ਕਾਂਗਰਸ ਦੇ ਵੱਡੇ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਰਾਜ ਸਭਾ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਦਿਆਂ ਇਹ ਸੂਚਨਾ ਵੀ ਦਿੱਤੀ ਹੈ ਕਿ ਉਸ ਨੇ 16 ਮਈ ਨੂੰ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ ਪਰ ਕਾਗਜ਼ ਦਾਖ਼ਲ ਕਰਨ ਸਮੇਂ ਸਮਾਜਵਾਦੀ ਪਾਰਟੀ ਦਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਹੋਰ ਆਗੂ ਵੀ ਉੱਥੇ ਮੌਜੂਦ ਸਨ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਹਿੱਸੇ ਰਾਜ ਸਭਾ ਦੀਆਂ 3 ਸੀਟਾਂ ਆਉਣ ਦਾ ਅਨੁਮਾਨ ਹੈ ਜਿਨ੍ਹਾਂ ਵਿਚੋਂ ਇਕ ਸੀਟ ਕਪਿਲ ਸਿੱਬਲ ਨੂੰ ਦਿੱਤੀ ਜਾ ਰਹੀ ਹੈ। ਸਿੱਬਲ ਨੇ ਸਪਾ ਦੇ ਵੱਡੇ ਆਗੂ ਆਜ਼ਮ ਖ਼ਾਨ ਦੇ ਮੁਕੱਦਮੇ ਲੜੇ ਹਨ। ਇਸ ਤੋਂ ਪਹਿਲਾਂ ਸਪਾ ਦੇ ਮੁਕੱਦਮੇ ਵੀ ਲੜਦੇ ਆਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਨੂੰ ਦਿੱਲੀ ਵਿਚ ਅਜਿਹੇ ਆਗੂ ਦੀ ਲੋੜ ਸੀ ਜੋ ਰਾਜਧਾਨੀ ਵਿਚ ਉਨ੍ਹਾਂ ਦੀ ਗੱਲ ਕਰ ਸਕੇ। ਸਿੱਬਲ ਨੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਮੁਕੱਦਮੇ ਵੀ ਲੜੇ ਹਨ। ਕਈ ਹੋਰ ਸਿਆਸੀ ਪਾਰਟੀਆਂ ਜਿਨ੍ਹਾਂ ਵਿਚ ਰਾਸ਼ਟਰੀ ਜਨਤਾ ਦਲ ਅਤੇ ਝਾਰਖੰਡ ਮੁਕਤੀ ਮੋਰਚਾ ਸ਼ਾਮਲ ਹਨ, ਨੇ ਵੀ ਉਸ ਨੂੰ ਰਾਜ ਸਭਾ ਦੀ ਸੀਟ ਦੇਣ ਦੀ ਪੇਸ਼ਕਸ਼ ਕੀਤੀ ਸੀ।
ਸਿੱਬਲ ਨੇ ਕਿਹਾ ਹੈ ਕਿ ਉਹ ਨਿਰਪੱਖ ਰਹਿ ਕੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਸਾਂਝਾ ਮੰਚ ਉਸਾਰਨ ਵਿਚ ਯੋਗਦਾਨ ਦੇਵੇਗਾ। ਪਿਛਲੇ ਦਿਨੀਂ ਕਾਂਗਰਸ ਦੇ ਚਿੰਤਨ ਸ਼ਿਵਰ ਵਿਚ ਕਪਿਲ ਸਿੱਬਲ ਨੂੰ ਨਾ ਤਾਂ ਬੁਲਾਇਆ ਅਤੇ ਨਾ ਹੀ ਕਿਸੇ ਕਮੇਟੀ ਦਾ ਮੈਂਬਰ ਬਣਾਇਆ ਗਿਆ। ਸਿੱਬਲ ਕਾਂਗਰਸ ਅਤੇ ਹੋਰ 22 ਸਰਕਰਦਾ ਆਗੂ ਜੋ ਗਰੁੱਪ-23 ਦੇ ਨਾਂ ਨਾਲ ਜਾਣੇ ਜਾਂਦੇ ਹਨ, ਪਾਰਟੀ ਵਿਚ ਜਥੇਬੰਦਕ ਸੁਧਾਰ ਦੀ ਮੰਗ ਕਰਦੇ ਰਹੇ ਹਨ।
