ਸਿਆਸਤ ਦੇ ਵੱਖ-ਵੱਖ ‘ਟਰੁੱਥ’
ਸੂਬੇ ਦੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਵਫ਼ਾਦਾਰੀਆਂ ਬਦਲਣ ਵਾਲੇ ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਪੰਜਾਬ ਦੇ ਗੱਦਾਰ ਦੱਸਿਆ। ਇਨ੍ਹਾਂ ਆਗੂਆਂ ਬਾਰੇ ਮੁੱਖ ਮੰਤਰੀ ਦੀ ਟਿੱਪਣੀ ਸੀ, ‘‘ਉੱਥੇ ਮੇਲੇ ਵਿੱਚ ਅਮਰੂਦਾਂ ਨੂੰ ਕੌਣ ਪੁੱਛਦੈ?’’ ਇਹ ਸਾਰੇ ਅਮਰੂਦ ਫਿਲਹਾਲ ਤਾਂ ਭਾਜਪਾ ਲਈ ਬਹੁਤ ਮਿੱਠੇ ਨੇ। ਮੁੱਖ ਮੰਤਰੀ ਦੀ ਇਨ੍ਹਾਂ ਆਗੂਆਂ ਨੂੰ ‘ਰੰਗ ਲਾ ਕੇ ਛੱਡਣ’ ਦੀ ਚਿਤਾਵਨੀ ਭਰੀ ਟਿੱਪਣੀ ਇਸ ਸਥਿਤੀ ਦੇ ਮੱਦੇਨਜ਼ਰ ਇਕਦਮ ਨੇਡ਼ ਭਵਿੱਖ ਵਿੱਚ ਤਾਂ ਸੱਚ ਹੁੰਦੀ ਨਹੀਂ ਜਾਪਦੀ। ਹਾਲੇ ਤਾਂ ਨਵੇਂ ਰੰਗ ’ਚ ਰੰਗੇ ਇਨ੍ਹਾਂ ਸਿਆਸਤਦਾਨਾਂ ਨੇ ਸਿਆਸਤ ਵਿੱਚ ਕਈ ਨਵੇਂ ਰੰਗ ਉਭਾਰਨੇ ਤੇ ਖਿਡ਼ਾਉਣੇ ਨੇ।
ਸਿਆਸਤ ਦੀ ਦੁਨੀਆ ਬੜੀ ਅਜੀਬ ਹੈ। ਬੀਤੇ ਸ਼ੁੱਕਰਵਾਰ ਦੀ ਸਵੇਰ ਸਾਰੇ ਭਾਰਤੀਆਂ ਨੂੰ ਸੁੰਨ ਕਰ ਦੇਣ ਲਈ ਕਾਫ਼ੀ ਸੀ ਜਦੋਂ ਸਾਡੇ ਦੇਸ਼ ਦੇ ‘ਖ਼ਾਸ’ ਮਿੱਤਰ ਡੋਨਲਡ ਟਰੰਪ ਨੇ ਭਾਰਤ ਨੂੰ ‘ਨਰਕ ਦਾ ਦੁਆਰ’ ਕਿਹਾ ਅਤੇ ਅਮਰੀਕਾ ਦੇ ਆਈ ਟੀ ਅਤੇ ਹੋਰ ਵੱਖ-ਵੱਖ ਖੇਤਰਾਂ ’ਚ ਕੰਮ ਕਰਨ ਵਾਲੇ ਭਾਰਤੀਆਂ ਨੂੰ ‘ਲੈਪਟੌਪ ਵਾਲੇ ਗੈਂਗਸਟਰ’ ਕਹਿ ਕੇ ਭੰਡਿਆ। ਟਰੰਪ ਨੇ ‘ਬਰਥ ਸਿਟੀਜ਼ਨਸ਼ਿਪ’ ਬਾਰੇ ਬੋਲਦਿਆਂ ਕਿਹਾ ਸੀ ਕਿ ਅਮਰੀਕੀ ਕਾਨੂੰਨਾਂ ਦਾ ਫ਼ਾਇਦਾ ਉਠਾਉਂਦਿਆਂ ਭਾਰਤ, ਚੀਨ ਅਤੇ ਹੋਰ ਨਰਕ ਦੁਆਰ ਜਿਹੇ ਦੇਸ਼ਾਂ ਦੇ ਲੋਕ ਬੱਚੇ ਨੂੰ ਜਨਮ ਦੇਣ ਵੇਲੇ ਹੀ ਅਮਰੀਕਾ ਆਉਂਦੇ ਹਨ ਤਾਂ ਕਿ ਜਨਮ ਤੋਂ ਅਮਰੀਕੀ ਨਾਗਰਿਕਤਾ ਵਾਲੇ ਬੱਚੇ ਦੇ ਸਹਾਰੇ ਸਾਰਾ ਪਰਿਵਾਰ ਇੱਥੇ ਆ ਸਕੇ। ਟਰੰਪ ਨੇ ਅਜਿਹੇ ਭਾਰਤੀ ਲੋਕਾਂ ਦੀ ਅਮਰੀਕਾ ਪ੍ਰਤੀ ਵਫ਼ਾਦਾਰੀ ’ਤੇ ਵੀ ਸਵਾਲ ਉਠਾਇਆ। ਜਦੋਂ ਕੋਈ ਕਿਸੇ ਨਾਲ ਵਫ਼ਾਦਾਰ ਨਾ ਹੋਵੇ ਤਾਂ ਉਸ ਦਾ ਅਣਕਿਹਾ ਮਤਲਬ ਇਹ ਹੁੰਦਾ ਹੈ ਕਿ ਉਹ ‘ਗੱਦਾਰ’ ਹੈ। ਟਰੰਪ ਦੇ ਅਜਿਹੇ ਬਿਆਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਾਡੇ ਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਿਰਫ਼ ਏਨਾ ਹੀ ਕਿਹਾ ਕਿ ਇਹੋ ਜਿਹੀਆਂ ਟਿੱਪਣੀਆਂ ਧਿਆਨ ’ਚ ਆਈਆਂ ਨੇ ਅਤੇ ਇਹ ਬੜੀਆਂ ਬੇਸੁਆਦੀਆਂ ਹਨ। ਇੰਨੀ ਦੇਰ ’ਚ ਹੀ ਮੁੰਬਈ ਸਥਿਤ ਇਰਾਨੀ ਸਫ਼ਾਰਤਖ਼ਾਨੇ ਨੇ ਭਾਰਤ ਦੇ ਮਹਾਰਾਸ਼ਟਰ ਸੂਬੇ ਦੇ ਮਨਮੋਹਕ ਦ੍ਰਿਸ਼ਾਂ ਵਾਲੀ ਇੱਕ ਵੀਡੀਓ ਜਾਰੀ ਕੀਤੀ, ਜਿਸ ’ਤੇ ਲਿਖਿਆ ਸੀ: ‘ਕਭੀ ਇੰਡੀਆ ਆ ਕੇ ਦੇਖੋ’। ਇਰਾਨ ਨੇ ਇਸ ਵੀਡੀਓ ’ਚ ਇਹ ਸੁਨੇਹਾ ਵੀ ਦਿੱਤਾ ਕਿ ‘ਕੋਈ ਡੋਨਲਡ ਟਰੰਪ ਦੇ ‘ਕਲਚਰਲ ਡਿਟੌਕਸ’ (ਸੱਭਿਆਚਾਰਕ ਸ਼ੁੱਧੀਕਰਨ) ਲਈ ਭਾਰਤ ਦਾ ਦੌਰਾ ਬੁੱਕ ਕਰਵਾ ਦੇਵੇ’। ਇਹ ਅਸਿੱਧੇ ਢੰਗ ਨਾਲ ਅਮਰੀਕਾ ਵੱਲੋਂ ਸਾਡੇ ਮੁਲਕ ਨੂੰ ਨਰਕ ਦੱਸੇ ਜਾਣ ਦਾ ਕਰਾਰਾ ਜਵਾਬ ਸੀ। ਹਾਲਾਂਕਿ, ਇਹ ਵੱਖਰੀ ਗੱਲ ਹੈ ਕਿ ਹਜ਼ਾਰਾਂ ਵਰ੍ਹੇ ਪੁਰਾਣੀ ਸੱਭਿਅਤਾ ਵਾਲੇ ਸਾਡੇ ਮੁਲਕ ਵੱਲੋਂ ਇਰਾਨ ਦੇ ਸਕੂਲ ’ਚ ਅਮਰੀਕੀ-ਇਜ਼ਰਾਈਲੀ ਹਮਲੇ ਦੌਰਾਨ ਮਾਰੀਆਂ ਗਈਆਂ 165 ਬੱਚੀਆਂ ਦਾ ਅਫ਼ਸੋਸ ਤੱਕ ਨਹੀਂ ਸੀ ਸਰਿਆ ਅਤੇ ਨਾ ਹੀ ਉੱਥੋਂ ਦੇ ਸੁਪਰੀਮ ਲੀਡਰ ਖਮੇਨੇਈ ਦੀ ਮੌਤ ’ਤੇ ਖੁੱਲ੍ਹ ਕੇ ਅਫ਼ਸੋਸ ਜ਼ਾਹਰ ਕੀਤਾ ਗਿਆ ਸੀ।
