DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕ੍ਰਿਕਟ ਅਤੇ ਸਿਆਸਤ

​ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਆਪਣੇ ਅਹਿਮ ਮੁਕਾਬਲੇ ਦਾ ਬਾਈਕਾਟ ਕਰਨ ਦਾ ਪਾਕਿਸਤਾਨ ਦਾ ਫ਼ੈਸਲਾ ਇੱਕ ਸਿਆਸੀ ਚਾਲ ਹੈ, ਜੋ ਕ੍ਰਿਕਟ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਾ ਹੈ। ਦੱਖਣੀ ਏਸ਼ੀਆ ਦੀ ਇਹ ਸਭ ਤੋਂ ਹਰਮਨਪਿਆਰੀ ਖੇਡ ਮੈਦਾਨ ਤੋਂ...

  • fb
  • twitter
  • whatsapp
  • whatsapp
Advertisement

​ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਆਪਣੇ ਅਹਿਮ ਮੁਕਾਬਲੇ ਦਾ ਬਾਈਕਾਟ ਕਰਨ ਦਾ ਪਾਕਿਸਤਾਨ ਦਾ ਫ਼ੈਸਲਾ ਇੱਕ ਸਿਆਸੀ ਚਾਲ ਹੈ, ਜੋ ਕ੍ਰਿਕਟ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਾ ਹੈ। ਦੱਖਣੀ ਏਸ਼ੀਆ ਦੀ ਇਹ ਸਭ ਤੋਂ ਹਰਮਨਪਿਆਰੀ ਖੇਡ ਮੈਦਾਨ ਤੋਂ ਕਿਤੇ ਦੂਰ ਦੀਆਂ ਤਾਕਤਾਂ ਦਾ ਸ਼ਿਕਾਰ ਹੋ ਗਈ ਹੈ, ਖ਼ਾਸ ਤੌਰ ’ਤੇ ਪਿਛਲੇ ਸਾਲ ਦੇ ਪਹਿਲਗਾਮ ਅਤਿਵਾਦੀ ਹਮਲੇ ਅਤੇ ਅਪਰੇਸ਼ਨ ‘ਸਿੰਧੂਰ’ ਤੋਂ ਬਾਅਦ। ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਟੂਰਨਾਮੈਂਟ ਵਿੱਚ ਤਾਂ ਹਿੱਸਾ ਲਵੇਗਾ ਪਰ ਭਾਰਤ ਵਿਰੁੱਧ ਮੈਚ ਨਹੀਂ ਖੇਡੇਗਾ। ਅਜਿਹੀ ਚੋਣਵੀਂ ਪਹੁੰਚ ਕਿਸੇ ਵੀ ਵਿਸ਼ਵ ਕੱਪ ਦੇ ਉਸ ਬੁਨਿਆਦੀ ਸਿਧਾਂਤ ਨੂੰ ਸੱਟ ਮਾਰਦੀ ਹੈ ਕਿ ਸਾਰੀਆਂ ਟੀਮਾਂ ਬਰਾਬਰ ਸ਼ਰਤਾਂ ’ਤੇ ਮੁਕਾਬਲਾ ਕਰਨ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦਾ ਪਾਕਿਸਤਾਨ ਦੇ ਇਸ ਰੁਖ਼ ਨੂੰ ਖੇਡ ਦੀ ਨਿਰਪੱਖਤਾ ਦੇ ਖਿਲਾਫ਼ ਦੱਸਣਾ ਬਿਲਕੁਲ ਸਹੀ ਹੈ। ਮੁਲਕਾਂ ਨੂੰ ਆਪਣੀ ਮਰਜ਼ੀ ਦੇ ਵਿਰੋਧੀ ਚੁਣਨ ਦੀ ਇਜਾਜ਼ਤ ਦੇਣਾ ਕੌਮਾਂਤਰੀ ਮੁਕਾਬਲਿਆਂ ਨੂੰ ਮਹਿਜ਼ ਸਿਆਸੀ ਨਾਟਕਬਾਜ਼ੀ ਬਣਾ ਕੇ ਰੱਖ ਦੇਵੇਗਾ, ਜਿਸ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਨਿਰਾਸ਼ਾ ਹੋਵੇਗੀ ਅਤੇ ਪ੍ਰਸਾਰਕਾਂ ਦੇ ਮਾਲੀਏ ਨੂੰ ਵੀ ਨੁਕਸਾਨ ਪਹੁੰਚੇਗਾ।