ਪ੍ਰਸ਼ਾਂਤ ਕਿਸ਼ੋਰ ਵੀ ਕਾਂਗਰਸ ਵਿਚ ਲੋੜੀਂਦੀਆਂ ਤਬਦੀਲੀਆਂ ਕਰਵਾਉਣ ਵਿਚ ਸਫ਼ਲ ਨਹੀਂ ਹੋਏ ਸਨ। ਕਿਸ਼ੋਰ ਨੇ ਆਪਣਾ ਨਿਸ਼ਾਨਾ ਦੇਸ਼ ਪੱਧਰ ਉੱਤੇ ਸਾਂਝਾ ਮੰਚ ਤਿਆਰ ਕਰਨਾ ਦੱਸਿਆ ਹੈ। ਹਾਰਦਿਕ ਪਟੇਲ, ਸੁਨੀਲ ਜਾਖੜ ਅਤੇ ਕਪਿਲ ਸਿੱਬਲ ਵੱਲੋਂ ਕਾਂਗਰਸ ਛੱਡਣ ਨੇ ਲੋਕਾਂ ਵਿਚ ਇਹ ਪ੍ਰਭਾਵ ਬਣਾਇਆ ਹੈ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਆਪਣੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀ। ਕਾਂਗਰਸੀ ਆਗੂਆਂ ਦਾ ਸੰਕਟ ਇਹ ਹੈ ਕਿ ਪਾਰਟੀ ਵੱਲੋਂ ਬਣਦਾ ਧਿਆਨ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਦੇ ਮਨ ਵਿਚ ਦੁਚਿੱਤੀ ਪੈਦਾ ਹੋ ਗਈ ਹੈ ਕਿ ਉਹ ਪਾਰਟੀ ਵਿਚ ਰਹਿਣ ਜਾਂ ਹੋਰ ਪਾਰਟੀਆਂ ਵਿਚ ਚਲੇ ਜਾਣ। ਕਪਿਲ ਸਿੱਬਲ ਨਿੱਜੀ ਤੌਰ ਉੱਤੇ ਕਾਬਲ ਆਗੂ ਅਤੇ ਯੋਗ ਵਕੀਲ ਹੋ ਸਕਦੇ ਹਨ ਪਰ ਪਾਰਟੀ ਦੇ ਸਮਰਥਨ ਤੋਂ ਬਿਨਾਂ ਨਿੱਜੀ ਤਾਕਤ ਵੱਡੀਆਂ ਤਬਦੀਲੀਆਂ ਦੀ ਸੰਭਾਵਨਾਵਾਂ ਨਾਲ ਲੈਸ ਨਹੀਂ ਹੁੰਦੀ। ਸਿੱਬਲ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਰਾਜ ਸਭਾ ਦਾ ਮੈਂਬਰ ਬਣਿਆ ਰਹਿਣਾ ਚਾਹੁੰਦਾ ਸੀ ਅਤੇ ਇਹ ਮਨੋਰਥ ਸਮਾਜਵਾਦੀ ਪਾਰਟੀ ਨੇ ਪੂਰਾ ਕਰ ਦਿੱਤਾ ਹੈ। ਸਿੱਬਲ ਦੀ ਸਿਆਸੀ ਨੈਤਿਕਤਾ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਇਸ ਸਭ ਕੁਝ ਦੇ ਬਾਵਜੂਦ ਭਾਜਪਾ ਨੂੰ ਟੱਕਰ ਦੇਣ ਲਈ ਘੱਟੋ-ਘੱਟ ਪ੍ਰੋਗਰਾਮ ਤਿਆਰ ਕਰਕੇ ਉਸ ਉੱਤੇ ਸਹਿਮਤੀ ਬਣਾਉਣ ਦੀ ਲੋੜ ਹੈ।