ਅਜੇ ਭਾਰਤੀਆਂ ਨੂੰ ਇੱਕ ਤਰ੍ਹਾਂ ਨਾਲ ‘ਗੱਦਾਰ’ ਹੋਣ ਦੇ ਅਮਰੀਕੀ ਮਿਹਣੇ ਦਾ ਸਦਮਾ ਦੂਰ ਨਹੀਂ ਸੀ ਹੋਇਆ ਕਿ ਬਾਅਦ ਦੁਪਹਿਰ ਤੱਕ ਸਥਾਨਕ ਪੱਧਰ ਦੇ ‘ਗੱਦਾਰਾਂ’ ਦਾ ਰੌਲਾ ਪੈਣਾ ਸ਼ੁਰੂ ਹੋ ਗਿਆ। ਇਹ ਖ਼ਬਰ ਆਮ ਆਦਮੀ ਪਾਰਟੀ ਦੇ ਰਾਜ ਸਭਾ ’ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਗਏ ਰਾਘਵ ਚੱਢਾ ਦੀ ਅਗਵਾਈ ਹੇਠ ਉਸ ਸਣੇ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵੱਲੋਂ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋਣ ਬਾਰੇ ਸੀ। ਇਸ ਟੋਲੀ ਵਿੱਚ ‘ਆਪ’ ਦਾ ਉਹ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਵੀ ਜਾ ਸ਼ਾਮਿਲ ਹੋਇਆ, ਜਿਸ ਨੂੰ ਪਾਰਟੀ ਨੇ ਰਾਘਵ ਚੱਢਾ ਨੂੰ ਹਟਾਉਣ ਮਗਰੋਂ ਰਾਜ ਸਭਾ ਵਿੱਚ ਪਾਰਟੀ ਦਾ ਡਿਪਟੀ ਲੀਡਰ ਨਿਯੁਕਤ ਕੀਤਾ ਸੀ। ਮਠਿਆਈਆਂ ਦੀ ਦੁਕਾਨ ਤੋਂ ਯੂਨੀਵਰਸਿਟੀ ਬਣਾਉਣ ਅਤੇ ਕਈ ਕਾਰੋਬਾਰ ਕਰਨ ਵਾਲੇ ਇਸ ਆਗੂ ਦੇ ਘਰ ’ਤੇ ਅਜੇ 15 ਅਪਰੈਲ ਨੂੰ ਈ ਡੀ ਦੇ ਛਾਪੇ ਪਏ ਸਨ ਅਤੇ ਦਸ ਦਿਨਾਂ ਦੇ ਅੰਦਰ ਅੰਦਰ ਉਸ ਨੇ ਕੇਂਦਰ ’ਚ ਸੱਤਾਧਾਰੀ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਸਾਬਿਤ ਕਰ ਦਿੱਤੀ; ਭਾਵੇਂ ਉਸ ਦੀ ਮਾਂ-ਪਾਰਟੀ ਵਾਲੇ ਉੱਚੀ ਉੱਚੀ ‘ਗੱਦਾਰ, ਗੱਦਾਰ’ ਪਏ ਕਹਿੰਦੇ ਰਹਿਣ। ਉਂਜ, ਸ੍ਰੀ ਮਿੱਤਲ ਆਪ ਮਠਿਆਈਆਂ ਦੇ ਉੱਘੇ ਬਰਾਂਡ ‘ਲਵਲੀ ਸਵੀਟਸ’ ਦੇ ਮਾਲਕ ਹਨ, ਪਰ ਕੀ ਭਾਜਪਾ ’ਚ ਸ਼ਾਮਿਲ ਹੋਣ ਵੇਲੇ ਦੀ ਇੱਕ ਤਸਵੀਰ ਵਿੱਚ ਦਿਸਦਾ ਮਠਿਆਈ ਦਾ ਡੱਬਾ ਉਨ੍ਹਾਂ ਦੀ ਦੁਕਾਨ ਦਾ ਹੈ ਜਾਂ ਫਿਰ ਸੱਤਾਧਾਰੀ ਪਾਰਟੀ ਦੇ ਜ਼ਿਆਦਾ ਵਧੀਆ ਬਰਾਂਡ ਦਾ?
‘ਆਪ’ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਣ ਵਾਲੇ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵਿੱਚ ਰਾਘਵ ਚੱਢਾ ਤੋਂ ਇਲਾਵਾ ਸੰਦੀਪ ਪਾਠਕ, ਹਰਭਜਨ ਸਿੰਘ, ਅਸ਼ੋਕ ਮਿੱਤਲ, ਰਾਜਿੰਦਰ ਗੁਪਤਾ, ਵਿਕਰਮ ਸਾਹਨੀ ਤੇ ਸਵਾਤੀ ਮਾਲੀਵਾਲ ਸ਼ੁਮਾਰ ਹਨ। ਰਾਘਵ ਚੱਢਾ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਵੇਲੇ ਅਟਲ ਬਿਹਾਰੀ ਵਾਜਪਾਈ ਦੇ ਵੇਲਿਆਂ ਦਾ ਬੜਾ ਮਸ਼ਹੂਰ ਫ਼ਿਕਰਾ ਥੋੜ੍ਹਾ ਬਦਲ ਕੇ ਵਰਤਿਆ, ‘‘ਮੈਂ ਗ਼ਲਤ ਪਾਰਟੀ ਮੇਂ ਸਹੀ ਆਦਮੀ ਥਾ।’’ ਖ਼ੈਰ, ਫ਼ਿਕਰੇਬਾਜ਼ੀ ਤਾਂ ਉਦੋਂ ਵੀ ਕਮਾਲ ਦੀ ਸੀ ਜਦੋਂ ਉਸ ਨੂੰ ਬਹੁਤ ਸਮਾਂ ਪਹਿਲਾਂ ਪਾਰਟੀ (ਆਪ) ਛੱਡਣ ਦੀਆਂ ਪੇਸ਼ਕਸ਼ਾਂ ਮਿਲਣ ਬਾਰੇ ਪੁੱਛਿਆ ਗਿਆ ਸੀ। ਉਸ ਦਾ ਜਵਾਬ ਸੀ, ‘‘ਆਜ ਤੱਕ ਵੋਹ ਰਕਮ ਨਹੀਂ ਬਨੀ ਔਰ ਵੋਹ ਸ਼ਖ਼ਸ ਪੈਦਾ ਨਹੀਂ ਹੁਆ ਜੋ ਰਾਘਵ ਚੱਢਾ, ਆਮ ਆਦਮੀ ਪਾਰਟੀ ਔਰ ਕੇਜਰੀਵਾਲ ਕੋ ਖਰੀਦ ਸਕੇ।’’
ਉੱਧਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ, ‘‘ਚੰਗੇ ਲੋਕ ਹੁਣ ‘ਆਪ’ ਛੱਡਣ ਲੱਗੇ ਹਨ। ... ਭਾਜਪਾ ਵਿੱਚ ਆਏ ਸਾਰੇ ਹੀ ਮੈਂਬਰਾਂ ਨੂੰ ਨਿੱਘਾ ਜੀ ਆਇਆਂ ਨੂੰ।’’ ਇਨ੍ਹਾਂ ਹੀ ਚੰਗੇ ਲੋਕਾਂ ਵਿੱਚ ਸ਼ੁਮਾਰ ਰਾਘਵ ਚੱਢਾ ਦਾ ਨਾਂ ਸ੍ਰੀ ਜਾਖੜ ਦੀ ਪਾਰਟੀ ਵੱਲੋਂ ਸ਼ਰਾਬ ਘੁਟਾਲੇ ਵਿੱਚ ਲਿਆ ਜਾਂਦਾ ਸੀ ਅਤੇ ਅਜਿਹੇ ਪੋਸਟਰ ਜਾਰੀ ਕੀਤੇ ਗਏ ਸਨ, ਜਿਸ ਵਿੱਚ ਰਾਘਵ ਚੱਢਾ ਦੀ ਤਸਵੀਰ ਦੇ ਨਾਲ ਲਿਖਿਆ ਸੀ: ‘‘ਤਿਹਾੜ ਮੇਂ ਆਏਗਾ ਏਕ ਔਰ ਭ੍ਰਿਸ਼ਟ ਮਹਿਮਾਨ।’’ ਐਨਫੋਰਸਮੈਂਟ ਡਾਇਰੈਕਟੋਰੇਟ ਵਾਲਿਆਂ ਨੂੰ ਵੀ ਪਤਾ ਨਹੀਂ ਕਿਉਂ ਛਾਪੇ ਮਾਰਨ ਲਈ ‘ਚੰਗੇ ਲੋਕ’ ਹੀ ਲੱਭਦੇ ਨੇ? ਖ਼ੈਰ, ਸਾਰੇ ਚੰਗੇ ਲੋਕਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ।
ਅਤਿ ਸਤਿਕਾਰਤ ਅੰਨਾ ਹਜ਼ਾਰੇ ਜੀ ਦੀ ਆਵਾਜ਼ ਵੀ ਬੜੀ ਦੇਰ ਬਾਅਦ ਕਿਧਰੇ ਸੁਣਾਈ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ, ‘‘ਚੱਢਾ ਤੇ ਹੋਰਾਂ ਨੂੰ ਜ਼ਰੂਰ ਕੋਈ ਮੁਸ਼ਕਿਲ ਪੇਸ਼ ਆਈ ਹੋਵੇਗੀ, ਜਿਸ ਕਾਰਨ ਉਨ੍ਹਾਂ ਪਾਰਟੀ ਛੱਡੀ ਹੋਵੇਗੀ।’’ ਬਈ, ਚੰਗੇ ਬੰਦਿਆਂ ਦੀਆਂ ਮੁਸ਼ਕਿਲਾਂ ਤਾਂ ਕੋਈ ਅਹਿਸਾਸਮੰਦ ਮਨੁੱਖ ਹੀ ਸਮਝ ਸਕਦਾ ਹੈ। ਇਹ ਕਿਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ।
ਸਾਰੀ ਸਥਿਤੀ ’ਤੇ ਟਿੱਪਣੀ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਪੰਜਾਬ ਨਾਲ ਮੁੜ ਦਗ਼ਾ ਕਮਾਉਣ ਦਾ ਦੋਸ਼ ਲਾਇਆ ਹੈ ਜਦੋਂਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦਰੋਪਤੀ ਮੁਰਮੂ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਹ ਪਾਰਟੀ ਵਿਧਾਇਕਾਂ ਨੂੰ ਨਾਲ ਲਿਜਾ ਕੇ ਬਾਗ਼ੀ ਰਾਜ ਸਭਾ ਮੈਂਬਰਾਂ ਦੀ ਮੈਂਬਰੀ ਰੱਦ ਕਰਨ ਦੀ ਮੰਗ ਕਰਨਗੇ। ਪੰਜਾਬ ’ਚ ਰਹਿਣ ਵਾਲੇ ਸੰਸਦ ਮੈਂਬਰਾਂ ਦੇ ਘਰਾਂ ’ਤੇ ‘ਆਪ’ ਦੇ ਵਰਕਰਾਂ ਨੇ ‘ਗੱਦਾਰ’ ਲਿਖ ਕੇ ਨਾਅਰੇਬਾਜ਼ੀ ਕੀਤੀ ਅਤੇ ਕਈ ਥਾਈਂ ਉਨ੍ਹਾਂ ਦੇ ਪੁਤਲੇ ਫੂਕੇ ਗਏ। ਸੂਬੇ ਦੇ ਮੁੱਖ ਮੰਤਰੀ ਨੇ ਵੀ ਪ੍ਰੈੱਸ ਕਾਨਫਰੰਸ ਦੌਰਾਨ ਵਫ਼ਾਦਾਰੀਆਂ ਬਦਲਣ ਵਾਲੇ ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਪੰਜਾਬ ਦੇ ਗੱਦਾਰ ਦੱਸਿਆ। ਇਨ੍ਹਾਂ ਸਾਰੇ ਆਗੂਆਂ ਬਾਰੇ ਮੁੱਖ ਮੰਤਰੀ ਦੀ ਟਿੱਪਣੀ ਸੀ, ‘‘ਉੱਥੇ ਮੇਲੇ ਵਿੱਚ ਅਮਰੂਦਾਂ ਨੂੰ ਕੌਣ ਪੁੱਛਦੈ?’’ ਇਹ ਸਾਰੇ ਅਮਰੂਦ ਫਿਲਹਾਲ ਤਾਂ ਭਾਜਪਾ ਲਈ ਬਹੁਤ ਮਿੱਠੇ ਨੇ। ਮੁੱਖ ਮੰਤਰੀ ਦੀ ਇਨ੍ਹਾਂ ਆਗੂਆਂ ਨੂੰ ‘ਰੰਗ ਲਾ ਕੇ ਛੱਡਣ’ ਦੀ ਚਿਤਾਵਨੀ ਭਰੀ ਟਿੱਪਣੀ ਇਸ ਸਥਿਤੀ ਦੇ ਮੱਦੇਨਜ਼ਰ ਇਕਦਮ ਨੇੜ ਭਵਿੱਖ ਵਿੱਚ ਤਾਂ ਸੱਚ ਹੁੰਦੀ ਨਹੀਂ ਜਾਪਦੀ। ਹਾਲੇ ਤਾਂ ਨਵੇਂ ਰੰਗ ’ਚ ਰੰਗੇ ਇਨ੍ਹਾਂ ਸਿਆਸਤਦਾਨਾਂ ਨੇ ਸਿਆਸਤ ਵਿੱਚ ਕਈ ਨਵੇਂ ਰੰਗ ਉਭਾਰਨੇ ਤੇ ਖਿੜਾਉਣੇ ਨੇ। ਕਾਂਗਰਸੀ ਆਗੂ ਰਾਜਾ ਵੜਿੰਗ ਨੇ ਤਾਂ ਸੂਬੇ ਦੇ ਲਗਭਗ 50 ‘ਆਪ’ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਦੀ ਪੇਸ਼ੀਨਗੋਈ ਕੀਤੀ ਹੈ। ਹੋਰ ਵੀ ਵਿਰੋਧੀ ਆਗੂਆਂ ਵੱਲੋਂ ਤਕਰੀਬਨ ਅਜਿਹੇ ਹੀ ਵਿਚਾਰ ਪ੍ਰਗਟਾਏ ਜਾ ਰਹੇ ਹਨ। ਦੇਸ਼ ਭਰ ਦੇ ਮੀਡੀਆ ਵਿੱਚ ਭਾਜਪਾ ਵੱਲੋਂ ‘ਆਪ’ ਨੂੰ ਤੋੜਨ ਦੇ ਭਵਿੱਖੀ ਮਨਸੂਬਿਆਂ ਬਾਰੇ ਚਰਚਾ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਨੌਸਿਖੀਆ ਪਾਰਟੀ ਨਹੀਂ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਐੱਨ ਸੀ ਪੀ ਨੂੰ ਸਫ਼ਲਤਾਪੂਰਵਕ ਤੋੜ ਕੇ ਉਹ ਇਸ ਖੇਡ ਵਿੱਚ ਬੜੀ ਮੁਹਾਰਤ ਹਾਸਲ ਕਰ ਚੁੱਕੀ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਭਰੋਸਾ ਹੈ ਕਿ ਪੰਜਾਬ ਦੇ ਲੋਕ ਗੱਦਾਰਾਂ ਨੂੰ ਸਬਕ ਸਿਖਾ ਦੇਣਗੇ। ਹਮੇਸ਼ਾ ਭਾਜਪਾ ਦੀ ਬੀ-ਟੀਮ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਆ ਰਹੀ ‘ਆਮ ਆਦਮੀ ਪਾਰਟੀ’ ਤੋਂ ਸਾਰੇ ਹੁਣ ਸਵਾਲ ਤਾਂ ਪੁੱਛ ਹੀ ਰਹੇ ਨੇ ਕਿ ਆਮ ਆਦਮੀਆਂ ਨੂੰ ਛੱਡ ਜਦੋਂ ਪਾਰਟੀ ਨੇ ਇਨ੍ਹਾਂ ‘ਖ਼ਾਸ’ ਬੰਦਿਆਂ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਸੀ ਤਾਂ ਕੀ ਪਾਰਟੀ ਨੂੰ ਇਨ੍ਹਾਂ ‘ਖ਼ਾਸ’ ਬੰਦਿਆਂ ਦੀ ‘ਖ਼ਾਸੀਅਤ’ ਬਾਰੇ ਕੋਈ ਇਲਮ ਹੀ ਨਹੀਂ ਸੀ?
ਸ਼ਨਿੱਚਰਵਾਰ ਦੇਰ ਰਾਤ ਜਦੋਂ ਇਹ ਗੱਲ ਕੀਤੀ ਜਾ ਰਹੀ ਹੈ ਤਾਂ ਪਲ ਪਲ ਬਦਲਦੇ ਸਿਆਸੀ ਮਾਹੌਲ ਵਿੱਚ ਰਾਤੋ-ਰਾਤ ਪਤਾ ਨਹੀਂ ਕੀ ਵਾਪਰ ਜਾਵੇ। ਆਲਮ ਇਹ ਹੈ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਕੋਈ ਭਰੋਸਾ ਨਹੀਂ, ਅਗਲੇ ਪਲ ਉਹ ਕਿਹੜਾ ‘ਟਰੁੱਥ’ ਦੁਨੀਆ ਲਈ ਪੋਸਟ ਕਰ ਦੇਵੇ ਤਾਂ ਫਿਰ ਸਾਡੀ ਸਿਆਸਤ ਤੇ ਸਿਆਸਤਦਾਨਾਂ ਦੇ ‘ਟਰੁੱਥ’ ਕਿਹੜਾ ਵੱਖਰੇ ਨੇ?

