DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕ੍ਰਿਕਟ ਕੂਟਨੀਤੀ ਬਨਾਮ ਸਿਆਸਤ

ਸਾਲ 2026 ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਸ਼ਡਿਊਲ ਬਾਰੇ ਉਪਜੀ ਬੇਯਕੀਨੀ ਨੇ ਇਹ ਜੱਗ ਜ਼ਾਹਿਰ ਕੀਤਾ ਹੈ ਕਿ ਭਾਰਤੀ ਉਪ-ਮਹਾਂਦੀਪ ਵਿੱਚ ਕ੍ਰਿਕਟ ਸਿਆਸਤ ਅਤੇ ਕੂਟਨੀਤੀ ਨਾਲ ਕਿੰਨੀ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਬੰਗਲਾਦੇਸ਼ ਦੇ ਭਾਰਤ ਵਿੱਚ ਆਪਣੇ ਨਿਰਧਾਰਤ...

  • fb
  • twitter
  • whatsapp
  • whatsapp
Advertisement

ਸਾਲ 2026 ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਸ਼ਡਿਊਲ ਬਾਰੇ ਉਪਜੀ ਬੇਯਕੀਨੀ ਨੇ ਇਹ ਜੱਗ ਜ਼ਾਹਿਰ ਕੀਤਾ ਹੈ ਕਿ ਭਾਰਤੀ ਉਪ-ਮਹਾਂਦੀਪ ਵਿੱਚ ਕ੍ਰਿਕਟ ਸਿਆਸਤ ਅਤੇ ਕੂਟਨੀਤੀ ਨਾਲ ਕਿੰਨੀ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਬੰਗਲਾਦੇਸ਼ ਦੇ ਭਾਰਤ ਵਿੱਚ ਆਪਣੇ ਨਿਰਧਾਰਤ ਮੈਚ ਖੇਡਣ ਤੋਂ ਇਨਕਾਰ ਕਰਨ ਉੱਤੇ ਆਈ ਸੀ ਸੀ ਦਾ ਇਨ੍ਹਾਂ ਮੈਚਾਂ ਨੂੰ ਕਿਸੇ ਹੋਰ ਬਦਲਵੀਂ ਥਾਂ ’ਤੇ ਕਰਵਾਉਣ ਬਾਰੇ ਸੋਚਣ ਲਈ ਮਜਬੂਰ ਹੋਣਾ ਵਿਆਪਕ ਦੁਵੱਲੀ ਬੇਚੈਨੀ ਦਾ ਸੰਕੇਤ ਹੈ। ਹੁਣ ਦੀ ਗੱਲ ਕਰੀਏ ਤਾਂ ਇਹ ਵਿਵਾਦ ਬੰਗਲਾਦੇਸ਼ੀ ਖਿਡਾਰੀਆਂ ਦੀ ਸੁਰੱਖਿਆ ਅਤੇ ਭਾਰਤ ਵਿਚਲੇ ਮੌਜੂਦਾ ਮਾਹੌਲ ਬਾਰੇ ਚਿੰਤਾਵਾਂ ਕਾਰਨ ਖੜ੍ਹਾ ਹੋਇਆ ਹੈ। ਮੁਸਤਫਿਜ਼ੁਰ ਰਹਿਮਾਨ ਨਾਲ ਸਬੰਧਿਤ ਮਾਮਲੇ ਨੇ ਇਨ੍ਹਾਂ ਤੌਖ਼ਲਿਆਂ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਇਸ ਤੇਜ਼ ਗੇਂਦਬਾਜ਼ ਨੂੰ ਆਈ ਪੀ ਐੱਲ ਤੋਂ ਅਚਾਨਕ ਬਾਹਰ ਕੀਤੇ ਜਾਣ ਨੂੰ ਢਾਕਾ ਵਿੱਚ ਇਸ ਗੱਲ ਦਾ ਸਬੂਤ ਮੰਨਿਆ ਜਾ ਰਿਹਾ ਹੈ ਕਿ ਕ੍ਰਿਕਟ ਉੱਤੇ ਸਿਆਸੀ ਤੇ ਹੋਰ ਕਈ ਕਿਸਮ ਦੇ ਦਬਾਅ ਪਾਏ ਜਾਂਦੇ ਹਨ। ਇਹ ਸੱਚ ਹੋਵੇ ਜਾਂ ਨਾ, ਕੂਟਨੀਤੀ ਵਿੱਚ ਧਾਰਨਾ ਵੀ ਇਰਾਦੇ ਜਿੰਨੀ ਹੀ ਮਾਅਨੇ ਰੱਖਦੀ ਹੈ।

