ਮੁੜ ਡੁੱਬਿਆ ਦਿੱਲੀ-ਐੱਨ ਸੀ ਆਰ
ਹਰ ਸਾਲ ਮੌਨਸੂਨ ਆਉਣ ’ਤੇ ਦਿੱਲੀ-ਐੱਨ ਸੀ ਆਰ ਨੂੰ ਉਹੀ ਪੁਰਾਣਾ ਤੇ ਦੁਖਦਾਈ ਸਬਕ ਮੁੜ ਸਿੱਖਣਾ ਪੈਂਦਾ ਹੈ। ਮਹਿਜ਼ ਕੁਝ ਘੰਟਿਆਂ ਦਾ ਮੀਂਹ ਹੀ ਸੜਕਾਂ ਨੂੰ ਨਦੀਆਂ-ਨਾਲਿਆਂ ਵਿੱਚ ਬਦਲਣ, ਹਜ਼ਾਰਾਂ ਲੋਕਾਂ ਨੂੰ ਜਾਮ ਵਿੱਚ ਫਸਾਉਣ ਅਤੇ ਇਸ ਇਲਾਕੇ ਦੇ ਸ਼ਹਿਰੀ...
ਹਰ ਸਾਲ ਮੌਨਸੂਨ ਆਉਣ ’ਤੇ ਦਿੱਲੀ-ਐੱਨ ਸੀ ਆਰ ਨੂੰ ਉਹੀ ਪੁਰਾਣਾ ਤੇ ਦੁਖਦਾਈ ਸਬਕ ਮੁੜ ਸਿੱਖਣਾ ਪੈਂਦਾ ਹੈ। ਮਹਿਜ਼ ਕੁਝ ਘੰਟਿਆਂ ਦਾ ਮੀਂਹ ਹੀ ਸੜਕਾਂ ਨੂੰ ਨਦੀਆਂ-ਨਾਲਿਆਂ ਵਿੱਚ ਬਦਲਣ, ਹਜ਼ਾਰਾਂ ਲੋਕਾਂ ਨੂੰ ਜਾਮ ਵਿੱਚ ਫਸਾਉਣ ਅਤੇ ਇਸ ਇਲਾਕੇ ਦੇ ਸ਼ਹਿਰੀ ਢਾਂਚੇ ਦੀ ਪੋਲ ਖੋਲ੍ਹਣ ਲਈ ਕਾਫ਼ੀ ਹੁੰਦਾ ਹੈ। ਇਸ ਹਫ਼ਤੇ ਹੋਈ ਭਾਰੀ ਬਾਰਿਸ਼ ਨੇ ਸਭ ਕੁਝ ਰੋਕ ਕੇ ਰੱਖ ਦਿੱਤਾ, ਥਾਂ-ਥਾਂ ਪਾਣੀ ਭਰ ਗਿਆ, ਟ੍ਰੈਫਿਕ ਪੂਰੀ ਤਰ੍ਹਾਂ ਜਾਮ ਹੋ ਗਿਆ ਅਤੇ ਇੱਕ ਇਮਾਰਤ ਡਿੱਗਣ ਕਾਰਨ ਜਾਨੀ ਨੁਕਸਾਨ ਵੀ ਹੋਇਆ। ਇਹ ਸਭ ਇਸ ਗੱਲ ਦਾ ਤਾਜ਼ਾ ਸਬੂਤ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਅਜੇ ਵੀ ਭਾਰੀ ਮੀਂਹ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਨਹੀਂ ਹੈ। ਮੌਸਮ ਵਿਭਾਗ ਦੀਆਂ ਚਿਤਾਵਨੀਆਂ ਸੰਕੇਤ ਦੇ ਰਹੀਆਂ ਹਨ ਕਿ ਬਦਲਦੇ ਮੌਸਮ ਕਰਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣਗੇ।
ਅਸਲ ਸਮੱਸਿਆ ਮੀਂਹ ਦੀ ਨਹੀਂ, ਸਗੋਂ ਇਸ ਇਲਾਕੇ ਦੇ ਹੋਏ ਅੰਨ੍ਹੇਵਾਹ ਪਸਾਰ ਦੀ ਹੈ। ਪਾਣੀ ਦੀ ਨਿਕਾਸੀ ਵਾਲੇ ਕੁਦਰਤੀ ਲਾਂਘੇ, ਟੋਭੇ-ਤਲਾਬ ਅਤੇ ਹੜ੍ਹ ਦੇ ਮੈਦਾਨੀ ਇਲਾਕੇ ਕੰਕਰੀਟ ਦੀਆਂ ਇਮਾਰਤਾਂ ਹੇਠ ਦੱਬੇ ਜਾ ਚੁੱਕੇ ਹਨ ਜਦੋਂਕਿ ਮੀਂਹ ਦੇ ਪਾਣੀ ਦੀ ਨਿਕਾਸੀ ਵਾਲਾ ਨਿਜ਼ਾਮ ਸ਼ਹਿਰਾਂ ਦੇ ਵਧਦੇ ਫੈਲਾਅ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਗਿਆ ਹੈ। ਆਧੁਨਿਕ ਭਾਰਤ ਦੀ ਮਿਸਾਲ ਮੰਨਿਆ ਜਾਣ ਵਾਲਾ ਗੁਰੂਗ੍ਰਾਮ ਇਸ ਕਮਜ਼ੋਰੀ ਨੂੰ ਪ੍ਰਤੱਖ ਪੇਸ਼ ਕਰਦਾ ਹੈ, ਜਿੱਥੇ ਇੱਕ ਪਾਸੇ ਆਸਮਾਨ ਛੂੰਹਦੀਆਂ ਚਮਕਦਾਰ ਇਮਾਰਤਾਂ ਤੇ ਐਕਸਪ੍ਰੈੱਸ-ਵੇਅ ਹਨ, ਉੱਥੇ ਹੀ ਦੂਜੇ ਪਾਸੇ ਪਾਣੀ ਵਿੱਚ ਡੁੱਬੀਆਂ ਸਰਵਿਸ ਲੇਨਾਂ ਅਤੇ ਜਾਮ ਹੋਇਆ ਟ੍ਰੈਫਿਕ ਹੈ। ਹਾਲ ਹੀ ਵਿੱਚ ਮੁੱਖ ਸੜਕਾਂ ਦੇ ਧਸਣ ਅਤੇ ਟੁੱਟਣ ਦੀਆਂ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਯੋਜਨਾਬੰਦੀ ਅਤੇ ਸਾਂਭ-ਸੰਭਾਲ ਵਿੱਚ ਲਾਪਰਵਾਹੀ ਦਾ ਕਿੰਨਾ ਵੱਡਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇੱਥੋਂ ਦੇ ਵਸਨੀਕਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ ਕਿਉਂਕਿ ਉਹ ਟੈਕਸ ਭਰਦੇ ਹਨ ਅਤੇ ਬਦਲੇ ਵਿੱਚ ਸਿਰਫ਼ ਬੁਨਿਆਦੀ ਸਹੂਲਤਾਂ ਦੀ ਉਮੀਦ ਰੱਖਦੇ ਹਨ, ਪਰ ਫਿਰ ਵੀ ਰੋਜ਼ਾਨਾ ਟ੍ਰੈਫਿਕ ਜਾਮ ਦੀ ਮਾਰ ਝੱਲਣ ਲਈ ਮਜਬੂਰ ਹਨ।
ਸ਼ਹਿਰਾਂ ਵਿੱਚ ਪਾਣੀ ਭਰ ਜਾਣ ਦੀ ਇਸ ਸਮੱਸਿਆ ਨੂੰ ਹੁਣ ਮਹਿਜ਼ ਮਾਮੂਲੀ ਪਰੇਸ਼ਾਨੀ ਜਾਂ ਹੋਣੀ ਕਹਿ ਕੇ ਟਾਲਿਆ ਨਹੀਂ ਜਾ ਸਕਦਾ। ਇਹ ਸਪੱਸ਼ਟ ਤੌਰ ’ਤੇ ਪ੍ਰਸ਼ਾਸਨਿਕ ਨਾਕਾਮੀ ਹੈ, ਜੋ ਅਗਾਊਂ ਯੋਜਨਾਬੰਦੀ ਅਤੇ ਜਵਾਬਦੇਹੀ ਦੀ ਮੰਗ ਕਰਦੀ ਹੈ। ਅੱਗੇ ਵਧਣ ਦਾ ਰਸਤਾ ਬਿਲਕੁਲ ਸਪੱਸ਼ਟ ਹੈ: ਮੀਂਹ ਦੇ ਪਾਣੀ ਦੀ ਨਿਕਾਸੀ ਵਾਲੇ ਨਾਲਿਆਂ ਨੂੰ ਬਦਲਦੇ ਮੌਸਮ ਦੇ ਹਿਸਾਬ ਨਾਲ ਦੁਬਾਰਾ ਬਣਾਉਣਾ ਪਵੇਗਾ, ਕੁਦਰਤੀ ਵਹਾਅ ਵਾਲੇ ਰਸਤੇ ਤੇ ਟੋਭੇ-ਤਲਾਬ ਸੁਰਜੀਤ ਕਰਨੇ ਪੈਣਗੇ ਅਤੇ ਸੜਕਾਂ-ਇਮਾਰਤਾਂ ਦੀ ਸਾਂਭ-ਸੰਭਾਲ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕਰਨੀ ਹੋਵੇਗੀ। ਹਾਲਾਂਕਿ, ਨਵੀਂ ਤਕਨਾਲੋਜੀ ਦੀ ਮਦਦ ਨਾਲ ਮੌਸਮ ਦੀ ਭਵਿੱਖਬਾਣੀ ਅਤੇ ਐਮਰਜੈਂਸੀ ਪ੍ਰਬੰਧਾਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ, ਪਰ ਐੱਨ ਸੀ ਆਰ ਨੂੰ ਹਰ ਸਾਲ ਮੌਨਸੂਨ ਦੇ ਸੰਕਟ ਵਿੱਚੋਂ ਕੱਢਣ ਲਈ ਠੋਸ ਸਿਆਸੀ ਇੱਛਾ-ਸ਼ਕਤੀ ਦੀ ਲੋੜ ਹੈ। ਮੀਂਹ ਨੇ ਇੱਕ ਵਾਰ ਫਿਰ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ: ਜਿਹੜਾ ਸ਼ਹਿਰ ਆਪਣੀ ਕੁਦਰਤੀ ਬਣਤਰ ਨੂੰ ਅੱਖੋਂ-ਪਰੋਖੇ ਕਰਦਾ ਹੈ, ਉਹ ਆਪਣਾ ਨੁਕਸਾਨ ਆਪ ਕਰਵਾਉਂਦਾ ਹੈ।

