DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੱਛਮੀ ਏਸ਼ੀਆ ’ਚ ਸੰਕਟ

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਦੇ ਸਿਖਰਲੇ ਨੇਤਾ ਆਇਤੁੱਲਾ ਅਲੀ ਖਮੇਨੇਈ ਦੀ ਕੀਤੀ ਗਈ ਹੱਤਿਆ ਨੇ ਪੱਛਮੀ ਏਸ਼ੀਆ ਨੂੰ ਇੱਕ ਅਜਿਹੇ ਸੰਕਟ ਵੱਲ ਧੱਕ ਦਿੱਤਾ ਹੈ ਜਿਸ ਦੇ ਨਤੀਜੇ ਵਿਸ਼ਵ ਪੱਧਰੀ ਹੋਣਗੇ। ਪੱਛਮੀ ਤਾਕਤਾਂ ਵੱਲੋਂ ਇਰਾਨ ਦੀ ਲੀਡਰਸ਼ਿਪ ਅਤੇ ਰਣਨੀਤਕ...

  • fb
  • twitter
  • whatsapp
  • whatsapp
Advertisement

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਦੇ ਸਿਖਰਲੇ ਨੇਤਾ ਆਇਤੁੱਲਾ ਅਲੀ ਖਮੇਨੇਈ ਦੀ ਕੀਤੀ ਗਈ ਹੱਤਿਆ ਨੇ ਪੱਛਮੀ ਏਸ਼ੀਆ ਨੂੰ ਇੱਕ ਅਜਿਹੇ ਸੰਕਟ ਵੱਲ ਧੱਕ ਦਿੱਤਾ ਹੈ ਜਿਸ ਦੇ ਨਤੀਜੇ ਵਿਸ਼ਵ ਪੱਧਰੀ ਹੋਣਗੇ। ਪੱਛਮੀ ਤਾਕਤਾਂ ਵੱਲੋਂ ਇਰਾਨ ਦੀ ਲੀਡਰਸ਼ਿਪ ਅਤੇ ਰਣਨੀਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਤਹਿਰਾਨ ਵਿਰੁੱਧ ਕੀਤੇ ਗਏ ਹਮਲੇ ਬਹੁਤ ਚਿੰਤਾਜਨਕ ਹਨ। ਇਨ੍ਹਾਂ ਹਮਲਿਆਂ ਵਿੱਚ ਇਰਾਨ ਦੇ ਸੀਨੀਅਰ ਫ਼ੌਜੀ ਅਧਿਕਾਰੀ ਮਾਰੇ ਗਏ ਹਨ ਅਤੇ ਕਈ ਪ੍ਰਮੁੱਖ ਸੰਸਥਾਵਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਖਾੜੀ ਖੇਤਰ ਤੋਂ ਜਵਾਬੀ ਹਮਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਨ੍ਹਾਂ ਨਾਲ ਲੰਮਾ ਸਮਾਂ ਅਸ਼ਾਂਤੀ ਬਣੇ ਰਹਿਣ ਦਾ ਖਦਸ਼ਾ ਹੋਰ ਵਧ ਗਿਆ ਹੈ।

ਤੇਲ ਸਪਲਾਈ ਵਿੱਚ ਰੁਕਾਵਟਾਂ ਅਤੇ ਵਧੇ ਹੋਏ ਸੁਰੱਖਿਆ ਖਤਰਿਆਂ ਕਰਕੇ ਵਿਸ਼ਵਵਿਆਪੀ ਪ੍ਰਤੀਕਿਰਿਆਵਾਂ ਡੂੰਘੀ ਚਿੰਤਾ ਨੂੰ ਦਰਸਾਉਂਦੀਆਂ ਹਨ। ਇਸ ਖੇਤਰ ਅਤੇ ਦੁਨੀਆ ਲਈ ਇਹ ਸਿਰਫ਼ ਇੱਕ ਹੋਰ ਲੜਾਈ ਨਹੀਂ ਹੈ, ਸਗੋਂ ਇੱਕ ਅਜਿਹਾ ਸੰਕਟ ਹੈ ਜਿਸ ਦੇ ਭੂ-ਰਾਜਨੀਤਕ ਅਤੇ ਆਰਥਿਕ ਸਿੱਟੇ, ਗੱਠਜੋੜਾਂ ਨੂੰ ਇੱਕ ਨਵਾਂ ਰੂਪ ਦੇ ਕੇ ਵਿਸ਼ਵਵਿਆਪੀ ਸੰਤੁਲਨ ਨੂੰ ਮੁੜ ਪਰਿਭਾਸ਼ਿਤ ਕਰ ਸਕਦੇ ਹਨ। ਬਹੁਤ ਕੁਝ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਇਰਾਨੀ ਸ਼ਾਸਨ ਇਸ ਹਮਲੇ ਤੋਂ ਕਿੰਨੀ ਛੇਤੀ ਉੱਭਰਦਾ ਹੈ ਜਾਂ ਉੱਭਰੇਗਾ ਵੀ ਕਿ ਨਹੀਂ? ਜੇਕਰ ਸ਼ਾਸਨ ਮਜ਼ਬੂਤੀ ਨਾਲ ਮੁੜ ਸੰਗਠਿਤ ਹੋ ਜਾਂਦਾ ਹੈ ਅਤੇ ਟਕਰਾਅ ਵਧਦਾ ਹੈ ਤਾਂ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਲਈ ਪੂਰੀ ਤਰ੍ਹਾਂ ਹਮਲਾਵਰ ਰੁਖ਼ ਅਖ਼ਤਿਆਰ ਕਰਨਾ ਆਸਾਨ ਨਹੀਂ ਹੋਵੇਗਾ।

