ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਮੀ ਗੀਤ ’ਤੇ ਵਿਵਾਦ

ਕੌਮੀ ਗੀਤ, ਵੰਦੇ ਮਾਤਰਮ, ਦੀ 150ਵੀਂ ਵਰ੍ਹੇਗੰਢ ਸਮੁੱਚੇ ਦੇਸ਼ ਲਈ ਇੱਕ ਮਹੱਤਵਪੂਰਨ ਮੌਕਾ ਹੈ। ਇਹ ਵੇਲਾ ਇਸ ਰੂਹ ਨੂੰ ਟੁੰਬਣ ਵਾਲੀ ਰਚਨਾ ਦਾ ਸਨਮਾਨ ਕਰਨ ਦਾ ਹੈ, ਜੋ ਕੌਮੀ ਏਕਤਾ ਦਾ ਪ੍ਰਮਾਣ ਹੈ ਅਤੇ ਇਸ ਨੇ ਆਜ਼ਾਦੀ ਘੁਲਾਟੀਆਂ ਦੇ ਨਾਲ...
Advertisement

ਕੌਮੀ ਗੀਤ, ਵੰਦੇ ਮਾਤਰਮ, ਦੀ 150ਵੀਂ ਵਰ੍ਹੇਗੰਢ ਸਮੁੱਚੇ ਦੇਸ਼ ਲਈ ਇੱਕ ਮਹੱਤਵਪੂਰਨ ਮੌਕਾ ਹੈ। ਇਹ ਵੇਲਾ ਇਸ ਰੂਹ ਨੂੰ ਟੁੰਬਣ ਵਾਲੀ ਰਚਨਾ ਦਾ ਸਨਮਾਨ ਕਰਨ ਦਾ ਹੈ, ਜੋ ਕੌਮੀ ਏਕਤਾ ਦਾ ਪ੍ਰਮਾਣ ਹੈ ਅਤੇ ਇਸ ਨੇ ਆਜ਼ਾਦੀ ਘੁਲਾਟੀਆਂ ਦੇ ਨਾਲ ਨਾਲ ਰਾਸ਼ਟਰ-ਨਿਰਮਾਤਾਵਾਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਅਜਿਹੇ ਮੌਕੇ ਸਿਆਸੀ ਆਗੂਆਂ ਨੂੰ ਪਾਰਟੀ ਲੀਹਾਂ ਤੋਂ ਉੱਪਰ ਉੱਠ ਕੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਲਈ ਇਕੱਠੇ ਹੋਣਾ ਚਾਹੀਦਾ ਸੀ। ਬਦਕਿਸਮਤੀ ਨਾਲ, ਇਸ ਗੀਤ ਨੂੰ ਲੈ ਕੇ ਇੱਕ ਅਣਸੁਖਾਵੀਂ ਜ਼ੁਬਾਨੀ ਜੰਗ ਛਿੜ ਗਈ ਹੈ, ਜਿਸ ਨੇ ਤਣਾਅਪੂਰਨ ਵੰਡੀਆਂ ਨੂੰ ਪ੍ਰਤੱਖ ਕਰ ਦਿੱਤਾ ਹੈ।

ਇਹ ਨਿਰਾਸ਼ਾਜਨਕ ਹੈ ਕਿ ਅਤੀਤ ਨੂੰ ਉਭਾਰਨਾ ਭਾਰਤ ਵਿੱਚ ਆਮ ਜਿਹੀ ਗੱਲ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੰਦੇ ਮਾਤਰਮ ਦੀਆਂ ਮੁੱਖ ਤੁਕਾਂ ਨੂੰ 1937 ਵਿੱਚ ਹਟਾ ਦਿੱਤਾ ਗਿਆ ਸੀ ਅਤੇ ਗੀਤ ਨੂੰ ਹੋਏ ਨੁਕਸਾਨ ਨੇ ਵੰਡ ਦੇ ਬੀਜ ਬੀਜੇ ਸਨ। ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮਤੇ ਦਾ ਹਵਾਲਾ ਦੇ ਰਹੇ ਸਨ, ਜਿਸ ਵਿੱਚ ਸਿਰਫ਼ ਪਹਿਲੇ ਦੋ ਛੰਦਾਂ ਨੂੰ ਅਪਣਾਇਆ ਗਿਆ ਸੀ ਅਤੇ ਦੇਵੀ ਦੁਰਗਾ ਨੂੰ ਨਮਸਕਾਰ ਕਰਨ ਵਾਲੇ ਦੂਜੇ ਛੰਦਾਂ ਨੂੰ ਛੱਡ ਦਿੱਤਾ ਗਿਆ ਸੀ। ਕਾਂਗਰਸ ਨੇ ਉਨ੍ਹਾਂ ਦੀ ਦਲੀਲ ਦਾ ਇਹ ਕਹਿ ਕੇ ਜਵਾਬ ਦਿੱਤਾ ਹੈ ਕਿ ਇਹ ਰਬਿੰਦਰਨਾਥ ਟੈਗੋਰ ਸਨ ਜਿਨ੍ਹਾਂ ਨੇ ਜਵਾਹਰ ਲਾਲ ਨਹਿਰੂ ਨੂੰ ਇਹ ਦੋ ਛੰਦ ਅਪਣਾਉਣ ਦਾ ਸੁਝਾਅ ਦਿੱਤਾ ਸੀ। ਮਾਮਲੇ ਨੂੰ ਹੋਰ ਭੜਕਾਉਂਦਿਆਂ, ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਗੀਤ ਸੁਣਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਜਦੋਂਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਨਵੇਂ ਜਿਨਾਹ’ ਪੈਦਾ ਕਰਨ ਦੀ ਸਾਜ਼ਿਸ਼ ਤੋਂ ਸਾਵਧਾਨ ਰਹਿਣ। ਇਹ ਫ਼ਿਰਕੂ ਤਾਅਨੇ ‘ਵੰਦੇ ਮਾਤਰਮ’ ਦੀ ਭਾਵਨਾ ਨੂੰ ਕਮਜ਼ੋਰ ਕਰ ਰਹੇ ਹਨ, ਜਿਸ ਨੇ ਦੇਸ਼ ਨੂੰ ਬਸਤੀਵਾਦੀ ਹਾਕਮਾਂ ਵਿਰੁੱਧ ਇਕਜੁੱਟ ਹੋ ਕੇ ਲੜਨ ਲਈ ਪ੍ਰੇਰਿਆ ਸੀ।

Advertisement

ਵਿਕਸਤ ਭਾਰਤ ਦਾ ਸੁਪਨਾ ਉਦੋਂ ਤੱਕ ਪੂਰਾ ਨਹੀਂ ਹੋ ਸਕੇਗਾ ਜਦੋਂ ਤੱਕ ਸਿਆਸੀ ਵਰਗ ਅਤੀਤ ਵਿੱਚ ਖੁੱਭਿਆ ਰਹੇਗਾ ਅਤੇ ਭਵਿੱਖ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਅਸਫ਼ਲ ਰਹੇਗਾ। ਕੌਮੀ ਗੀਤ ਇੱਕ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦੀ ਉਸਾਰੀ ਲਈ ਮਾਰਗਦਰਸ਼ਕ ਰੌਸ਼ਨੀ ਵਜੋਂ ਕੰਮ ਕਰ ਸਕਦਾ ਹੈ, ਬਸ਼ਰਤੇ ਇਸ ਨੂੰ ਹਲਕੀ ਸਿਆਸਤ ਤੋਂ ਦੂਰ ਰੱਖਿਆ ਜਾਵੇ। ਇਹ ਮਾਤ-ਭੂਮੀ ਨੂੰ ਹਰ ਭਾਰਤੀ ਦੀ ਸ਼ਾਨਦਾਰ ਸ਼ਰਧਾਂਜਲੀ ਹੈ, ਚਾਹੇ ਉਸ ਦਾ ਸਿਆਸੀ ਅਤੇ ਧਾਰਮਿਕ ਵਿਸ਼ਵਾਸ ਕੁਝ ਵੀ ਹੋਵੇ। ਇਸ ਨੂੰ ਹੁਣ ਵੰਡਪਾਊ ਤਾਕਤਾਂ ਵਿਰੁੱਧ ਕੰਧ ਬਣ ਕੇ ਖੜਨਾ ਚਾਹੀਦਾ ਹੈ, ਜੋ ਰਾਸ਼ਟਰ ਦੀ ਤਰੱਕੀ ਵਿੱਚ ਰੋੜਾ ਅਟਕਾਉਣ ਦਾ ਖ਼ਤਰਾ ਪੈਦਾ ਕਰ ਰਹੀਆਂ ਹਨ।

Advertisement
Show comments