ਦੂਸਰੀ ਸੰਸਾਰ ਜੰਗ ਦੌਰਾਨ 6 ਅਤੇ 9 ਅਗਸਤ ਨੂੰ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਸੁੱਟੇ ਗਏ ਪਰਮਾਣੂ ਬੰਬਾਂ ਕਾਰਨ ਹੋਏ ਨੁਕਸਾਨ ਤੋਂ ਦੁਨੀਆਂ ਅਣਜਾਣ ਨਹੀਂ ਹੈ। ਇਸ ਹੌਲਨਾਕ ਮੰਜ਼ਰ ਨੂੰ 75 ਸਾਲ ਬੀਤ ਗਏ ਹਨ। ਉਸ ਮੌਕੇ ਮਾਰੇ ਗਏ ਲੱਖਾਂ ਲੋਕਾਂ ਵਿਚੋਂ ਬਚ ਗਏ ਪੀੜਤ ਦੁਨੀਆਂ ਭਰ ਵਿਚ ਜਾ ਕੇ ਇਸ ਮਨੁੱਖਘਾਤੀ ਵਰਤਾਰੇ ਦੀਆਂ ਕਹਾਣੀਆਂ ਸੁਣਾ ਕੇ ਹੁਕਮਰਾਨਾਂ ਅਤੇ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ ਕਰ ਰਹੇ ਹਨ। ਇਸ ਦੇ ਬਾਵਜੂਦ ਹੁਕਮਰਾਨਾਂ ਦੀ ਬਣੀ ਹੋਈ ਜੰਗੀ ਮਾਨਸਿਕਤਾ ਅਤੇ ਦੁਨੀਆਂ ਭਰ ਵਿਚ ਅਮਨ ਦੇ ਪੱਖ ਵਿਚ ਕਮਜ਼ੋਰ ਲੋਕ ਲਹਿਰ ਦੀ ਗ਼ੈਰਹਾਜ਼ਰੀ ਕਾਰਨ ਪਰਮਾਣੂ ਹਥਿਆਰਾਂ ਦੇ ਖਾਤਮੇ ਅਤੇ ਜੰਗ ਨਾ ਲੜਨ ਦੀਆਂ ਸੰਧੀਆਂ ਉੱਤੇ ਸ਼ਿੱਦਤ ਨਾਲ ਅਮਲ ਨਹੀਂ ਕੀਤਾ ਜਾ ਰਿਹਾ। ਛੇ ਅਗਸਤ ਨੂੰ ਹੀਰੋਸ਼ੀਮਾ ਦੇ ਮੇਅਰ ਨੇ ਸੰਯੁਕਤ ਰਾਸ਼ਟਰ ਸੰਘ ਦੀ ਪਰਮਾਣੂ ਹਥਿਆਰ ਖ਼ਤਮ ਕਰਨ ਵਾਲੀ ਸੰਧੀ ਉੱਤੇ ਸਹੀ ਪਾਉਣ ਲਈ ਜਾਪਾਨ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਹੋਰ ਦੇਸ਼ਾਂ ਨੂੰ ਪ੍ਰੇਰਿਤ ਕਰਨ ਦੀ ਸਲਾਹ ਵੀ ਦਿੱਤੀ ਹੈ।
ਸੰਯੁਕਤ ਰਾਸ਼ਟਰ ਸੰਘ ਦੇ ਜਨਰਲ ਸਕੱਤਰ ਨੇ ਆਪਣੇ ਸੰਦੇਸ਼ ਵਿਚ ਕਿਹਾ ਹੈ ਕਿ ਲੋਕ ਪਰਮਾਣੂ ਬੰਬਾਂ ਕਾਰਨ ਮਨੁੱਖੀ ਹੋਂਦ ਦੀ ਤਬਾਹੀ ਦੇ ਖਤਰੇ ਤੋਂ ਮੁਕਤ ਭਵਿੱਖ ਚਾਹੁੰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਤਕਨੀਕੀ ਖ਼ਾਸ ਤੌਰ ਉੱਤੇ ਮਸਨੂਈ ਬੌਧਿਕਤਾ ਦੇ ਵਿਕਾਸ ਨਾਲ ਟਕਰਾਅ ਅਤੇ ਨੁਕਸਦਾਰ ਅਨੁਮਾਨਾਂ ਕਾਰਨ ਪਰਮਾਣੂ ਬੰਬਾਂ ਦੇ ਖ਼ਤਰੇ ਦੀਆਂ ਸੰਭਾਵਨਾਵਾਂ ਕਈ ਗੁਣਾਂ ਵਧ ਸਕਦੀਆਂ ਹਨ। ਇਸ ਮੌਕੇ ਭਾਰਤ ਅਤੇ ਪਾਕਿਸਤਾਨ ਸਮੇਤ 9 ਮੁਲਕਾਂ ਕੋਲ ਪਰਮਾਣੂ ਬੰਬ ਹਨ। ਇਹ ਆਮ ਰਾਇ ਹੈ ਕਿ ਪਰਮਾਣੂ ਜੰਗ ਦਾ ਜੇਤੂ ਕੋਈ ਨਹੀਂ ਹੋਵੇਗਾ। ਦੂਜੀ ਸੰਸਾਰ ਜੰਗ ਸਮੇਂ ਅੰਧ-ਰਾਸ਼ਟਰਵਾਦ ਦੀ ਹਉਮੈ ਦੇ ਉਭਾਰ ਦਾ ਮੌਕਾ ਸੀ ਜਦੋਂ ਸਰਦਾਰੀ ਸਾਬਤ ਕਰਨ ਲਈ ਮਾਰੂ ਹਥਿਆਰਾਂ ਨੂੰ ਇਕ ਤਾਕਤ ਵਜੋਂ ਦੇਖਿਆ ਜਾਂਦਾ ਰਿਹਾ ਹੈ। ਮੌਜੂਦਾ ਸਮੇਂ ਮਨੁੱਖਤਾ ਸਾਹਮਣੇ ਕਈ ਹੋਰ ਰਣਨੀਤਿਕ ਚੁਣੌਤੀਆਂ ਦਰਪੇਸ਼ ਹਨ।
ਜਲਵਾਯੂ ਪਰਿਵਰਤਨ ਨੂੰ ਤੀਸਰੀ ਸੰਸਾਰ ਜੰਗ ਹੀ ਮੰਨਿਆ ਜਾ ਰਿਹਾ ਹੈ, ਭਾਵ ਜੇਕਰ ਮਾਨਵਤਾ ਨੇ ਮਿਲ ਕੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਜੈਵਿਕ ਜੀਵਨ ਹੀ ਖ਼ਤਰੇ ਵਿਚ ਹੈ। ਗ਼ਰੀਬ-ਅਮੀਰ ਦਰਮਿਆਨ ਪਾੜਾ ਵੀ ਖ਼ਤਰਨਾਕ ਹੱਦ ਤੱਕ ਵਧਦਾ ਜਾ ਰਿਹਾ ਹੈ। ਅਮਰੀਕਾ ਤੋਂ ਲੈ ਭਾਰਤ ਤੱਕ ਦੇ ਹੁਕਮਰਾਨਾਂ ਦੀ ਨਸਲੀ ਅਤੇ ਧਾਰਮਿਕ ਜਨੂਨੀ ਪਹੁੰਚ ਇਨ੍ਹਾਂ ਵੱਡੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਕੇ ਵੋਟ ਬੈਂਕ ਤੱਕ ਸੀਮਤ ਹੋ ਗਈ ਹੈ। ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਦੁਨੀਆਂ ਵਿਚ ਕਰੋੜਾਂ ਲੋਕ ਭੁੱਖ, ਬਿਨਾ ਇਲਾਜ ਅਤੇ ਕੁਦਰਤੀ ਅਤੇ ਮਨੁੱਖ ਵਲੋਂ ਸਿਰਜੀਆਂ ਆਫ਼ਤਾਂ ਕਾਰਨ ਮਰ ਰਹੇ ਹਨ। ਨਵੀਂ ਪੀੜ੍ਹੀ ਦੇ ਨੌਜਵਾਨਾਂ ਅੱਗੇ ਬੇਰੁਜ਼ਗਾਰੀ ਸਭ ਤੋਂ ਵੱਡੇ ਮੁੱਦੇ ਵਜੋਂ ਖੜ੍ਹੀ ਹੈ। ਹਥਿਆਰਾਂ ਉੱਤੇ ਖ਼ਰਚ ਕੀਤਾ ਜਾਂਦਾ ਹਰ ਪੈਸਾ ਸਮਾਜਿਕ ਅਤੇ ਮਾਨਵੀ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਉਠਾਏ ਕਦਮਾਂ ਦੇ ਖ਼ਿਲਾਫ਼ ਜਾ ਰਿਹਾ ਹੈ। ਦੁਨੀਆਂ ਦੇ 122 ਮੁਲਕਾਂ ਨੇ ਪਿਛਲੇ ਸਾਲ ਜੁਲਾਈ ਵਿਚ ਪਰਮਾਣੂ ਹਥਿਆਰ ਖ਼ਤਮ ਕਰਨ ਦੀ ਸੰਧੀ ਉੱਤੇ ਦਸਤਖ਼ਤ ਕਰ ਕੇ ਸੰਸਾਰ ਦੇ ਚੌਧਰਵਾਦੀ ਨਜ਼ਰੀਏ ਵਾਲੇ ਦੇਸ਼ਾਂ ਨੂੰ ਵੀ ਇਸ ਉੱਤੇ ਸਹੀ ਪਾਉਣ ਦੀ ਅਪੀਲ ਕੀਤੀ ਹੈ। ਅਜਿਹਾ ਅਮਨ ਦੇ ਪੱਖ ਵਿਚ ਵਿਆਪਕ ਸੰਸਾਰ ਲੋਕ ਰਾਇ ਬਣਾ ਕੇ ਹੀ ਸੰਭਵ ਹੈ।