​ਮੌਜੂਦਾ ਹਲਚਲ ਬੰਗਲਾਦੇਸ਼ ਦੇ ਵਿਸ਼ਵ ਕੱਪ ਵਿੱਚੋਂ ਅਚਨਚੇਤ ਬਾਹਰ ਹੋਣ ਤੋਂ ਕੁਝ ਦਿਨਾਂ ਬਾਅਦ ਸ਼ੁਰੂ ਹੋਈ ਹੈ। ਕ੍ਰਿਕਟਰ ਮੁਸਤਫਿਜ਼ੁਰ ਰਹਿਮਾਨ ਨੂੰ ਆਈ ਪੀ ਐੱਲ ਵਿੱਚੋਂ ਕੱਢੇ ਜਾਣ ਤੋਂ ਨਾਰਾਜ਼ ਹੋ ਕੇ ਬੰਗਲਾਦੇਸ਼ ਨੇ ਸੁਰੱਖਿਆ ਫ਼ਿਕਰਾਂ ਦਾ ਹਵਾਲਾ ਦਿੰਦਿਆਂ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਜੈ ਸ਼ਾਹ ਦੀ ਅਗਵਾਈ ਹੇਠਲੀ ਆਈ ਸੀ ਸੀ ਨੇ ਬਿਲਕੁਲ ਨਰਮੀ ਨਹੀਂ ਵਰਤੀ ਅਤੇ ਸਕਾਟਲੈਂਡ ਨੂੰ ਬਦਲਵੀਂ ਟੀਮ ਵਜੋਂ ਸ਼ਾਮਲ ਕਰ ਲਿਆ। ਰਹਿਮਾਨ ਨੂੰ ਹਟਾਉਣਾ ਵੀ ਆਪਣੇ ਆਪ ਵਿੱਚ ਨਿੰਦਣਯੋਗ ਸੀ ਕਿਉਂਕਿ ਇਹ ਫ਼ੈਸਲਾ ਬੰਗਲਾਦੇਸ਼ ਵਿੱਚ ਹੋਈਆਂ ਹਿੰਦੂਆਂ ਦੀਆਂ ਹੱਤਿਆਵਾਂ ਵਿਰੁੱਧ ਭਾਰਤ ’ਚ ਹੋਏ ਬੰਗਲਾਦੇਸ਼ ਵਿਰੋਧੀ ਰੋਸ ਪ੍ਰਦਰਸ਼ਨਾਂ ਕਾਰਨ ਲਿਆ ਗਿਆ ਸੀ। ਪਾਕਿਸਤਾਨ ਨੇ ਬੰਗਲਾਦੇਸ਼ ਨਾਲ ਇਕਜੁੱਟਤਾ ਪ੍ਰਗਟਾਉਣ ਅਤੇ ਭਾਰਤ ਉਤੇ ਆਲਮੀ ਕ੍ਰਿਕਟ ਸੰਸਥਾ ’ਤੇ ਆਪਣੀਆਂ ਸ਼ਰਤਾਂ ਥੋਪਣ ਦਾ ਇਲਜ਼ਾਮ ਲਾਉਣ ਦਾ ਮੌਕਾ ਜ਼ਰਾ ਵੀ ਖੁੰਝਣ ਨਹੀਂ ਦਿੱਤਾ।

Advertisement

​ਪਿਛਲੇ ਇੱਕ ਦਹਾਕੇ ਦੌਰਾਨ ਭਾਰਤ-ਪਾਕਿਸਤਾਨ ਤਣਾਅ ਦੇ ਬਾਵਜੂਦ ‘ਨਿਊਟਰਲ ਵੈਨਿਊ’ (ਕਿਸੇ ਤੀਜੀ ਥਾਂ ਖੇਡਣ) ਦੀ ਚੋਣ ਦੇ ਵਿਹਾਰਕ ਢਾਂਚੇ ਕਾਰਨ ਕ੍ਰਿਕਟ ਬਚਿਆ ਰਿਹਾ ਹੈ। ਹੁਣ ਇਹ ਬੰਦੋਬਸਤ ਗੰਭੀਰ ਖਤਰੇ ਵਿੱਚ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਖੇਡਾਂ ਬਦਲਾਖੋਰੀ ਦਾ ਸਾਧਨ ਬਣ ਜਾਂਦੀਆਂ ਹਨ, ਤਾਂ ਤਣਾਅ ਜ਼ਰੂਰ ਵਧਦਾ ਹੈ। ਜੇਕਰ ਇਹ ਰੁਝਾਨ ਬੇਰੋਕ ਜਾਰੀ ਰਿਹਾ ਤਾਂ ਉਪ-ਮਹਾਂਦੀਪ ਦੇ ਖੇਡ ਮੈਦਾਨਾਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਆਮ ਹੋਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ। ਅਤੇ ਇੱਕ ਵਾਰ ਜਦੋਂ ਇਹ ‘ਲਕਸ਼ਮਣ ਰੇਖਾ’ ਪਾਰ ਹੋ ਗਈ, ਤਾਂ ਇੱਕਜੁੱਟ ਕਰਨ ਵਾਲੀ ਸ਼ਕਤੀ ਵਜੋਂ ਕ੍ਰਿਕਟ ਆਪਣੀ ਸਾਰੀ ਪ੍ਰਸੰਗਿਕਤਾ ਗੁਆ ਦੇਵੇਗਾ। ਹੁਣ ਇਹ ਜ਼ਿੰਮੇਵਾਰੀ ਆਈ ਸੀ ਸੀ ਦੀ ਹੈ ਕਿ ਉਹ ਸਾਰੇ ਹਿੱਤਧਾਰਕਾਂ ਦੇ ਹਿੱਤਾਂ ਦਾ ਖ਼ਿਆਲ ਕਰਦਿਆਂ ਸੰਵਾਦ ਦਾ ਰਾਹ ਪੱਧਰਾ ਕਰੇ।

Advertisement

Advertisement
×