ਸਿਰਜਣਾਤਮਕ ਆਜ਼ਾਦੀ

ਸਿਰਜਣਾਤਮਕ ਆਜ਼ਾਦੀ

ਜਮਹੂਰੀਅਤਾਂ ’ਚ ਆਮ ਨਾਗਰਿਕਾਂ ਦੇ ਨਾਲ ਨਾਲ ਕਲਾਕਾਰਾਂ, ਲੇਖਕਾਂ ਤੇ ਚਿੰਤਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦੇ ਮਾਅਨੇ ਬਹੁਤ ਵਸੀਹ ਹਨ। ਜਿੱਥੇ ਆਮ ਨਾਗਰਿਕ ਸਮਾਜਿਕ, ਸਭਿਆਚਾਰਕ ਅਤੇ ਰਵਾਇਤੀ ਜ਼ਾਬਤਿਆਂ ’ਚ ਬੱਝੇ ਹੋਏ ਇਕ ਤਰ੍ਹਾਂ ਦੇ ਸ੍ਵੈ-ਅਨੁਸ਼ਾਸਨ ’ਚ ਰਹਿ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ, ਉੱਥੇ ਸਾਹਿਤਕਾਰ, ਕਲਾਕਾਰ, ਰੰਗਕਰਮੀ ਅਤੇ ਚਿੰਤਕ ਸਿਰਜਣਾਤਮਕ ਆਜ਼ਾਦੀ ਲੈਂਦੇ ਹੋਏ ਰਵਾਇਤੀ ਅਨੁਸ਼ਾਸਨ ਨੂੰ ਤੋੜਦੇ ਹੋਏ ਸਮਾਜ ਦੇ ਸਾਹਮਣੇ ਸੋਚ ਵਿਚਾਰ ਦੇ ਨਵੇਂ ਦਿਸਹੱਦੇ ਪੇਸ਼ ਕਰਦੇ ਹਨ; ਇਸ ਸਿਰਜਣਾਤਮਕ ਆਜ਼ਾਦੀ ਨੂੰ ਸਮਾਜਿਕ ਵਿਕਾਸ ਲਈ ਜ਼ਰੂਰੀ ਮੰਨਿਆ ਜਾਂਦਾ ਹੈ।

ਸਾਡੇ ਦੇਸ਼ ਵਿਚ ਚਿੰਤਕਾਂ, ਵਿਦਵਾਨਾਂ, ਰੰਗਕਰਮੀਆਂ, ਸਮਾਜਿਕ ਕਾਰਕੁਨਾਂ ਅਤੇ ਤਰਕਸ਼ੀਲ ਸੋਚ ਦੇ ਮੁਦੱਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਕੀਰਨਤਾ ਇਸ ਹੱਦ ਤਕ ਵਧੀ ਹੈ ਕਿ ਮਜ਼ਾਹੀਆ ਕਲਾਕਾਰ ਵੀ ਇਸ ਦੇ ਘੇਰੇ ਵਿਚ ਆ ਗਏ ਹਨ। ਮਜ਼ਾਹੀਆ ਕਲਾਕਾਰ ਮੁਨੱਵਰ ਫਾਰੂਕੀ ਨੇ ਪਿਛਲੇ ਦੋ ਮਹੀਨਿਆਂ ਵਿਚ ਆਪਣੇ 12 ਸ਼ੋਅ ਰੱਦ ਹੋਣ ਤੋਂ ਬਾਅਦ ਬਿਆਨ ਦਿੱਤਾ ਕਿ ਉਸ ਦਾ ਕਲਾ ਜੀਵਨ ਖ਼ਤਮ ਹੋ ਰਿਹਾ ਹੈ। ਹੁਣ ਬੰਗਲੌਰ ਵਿਚ ਇਕ ਹੋਰ ਮਜ਼ਾਹੀਆ ਕਲਾਕਾਰ ਕੁਨਾਰ ਕਾਮਰਾ ਦਾ ਸ਼ੋਅ ਰੱਦ ਕਰ ਦਿੱਤਾ ਗਿਆ। ਕਾਮਰਾ ਨੇ ਆਪਣੇ ਕੁਝ ਪ੍ਰੋਗਰਾਮਾਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਦੀਆਂ ਕੁਝ ਨੀਤੀਆਂ ਅਤੇ ਕਾਰਵਾਈਆਂ ਬਾਰੇ ਮਜ਼ਾਕ ਕੀਤੇ ਸਨ। ਕਾਮਰਾ ਨੇ ਦੱਸਿਆ ਕਿ ਉਸ ਦਾ ਪ੍ਰੋਗਰਾਮ ਰੱਦ ਹੋਣ ਦੇ ਦੋ ਕਾਰਨ ਦੱਸੇ ਗਏ ਹਨ: ਪਹਿਲਾ 45 ਆਦਮੀਆਂ ਦਾ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਦੂਸਰਾ ਇਹ ਕਿ ਉਸ ਦੇ ਸ਼ੋਅ ਬਾਰੇ ਧਮਕੀਆਂ ਮਿਲੀਆਂ ਹਨ।

ਮੁੱਖ ਸਵਾਲ ਹੈ: ਕੀ ਅਸੀਂ ਅਜਿਹਾ ਅਸਹਿਣਸ਼ੀਲ ਸਮਾਜ ਬਣ ਰਹੇ ਹਾਂ ਜਿਸ ਵਿਚ ਮਜ਼ਾਕ ਸਹਿਣ ਨਹੀਂ ਕੀਤਾ ਜਾਵੇਗਾ? ਇਹ ਸਹੀ ਹੈ ਕਿ ਕਲਾਕਾਰਾਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਪਰ ਜੇ ਇਸ ਸੋਚ ਨੂੰ ਇੰਝ ਵਧਾਇਆ ਜਾਵੇ ਕਿ ਹਰ ਮਜ਼ਾਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਅਸੀਂ ਨਾ ਸਿਰਫ਼ ਬੰਦ ਦਿਮਾਗਾਂ ਵਾਲੇ ਵਿਅਕਤੀ ਬਣ ਕੇ ਰਹਿ ਜਾਵਾਂਗੇ ਸਗੋਂ ਇਹ ਕੱਟੜਪੰਥੀ ਤਾਕਤਾਂ ਅੱਗੇ ਝੁਕਣ ਨੂੰ ਸਮਾਜਿਕ ਤੌਰ ’ਤੇ ਸਵੀਕਾਰ ਕਰਨਾ ਵੀ ਹੋਵੇਗਾ। ਇਹ ਰੁਝਾਨ ਕੁਝ ਜਥੇਬੰਦੀਆਂ ਤਕ ਹੀ ਸੀਮਤ ਨਹੀਂ, ਇੰਟਰਨੈੱਟ ’ਤੇ ਸੌੜੀ ਸੋਚ ਵਾਲੇ ਵਿਅਕਤੀ ਕਲਾਕਾਰਾਂ ਅਤੇ ਚਿੰਤਕਾਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਰਹਿੰਦੇ ਹਨ। ਪਿਛਲੇ ਦਿਨੀਂ ਇਕ ਹੋਰ ਮਜ਼ਾਹੀਆ ਕਲਾਕਾਰ ਵੀਰ ਦਾਸ ਨੇ ਅਮਰੀਕਾ ’ਚ ਵਾਸ਼ਿੰਗਟਨ ਦੇ ਕੈਨੇਡੀ ਸੈਂਟਰ ’ਚ ਦੋ ਤਰ੍ਹਾਂ ਦੇ ਭਾਰਤ ਬਾਰੇ ਕਵਿਤਾਨੁਮਾ ਲਿਖਤ ’ਚ ਸਿਆਸਤਦਾਨਾਂ ਅਤੇ ਦੇਸ਼ ਦੇ ਹਾਲਾਤ ਬਾਰੇ ਵਿਅੰਗ ਕੀਤੇ। ਇਨ੍ਹਾਂ ਵਿਅੰਗਾਂ ਵਿਚ ਅਜਿਹਾ ਕੁਝ ਵੀ ਨਹੀਂ ਸੀ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਪਰ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਯੂ-ਟਿਊਬ ਚੈਨਲਾਂ ’ਤੇ ਵੀਰ ਦਾਸ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਉਸ ਦਾ ਵਿਅੰਗ ਦੇਸ਼-ਵਿਰੋਧੀ ਹੈ। ਇਹ ਵੀ ਕਿਹਾ ਗਿਆ ਕਿ ਵੀਰ ਦਾਸ ਦੇਸ਼ ਦੀ ਬਦਨਾਮੀ ਕਰ ਰਿਹਾ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਮਜ਼ਾਹ/ਵਿਅੰਗ ਸਾਰੀਆਂ ਸਭਿਆਤਾਵਾਂ ਦਾ ਮਹੱਤਵਪੂਰਨ ਅੰਗ ਰਿਹਾ ਹੈ। ਹਿੰਦੋਸਤਾਨੀ ਬਰੇ-ਸਗੀਰ ਦੀਆਂ ਵੱਖ ਵੱਖ ਪਰੰਪਰਾਵਾਂ, ਸਮਾਜਾਂ, ਸਮਰਾਟਾਂ ਦੇ ਦਰਬਾਰਾਂ, ਨਾਟਕਾਂ ਆਦਿ ਵਿਚ ਵਿਦੂਸ਼ਕ/ਮਸਖਰਾ ਵਿਸ਼ੇਸ਼ ਭੂਮਿਕਾ ਨਿਭਾਉਂਦਾ ਰਿਹਾ ਹੈ। ਸੰਸਕ੍ਰਿਤ ਦੇ ਨਾਟਕਾਂ ਵਿਚ ਵਿਦੂਸ਼ਕ ਨੂੰ ਸਨਮਾਨਯੋਗ ਸਥਾਨ ਦਿੱਤਾ ਗਿਆ ਹੈ; ਉਹ ਮਜ਼ਾਕ ਕਰਦਿਆਂ ਸਮਰਾਟ ਦੀ ਕਾਰਜਸ਼ੈਲੀਆਂ ਵਿਚਲੀਆਂ ਕਮੀਆਂ ਪੇਸ਼ੀਆਂ ’ਤੇ ਉਂਗਲ ਧਰਦਾ ਹੈ। ਸਮਾਜ ਦੁਆਰਾ ਵਿਅੰਗ ਸਵੀਕਾਰ ਨਾ ਕਰਨਾ ਇਹ ਤੱਥ ਵੱਲ ਸੰਕੇਤ ਕਰਦਾ ਹੈ ਕਿ ਕੱਟੜਪੰਥੀ ਤਾਕਤਾਂ ਹਾਵੀ ਹੋ ਰਹੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਸਵੀਕਾਰ ਨਹੀਂ ਕੀਤੀ ਜਾਵੇਗੀ। ਸਮਾਜਿਕ ਸੰਸਥਾਵਾਂ ਅਤੇ ਜਮਹੂਰੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਦਾ ਸਾਹਮਣਾ ਕਰਨ ਲਈ ਲੋਕ ਰਾਏ ਬਣਾਉਣੀ ਚਾਹੀਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All