰਹੇ ਹਨ। ਇਕ ਹੋਰ ਅਨੁਮਾਨ ਅਨੁਸਾਰ ਵਾਦੀ ’ਚ 20 ਜੁਲਾਈ ਤੱਕ 6514 ਕਸ਼ਮੀਰੀ ਪੰਡਿਤ ਪਰਿਵਾਰ ਸਨ। ਸਰਕਾਰ ਅਨੁਸਾਰ ਕਸ਼ਮੀਰੀ ਪੰਡਿਤਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਤਾਇਨਾਤ ਕੀਤਾ ਹੋਇਆ ਹੈ। ਅੰਕੜਿਆਂ ਦਾ ਵਖਰੇਵਾਂ ਇਸ ਸਵਾਲ ਨੂੰ ਜਨਮ ਦਿੰਦਾ ਹੈ ਕਿ ਕੀ ਸਰਕਾਰ ਨੇ ਇਸ ਸਮੇਂ ਹੋ ਰਹੀ ਹਿਜਰਤ ਨੂੰ ਰਿਕਾਰਡ ਨਹੀਂ ਕੀਤਾ ਜਾਂ ਜਿਹੜੇ ਮੁਲਾਜ਼ਮ ਦਫ਼ਤਰ ਛੱਡ ਦੇ ਦੂਸਰੀ ਥਾਂ ਚਲੇ ਗਏ ਹਨ, ਉਨ੍ਹਾਂ ਦੀ ਡਿਊਟੀ ਪੁਰਾਣੀਆਂ ਥਾਵਾਂ ਉੱਤੇ ਹੀ ਦਿਖਾਈ ਜਾਂਦੀ ਹੈ।
5 ਅਗਸਤ 2020 ਨੂੰ ਜੰਮੂ ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ ਗਿਆ। ਰਾਜ ਦੀਆਂ ਸਮੁੱਚੀਆਂ ਸੰਸਥਾਵਾਂ ਦਾ ਕੰਟਰੋਲ ਕੇਂਦਰ ਕੋਲ ਚਲਾ ਗਿਆ। ਸਰਕਾਰ ਦਾ ਦਾਅਵਾ ਸੀ ਕਿ ਇਸ ਫ਼ੈਸਲੇ ਕਾਰਨ ਦਹਿਸ਼ਤਗਰਦੀ ਖ਼ਤਮ ਹੋ ਜਾਵੇਗੀ ਅਤੇ ਖ਼ਿੱਤੇ ਦਾ ਵਿਕਾਸ ਹੋਵੇਗਾ। ਜੰਮੂ ਕਸ਼ਮੀਰ ਦੀਆਂ ਸਥਾਨਕ ਪਾਰਟੀਆਂ ਕੇਂਦਰ ਸਰਕਾਰ ਦੇ ਨਜ਼ਰੀਏ ਦੇ ਖ਼ਿਲਾਫ਼ ਇਕਜੁੱਟ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੇਂਦਰ ਦੇ ਫ਼ੈਸਲੇ ਨਾਲ ਫ਼ਿਰਕੂ ਖੇਮੇਬੰਦੀ ਮਜ਼ਬੂਤ ਹੋਈ ਹੈ ਅਤੇ ਸਾਂਝੇ ਸੱਭਿਆਚਾਰ ਤੇ ਵਿਰਾਸਤ ਨੂੰ ਠੇਸ ਪਹੁੰਚੀ ਹੈ। ਕਸ਼ਮੀਰੀ ਪੰਡਿਤਾਂ ਅਤੇ ਘੱਟਗਿਣਤੀਆਂ ਦਾ ਮੁੱਦਾ ਬੇਹੱਦ ਸੰਵੇਦਨਸ਼ੀਲ ਹੈ। ਇਸ ਨੂੰ ਉੱਥੇ ਰਹਿੰਦੇ ਭਾਈਚਾਰਿਆਂ ਦੀ ਆਪਸੀ ਸਹਿਮਤੀ ਨਾਲ ਹੀ ਸੁਲਝਾਇਆ ਜਾ ਸਕਦਾ ਹੈ। ਸਰਕਾਰ ਨੂੰ ਇਸ ਮਾਮਲੇ ਵਿਚ ਪਾਰਦਰਸ਼ਤਾ ਦਿਖਾਉਣ ਦੀ ਜ਼ਰੂਰਤ ਹੈ। ਇਸ ਲਈ ਜੰਮੂ ਕਸ਼ਮੀਰ ਦੇ ਮਸਲੇ ਦਾ ਸਿਆਸੀ ਹੱਲ ਸਮੇਂ ਦੀ ਲੋੜ ਹੈ।