DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਖਵਾਂਕਰਨ ਤੇ ਕ੍ਰੀਮੀ ਲੇਅਰ

ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਰਾਖਵੇਂਕਰਨ ਦੇ ਲਾਭਾਂ ਤੋਂ ‘ਕ੍ਰੀਮੀ ਲੇਅਰ’ ਨੂੰ ਬਾਹਰ ਰੱਖਣ ਬਾਰੇ ਕੇਂਦਰ ਦਾ ਪੱਖ ਮੰਗਣ ਦੇ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਨੇ ਉਸ ਬਹਿਸ ਨੂੰ ਮੁੜ ਛੇੜ ਦਿੱਤਾ ਹੈ, ਜਿਸ ਨੂੰ ਦੇਸ਼ ਲੰਮੇ ਸਮੇਂ ਤੋਂ...

  • fb
  • twitter
  • whatsapp
  • whatsapp
Advertisement
ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਰਾਖਵੇਂਕਰਨ ਦੇ ਲਾਭਾਂ ਤੋਂ ‘ਕ੍ਰੀਮੀ ਲੇਅਰ’ ਨੂੰ ਬਾਹਰ ਰੱਖਣ ਬਾਰੇ ਕੇਂਦਰ ਦਾ ਪੱਖ ਮੰਗਣ ਦੇ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਨੇ ਉਸ ਬਹਿਸ ਨੂੰ ਮੁੜ ਛੇੜ ਦਿੱਤਾ ਹੈ, ਜਿਸ ਨੂੰ ਦੇਸ਼ ਲੰਮੇ ਸਮੇਂ ਤੋਂ ਟਾਲਦਾ ਆ ਰਿਹਾ ਸੀ। ਕੇਂਦਰ ਸਰਕਾਰ ਨੂੰ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਹਿ ਕੇ ਸੁਪਰੀਮ ਕੋਰਟ ਨੇ ਇਹ ਸੰਕੇਤ ਦਿੱਤਾ ਹੈ ਕਿ ਜਦੋਂ ਸਮਾਜਿਕ ਹਕੀਕਤਾਂ ਬਦਲਦੀਆਂ ਹਨ ਤਾਂ ਸਕਾਰਾਤਮਕ ਕਾਰਵਾਈ ਨੂੰ ਸਿਧਾਂਤਾਂ ਦੇ ਹਵਾਲੇ ਨਾਲ ਰੋਕ ਕੇ ਨਹੀਂ ਰੱਖਿਆ ਜਾ ਸਕਦਾ। ਇਸ ਮੁੱਦੇ ਦੀ ਜੜ੍ਹ ਸੰਵਿਧਾਨਕ ਇੱਛਾ ਅਤੇ ਨੀਤੀਗਤ ਢਾਂਚੇ ਵਿਚਾਲੇ ਚੱਲਦੀ ਕਸ਼ਮਕਸ਼ ’ਚ ਹੈ। ਐੱਸ ਸੀ ਅਤੇ ਐੱਸ ਟੀ ਲਈ ਰਾਖਵਾਂਕਰਨ ਲਾਗੂ ਕਰਨ ਦਾ ਆਧਾਰ ਜਾਤ-ਆਧਾਰਿਤ ਵਿਤਕਰਾ ਸੀ, ਜਿਸ ਤਹਿਤ ਇਨ੍ਹਾਂ ਵਰਗਾਂ ਨੂੰ ਅਤੀਤ ’ਚ ਆਪਣੇ ਹੱਕਾਂ ਤੋਂ ਵਾਂਝੇ ਰਹਿਣਾ ਪੈਂਦਾ ਸੀ ਅਤੇ ਇਹ ਮਹਿਜ਼ ਆਰਥਿਕ ਨੁਕਸਾਨ ਦਾ ਮਸਲਾ ਨਹੀਂ ਸੀ। ਇਹੀ ਕਾਰਨ ਹੈ ਕਿ ‘ਕ੍ਰੀਮੀ ਲੇਅਰ’ ਦਾ ਸਿਧਾਂਤ, ਜੋ ਕਿ ਪੱਛੜੀਆਂ ਸ਼੍ਰੇਣੀਆਂ (ਓ ਬੀ ਸੀ) ਦੇ ਰਾਖਵੇਂਕਰਨ ਵਿੱਚ ਮਜ਼ਬੂਤੀ ਨਾਲ ਲਾਗੂ ਹੈ, ਨੂੰ ਐੱਸ ਸੀ/ਐੱਸ ਟੀ ਕੋਟੇ ਤੋਂ ਬਾਹਰ ਰੱਖਿਆ ਗਿਆ ਹੈ। ਖ਼ਦਸ਼ਾ ਇਹ ਰਿਹਾ ਹੈ ਕਿ ਆਮਦਨ ਜਾਂ ਰੁਤਬੇ ਦਾ ਫਿਲਟਰ ਲੱਗਣ ਨਾਲ ਉਹ ਸੁਰੱਖਿਆ ਉਪਾਅ ਕਮਜ਼ੋਰ ਹੋ ਸਕਦੇ ਹਨ, ਜੋ ਇੱਕ ਗੰਭੀਰ ਸਮਾਜਿਕ ਬੁਰਾਈ ਦਾ ਮੁਕਾਬਲਾ ਕਰਨ ਲਈ ਲਾਗੂ ਕੀਤੇ ਗਏ ਸਨ।ਦਹਾਕਿਆਂਬੱਧੀ ਰਾਖਵੇਂਕਰਨ ਦੇ ਲਾਭ ਐੱਸ ਸੀ ਅਤੇ ਐੱਸ ਟੀ ਭਾਈਚਾਰਿਆਂ ਨੂੰ ਸਮਾਨ ਰੂਪ ਵਿੱਚ ਨਹੀਂ ਮਿਲ ਸਕੇ। ਇੱਕ ਮੁਕਾਬਲਤਨ ਛੋਟਾ ਅਤੇ ਬਿਹਤਰ ਹਾਲਤ ਵਾਲਾ ਵਰਗ, ਜਿਸ ਕੋਲ ਸਿੱਖਿਆ, ਸੰਪਰਕ ਅਤੇ ਸੁਰੱਖਿਅਤ ਰੁਜ਼ਗਾਰ ਹੈ, ਅਕਸਰ ਸਾਰੇ ਮੌਕਿਆਂ ’ਤੇ ਕਾਬਜ਼ ਹੋ ਜਾਂਦਾ ਹੈ ਜਦੋਂਕਿ ਸਭ ਤੋਂ ਵੱਧ ਪੱਛੜੇ ਲੋਕ ਅਜੇ ਵੀ ਹੇਠਲੇ ਪੱਧਰ ’ਤੇ ਹੀ ਬੈਠੇ ਹਨ। ਅਦਾਲਤ ਵੱਲੋਂ ਐੱਸ ਸੀ/ਐੱਸ ਟੀ ਸਮੂਹਾਂ ਦੇ ਅੰਦਰ ਉਪ-ਵਰਗੀਕਰਨ ਪ੍ਰਤੀ ਦਿਖਾਇਆ ਗਿਆ ਖੁੱਲ੍ਹਾਪਣ ਇਸ ਗੱਲ ਦਾ ਪ੍ਰਮਾਣ ਹੈ ਕਿ ਬਰਾਬਰ ਦੇ ਮੌਕਿਆਂ ਲਈ ਵਧੇਰੇ ਸਟੀਕ ਟੀਚਿਆਂ ਦੀ ਲੋੜ ਹੈ।

