ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ
ਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦਾ ਉਦਘਾਟਨ ਭਾਰਤ ਦੇ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ, ਜਿਸ ਨਾਲ ਕੌਮੀ ਰਾਜਧਾਨੀ ਅਤੇ ਉੱਤਰਾਖੰਡ ਦੇ ਪ੍ਰਵੇਸ਼ ਦੁਆਰ ਇਸ ਸ਼ਹਿਰ ਦਰਮਿਆਨ ਸਫ਼ਰ ਤਿੰਨ ਘੰਟਿਆਂ ਤੋਂ ਘੱਟ ਸਮੇਂ ਵਿੱਚ ਪੂਰਾ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ...
ਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦਾ ਉਦਘਾਟਨ ਭਾਰਤ ਦੇ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ, ਜਿਸ ਨਾਲ ਕੌਮੀ ਰਾਜਧਾਨੀ ਅਤੇ ਉੱਤਰਾਖੰਡ ਦੇ ਪ੍ਰਵੇਸ਼ ਦੁਆਰ ਇਸ ਸ਼ਹਿਰ ਦਰਮਿਆਨ ਸਫ਼ਰ ਤਿੰਨ ਘੰਟਿਆਂ ਤੋਂ ਘੱਟ ਸਮੇਂ ਵਿੱਚ ਪੂਰਾ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ ਇੰਜੀਨੀਅਰਿੰਗ ਦਾ ਅਦਭੁੱਤ ਨਮੂਨਾ ਹੈ ਅਤੇ ਇਹ ਸੜਕਾਂ ਆਦਿ ਦੇ ਨਿਰਮਾਣ ਵਿੱਚ ਤਬਦੀਲੀ ਦਾ ਸੰਕੇਤ ਦਿੰਦਾ ਹੈ। ਇਹ ਮਹਿਜ਼ ਸੜਕਾਂ ਨਹੀਂ, ਸਗੋਂ ਖਿੱਤਿਆਂ ਅਤੇ ਬਾਜ਼ਾਰਾਂ ਨੂੰ ਜੋੜ ਕੇ ਮੌਕੇ ਮੁਹੱਈਆ ਕਰਵਾਉਣ ਵਾਲੇ ਆਰਥਿਕ ਗਲਿਆਰੇ ਹਨ। ਇਸ ਦੇ ਫੌਰੀ ਅਤੇ ਹਕੀਕੀ ਲਾਭ ਦਿਖਾਈ ਦਿੰਦੇ ਹਨ। ਬਿਹਤਰ ਸੰਪਰਕ ਵਿਵਸਥਾ ਨਾਲ ਦੇਹਰਾਦੂਨ ਅਤੇ ਮਸੂਰੀ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲਣ, ਸੜਕਾਂ ਤੋਂ ਭੀੜ ਘਟਣ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਆਰਥਿਕ ਗਤੀਵਿਧੀਆਂ ਦੇ ਰਫ਼ਤਾਰ ਫੜਨ ਦੀ ਸੰਭਾਵਨਾ ਹੈ। ਸਹਾਰਨਪੁਰ ਅਤੇ ਸ਼ਾਮਲੀ ਵਰਗੇ ਜ਼ਿਲ੍ਹੇ ਜਿਹੜੇ ਪਹਿਲਾਂ ਵਿਕਾਸ ਪੱਖੋਂ ਅਣਗੌਲੇ ਸਨ, ਉੱਥੇ ਲੌਜਿਸਟਿਕ, ਵੇਅਰਹਾਊਸਿੰਗ ਅਤੇ ਰੀਅਲ ਅਸਟੇਟ ਕਾਰੋਬਾਰ ਨੂੰ ਹੁਲਾਰਾ ਮਿਲ ਸਕਦਾ ਹੈ।
ਇਸ ਪੱਖ ਤੋਂ ਇਹ ਐਕਸਪ੍ਰੈੱਸਵੇਅ ਭਾਰਤ ਮਾਲਾ ਵਰਗੇ ਪ੍ਰੋਜੈਕਟਾਂ ਤਹਿਤ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਏਕੀਕ੍ਰਿਤ ਤੇਜ਼ ਰਫ਼ਤਾਰ ਵਾਲੇ ਕੌਰੀਡੋਰਾਂ ਦੇ ਵਿਆਪਕ ਯਤਨਾਂ ਦੀ ਲੜੀ ਵਿੱਚ ਜਾਪਦਾ ਹੈ। ਇਸ ਪ੍ਰੋਜੈਕਟ ਦੀ ਖ਼ਾਸੀਅਤ ਇਹ ਹੈ ਕਿ ਇਸ ਤਹਿਤ ਵਿਕਾਸ ਅਤੇ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਵਿਚਾਲੇ ਤਵਾਜ਼ਨ ਕਾਇਮ ਰੱਖਣ ਦਾ ਯਤਨ ਕੀਤਾ ਗਿਆ ਹੈ।
ਰਾਜਾਜੀ ਖੇਤਰ ’ਚੋਂ ਲੰਘਣ ਵਾਲੇ ਇਸ ਐਲੀਵੇਟਿਡ ਗਲਿਆਰੇ ਵਿੱਚ ਪਸ਼ੂਆਂ ਲਈ ਅੰਡਰਪਾਸ ਵੀ ਸ਼ਾਮਲ ਹੈ, ਜੋ ਇਸ ਮਾਨਤਾ ਨੂੰ ਦਰਸਾਉਂਦਾ ਹੈ ਕਿ ਬੁਨਿਆਦੀ ਢਾਂਚੇੇ ਨੂੰ ਕੁਦਰਤ ਦੇ ਮੁਤਾਬਿਕ ਢਾਲਿਆ ਜਾਣਾ ਚਾਹੀਦਾ ਹੈ। ਕਰਨਾਟਕ ਦਾ ਹਾਥੀ ਗਲਿਆਰਾ, ਜੋ ਬਾਂਦੀਪੁਰ, ਨਾਗਰਹੋਲ ਅਤੇ ਆਸ-ਪਾਸ ਦੇ ਜੰਗਲਾਂ ਨੂੰ ਆਪਸ ਵਿੱਚ ਜੋੜਦਾ ਹੈ, ਇਹ ਦਰਸਾਉਂਦਾ ਹੈ ਕਿ ਅਜਿਹੇ ਮਾਰਗ ਉਸਾਰਨ ਨਾਲ ਜੰਗਲੀ ਜਾਨਵਰਾਂ ਦੀ ਸੁਰੱਖਿਆ ਹੁੰਦੀ ਹੈ ਅਤੇ ਮਨੁੱਖ ਤੇ ਜਾਨਵਰਾਂ ਵਿਚਾਲੇ ਟਕਰਾਅ ਘਟਦਾ ਹੈ। ਜੇਕਰ ਇਹ ਪ੍ਰੋਜੈਕਟ ਕਾਰਗਰ ਸਿੱਧ ਹੁੰਦਾ ਹੈ ਤਾਂ ਇਹ ਨਵਾਂ ਐਕਸਪ੍ਰੈੱਸਵੇਅ ਭਵਿੱਖੀ ਯੋਜਨਾਵਾਂ ਲਈ ਆਦਰਸ਼ ਬਣ ਸਕਦਾ ਹੈ।
ਹਾਲਾਂਕਿ ਇਸ ਬਾਰੇ ਤੌਖ਼ਲੇ ਹਾਲੇ ਵੀ ਬਰਕਰਾਰ ਹਨ। ਐਨ ਆਖ਼ਰੀ ਸਮੇਂ ਨਿਰਮਾਣ ਕਾਰਜਾਂ ਵਿੱਚ ਸੁਧਾਰ ਕਰਨ ਅਤੇ ਪਹਿਲਾਂ ਆਈਆਂ ਦੇਰੀ ਦੀਆਂ ਰਿਪੋਰਟਾਂ ਕਾਰਨ ਕੰਮ ਮਿਆਰੀ ਹੋਣ ਅਤੇ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੇ ਦਬਾਅ ਬਾਰੇ ਸਵਾਲ ਉੱਠਣੇ ਸੁਭਾਵਿਕ ਹਨ। ਕਿਸੇ ਪ੍ਰੋਜੈਕਟ ਦੇ ਸਮੇਂ ਸਿਰ ਉਦਘਾਟਨ ਨਾਲ ਉਸ ਦੇ ਬੁਨਿਆਦੀ ਢਾਂਚੇ ਬਾਰੇ ਅੰਦਾਜ਼ਾ ਨਹੀਂ ਲਾਇਆ ਸਕਦਾ ਸਗੋਂ ਟਿਕਾਊ, ਸੁਰੱਖਿਅਤ ਅਤੇ ਵਾਤਾਵਰਨ ’ਤੇ ਲੰਮੇ ਸਮੇਂ ਦੇ ਪ੍ਰਭਾਵਾਂ ਤੋਂ ਅੰਦਾਜ਼ਾ ਲਾਇਆ ਜਾਣਾ ਚਾਹੀਦਾ ਹੈ। ਇਹ ਐਕਸਪ੍ਰੈੱਸਵੇਅ ਇੱਕ ਨਵੀਂ ਉਮੀਦ ਅਤੇ ਸਾਵਧਾਨੀ ਦੋਵਾਂ ਨੂੰ ਦਰਸਾਉਂਦਾ ਹੈ। ਇਹ ਭਾਰਤ ਦੀ ਤੇਜ਼ ਅਤੇ ਆਧੁਨਿਕ ਨਿਰਮਾਣ ਸਮਰੱਥਾ ਨੂੰ ਉਜਾਗਰ ਕਰਦਾ ਹੈ, ਪਰ ਨਾਲ ਹੀ ਸਖ਼ਤ ਮਾਪਦੰਡਾਂ ਅਤੇ ਜਵਾਬਦੇਹੀ ਦੀ ਲੋੜ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਸ ਪ੍ਰੋਜੈਕਟ ਦੀ ਅਸਲ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਕੀ ਇਹ ਵਾਤਾਵਰਨ ਅਤੇ ਢਾਂਚਾਗਤ ਅਖੰਡਤਾ ਨਾਲ ਸਮਝੌਤਾ ਕੀਤੇ ਬਗ਼ੈਰ ਕਾਇਮ ਰਹਿ ਸਕਦਾ ਹੈ?