Advertisement

ਅਮਰੀਕਾ-ਇਜ਼ਰਾਈਲ ਫ਼ੌਜੀ ਕਾਰਵਾਈ ਖ਼ਿਲਾਫ਼ ਨਾ ਸਿਰਫ਼ ਇਰਾਨ ਵਿੱਚ ਸਗੋਂ ਇਰਾਕ, ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਹ ਹਮਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਤੋਂ ਬਾਅਦ ਹੋਏ ਹਨ, ਜਿੱਥੇ ਉਨ੍ਹਾਂ ਨੇ ਦੁਵੱਲੇ ਸਬੰਧਾਂ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਦਾਅਵੇ ਕੀਤੇ ਸਨ। ਇਰਾਨ ਨਾਲ ਭਾਰਤ ਦੇ ਚੰਗੇ ਸਬੰਧਾਂ ਨੇ ਦਿੱਲੀ ਲਈ ਇਸ ਨਾਜ਼ੁਕ ਸਥਿਤੀ ਨੂੰ ਹੋਰ ਵੀ ਮੁਸ਼ਕਿਲ ਬਣਾ ਦਿੱਤਾ ਹੈ। ਵਿਰੋਧੀ ਧਿਰ ਨੇ ਇਜ਼ਰਾਈਲ ਯਾਤਰਾ ਦੇ ਸਮੇਂ ’ਤੇ ਸਵਾਲ ਉਠਾਉਂਦਿਆਂ ਸਰਕਾਰ ’ਤੇ ਨੈਤਿਕ ਅਸਫਲਤਾ ਦਾ ਦੋਸ਼ ਲਾਇਆ ਹੈ। ਭਾਰਤ ਦੀ ਵਿਦੇਸ਼ ਨੀਤੀ ਇਸ ਵੇਲੇ ਖੇਤਰੀ ਸਥਿਰਤਾ ਦੀ ਕੀਮਤ ’ਤੇ ਅਮਰੀਕਾ ਅਤੇ ਇਜ਼ਰਾਈਲ ਨਾਲ ਨੇੜਲੇ ਸਬੰਧ ਬਣਾਉਣ ਲਈ ਆਲੋਚਨਾ ਦੇ ਘੇਰੇ ਵਿੱਚ ਆ ਗਈ ਹੈ। ਦਿੱਲੀ ਦੀ ਬਹੁਤ ਜ਼ਿਆਦਾ ਪ੍ਰਚਾਰੀ ਜਾਣ ਵਾਲੀ ਰਣਨੀਤਕ ਖੁਦਮੁਖ਼ਤਿਆਰੀ ਦੀ ਹੁਣ ਪਰਖ ਹੋਵੇਗੀ। ਸਭ ਤੋਂ ਵੱਡੀ ਚੁਣੌਤੀ ਤੇਜ਼ੀ ਨਾਲ ਅਸਥਿਰ ਹੋ ਰਹੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਤਾਕਤ ਦੇ ਸੰਤੁਲਨ ਵਿੱਚ ਬਦਲਾਅ ਹੋਣ ਦੇ ਸੰਦਰਭ ਵਿੱਚ ਵੱਖ ਵੱਖ ਭਾਈਵਾਲੀਆਂ ਨੂੰ ਕਾਇਮ ਰੱਖਣ ਦੀ ਹੈ।

Advertisement

Advertisement
×