​ਹੁਣ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਿਰਫ਼ ਰਵਾਇਤੀ ਰੁਖ਼ ਤੋਂ ਅੱਗੇ ਵਧੇ। ਸਿਰਫ਼ ਇਹ ਕਹਿਣਾ ਕਿ ਸੰਵਿਧਾਨ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ‘ਕ੍ਰੀਮੀ ਲੇਅਰ’ ਦੀ ਕਲਪਨਾ ਨਹੀਂ ਕਰਦਾ ਇਸ ਔਖੇ ਸਵਾਲ ਤੋਂ ਬਚਣ ਵਰਗਾ ਹੈ ਕਿ ਰਾਖਵੇਂਕਰਨ ਦੇ ਲਾਭ ਉਨ੍ਹਾਂ ਲੋਕਾਂ ਤੱਕ ਪਹੁੰਚਾਉਣਾ ਕਿਵੇਂ ਯਕੀਨੀ ਬਣਾਇਆ ਜਾਵੇ, ਜਿਨ੍ਹਾਂ ਨੂੰ ਇਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ। ਇਸ ਦੇ ਨਾਲ ਹੀ ‘ਕ੍ਰੀਮੀ ਲੇਅਰ’ ਨੂੰ ਬਾਹਰ ਰੱਖਣ ਦੇ ਕਿਸੇ ਵੀ ਮਾਪਦੰਡ ਨੂੰ ਲਾਗੂ ਕਰਨ ਦਾ ਕਦਮ ਮਜ਼ਬੂਤ ਅੰਕੜਿਆਂ ਅਤੇ ਸਮਾਜਿਕ ਸੰਦਰਭ ਦੇ ਹਵਾਲੇ ਨਾਲ ਚੁੱਕਿਆ ਜਾਣਾ ਚਾਹੀਦਾ ਹੈ, ਨਾ ਕਿ ਸਿਰਫ਼ ਓ ਬੀ ਸੀ ਢਾਂਚੇ ਦੀ ਨਕਲ ਮਾਰ ਕੇ। ਜਾਤੀਗਤ ਨੁਕਸਾਨ ਸਿਰਫ਼ ਆਮਦਨ ਨਾਲ ਨਹੀਂ ਪੂਰਿਆ ਜਾ ਸਕਦਾ ਅਤੇ ਨੀਤੀ ਘੜਨ ’ਚ ਇਹ ਫ਼ਰਕ ਪਛਾਣਨਾ ਜ਼ਰੂਰੀ ਹੈ। ਇਸ ਲਈ ਇਸ ਬਾਰੇ ਬਹਿਸ ਨੂੰ ‘ਸ਼ਾਮਲ ਕਰਨ ਬਨਾਮ ਬਾਹਰ ਕਰਨ’ ਦੇ ਰੂਪ ਵਿੱਚ ਨਹੀਂ ਸਗੋਂ ‘ਸੁਧਾਰ ਬਨਾਮ ਖੜੋਤ’ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।

Advertisement

Advertisement

Advertisement
×