ਦਰਅਸਲ, ਇਹ ਘਟਨਾ ਇਸ ਕਰਕੇ ਹੋਰ ਵੀ ਗੰਭੀਰ ਜਾਪਦੀ ਹੈ ਕਿਉਂਕਿ ਹਾਲੇ ਕੁਝ ਦਿਨ ਪਹਿਲਾਂ ਹੀ ਮਰਹੂਮ ਬੰਗਲਾਦੇਸ਼ੀ ਆਗੂ ਖਾਲਿਦਾ ਜ਼ਿਆ ਦੇ ਅੰਤਿਮ ਸੰਸਕਾਰ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੇ ਨੇਤਾ ਤਾਰਿਕ ਰਹਿਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੋਕ ਸੰਦੇਸ਼ ਦੇਣ ਲਈ ਢਾਕਾ ਗਏ ਸਨ। ਇਸ ਕਦਮ ਨੂੰ ਬੰਗਲਾਦੇਸ਼ ਵਿੱਚ ਸਿਆਸੀ ਉਥਲ-ਪੁਥਲ ਦਰਮਿਆਨ ਭਾਰਤ-ਬੰਗਲਾਦੇਸ਼ ਸਬੰਧਾਂ ਨੂੰ ਸਥਿਰ ਕਰਨ ਅਤੇ ਸਬੰਧਾਂ ਵਿੱਚ ਨਿਰੰਤਰਤਾ ਬਣਾਈ ਰੱਖਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਸੀ। ਇਸ ਪਿਛੋਕੜ ਦੇ ਮੱਦੇਨਜ਼ਰ ਕ੍ਰਿਕਟ ਬਾਰੇ ਪੈਦਾ ਹੋਇਆ ਇਹ ਜਮੂਦ ਕੂਟਨੀਤਕ ਸਦਭਾਵਨਾ ਦੇ ਯਤਨਾਂ ਦੇ ਅਸਰ ਨੂੰ ਕਮਜ਼ੋਰ ਕਰ ਸਕਦਾ ਹੈ।

Advertisement

ਆਈ ਸੀ ਸੀ ਇੱਕ ਗੰਭੀਰ ਦੁਬਿਧਾ ਦਾ ਸਾਹਮਣਾ ਕਰ ਰਹੀ ਹੈ। ਬੰਗਲਾਦੇਸ਼ ਦੀਆਂ ਮੰਗਾਂ ਨਾਲ ਸਹਿਮਤ ਹੋ ਕੇ ਮੈਚਾਂ ਨੂੰ ਸ੍ਰੀਲੰਕਾ ਵਿੱਚ ਤਬਦੀਲ ਕਰਨ ਨਾਲ ਫੌਰੀ ਤੌਰ ’ਤੇ ਤਣਾਅ ਤਾਂ ਘੱਟ ਹੋ ਸਕਦਾ ਹੈ, ਪਰ ਇਸ ਨਾਲ ਇਹ ਮਿਸਾਲ ਕਾਇਮ ਹੋਵੇਗੀ ਕਿ ਸਿਆਸੀ ਬੇਚੈਨੀ ਕਾਰਨ ਟੂਰਨਾਮੈਂਟ ਬਾਰੇ ਯੋਜਨਾਵਾਂ ਨੂੰ ਬਦਲਿਆ ਜਾ ਸਕਦਾ ਹੈ। ਦੂਜੇ ਪਾਸੇ, ਅਜਿਹੀ ਮੰਗ ਮੰਨਣ ਤੋਂ ਇਨਕਾਰ ਕਰਨ ਨਾਲ ਬੰਗਲਾਦੇਸ਼ ਵੱਲੋਂ ਮੈਚ ਨਾ ਖੇਡਣ ਦੀਆਂ ਧਮਕੀਆਂ ਮਿਲ ਸਕਦੀਆਂ ਸਨ ਅਤੇ ਇਹ ਵੀ ਟੂਰਨਾਮੈਂਟ ਦੀ ਅਖੰਡਤਾ/ ਨੇਕ-ਨੀਤੀ ਨੂੰ ਢਾਹ ਲੱਗ ਸਕਦੀ ਸੀ। ਮੇਜ਼ਬਾਨੀ ’ਚ ਭਾਈਵਾਲ ਹੋਣ ਨਾਤੇ ਬੀ ਸੀ ਸੀ ਆਈ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੈਚ ਖੇਡਣ ਲਈ ਭਾਰਤ ਆਉਣ ਵਾਲੀਆਂ ਵਿਦੇਸ਼ੀ ਟੀਮਾਂ ਸੁਰੱਖਿਅਤ ਮਹਿਸੂਸ ਕਰਨ ਅਤੇ ਵਿਆਪਕ ਸਿਆਸੀ ਮਾਹੌਲ ਤੋਂ ਦੂਰ ਰਹਿਣ। ਇੱਕ ਆਲਮੀ ਟੂਰਨਾਮੈਂਟ ਮੌਕੇ ਬੇਭਰੋਸਗੀ ਨੂੰ ਵਧਣ ਦੇਣ ਦੇ ਬੰਗਲਾਦੇਸ਼ ਲਈ ਭਵਿੱਖ ਵਿੱਚ ਨਤੀਜੇ ਬਹੁਤੇ ਚੰਗੇ ਨਹੀਂ ਹੋਣਗੇ। ਜੇਕਰ ਕ੍ਰਿਕਟ ਕੂਟਨੀਤੀ ਕਮਜ਼ੋਰ ਹੁੰਦੀ ਹੈ ਤਾਂ ਇਸ ਦਾ ਅਸਲ ਨੁਕਸਾਨ ਖਿੱਤੇ ’ਚ ਖੇਡ ਨੂੰ ਸ਼ੱਕ ਤੋਂ ਉੱਪਰ ਰੱਖਣ ਦੀ ਯੋਗਤਾ ਨੂੰ ਪੁੱਜੇਗਾ।

Advertisement

Advertisement
×