ਖਪਤਕਾਰਾਂ ਦੀ ਸੁਰੱਖਿਆ : The Tribune India

ਖਪਤਕਾਰਾਂ ਦੀ ਸੁਰੱਖਿਆ

ਖਪਤਕਾਰਾਂ ਦੀ ਸੁਰੱਖਿਆ

ਸਰਕਾਰ ਨੇ ਮਸ਼ਹੂਰ ਹਸਤੀਆਂ ਜਿਹੜੀਆਂ ਸੋਸ਼ਲ ਮੀਡੀਆ ਪਲੈਟਫਾਰਮਾਂ ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਅਤੇ ਟਵਿੱਟਰ ਆਦਿ ਮੰਚਾਂ ’ਤੇ ਵੱਖ ਵੱਖ ਵਸਤਾਂ ਦੀ ਇਸ਼ਤਿਹਾਰਬਾਜ਼ੀ ਕਰਕੇ ਪੈਸੇ ਕਮਾਉਂਦੇ ਹਨ, ਲਈ ਸੇਧਾਂ ਜਾਰੀ ਕੀਤੀਆਂ ਹਨ। ਇਹ ਖਪਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਚੁੱਕਿਆ ਗਿਆ ਵਧੀਆ ਕਦਮ ਹੈ। ਸੌਦਿਆਂ ਵਿਚ ਪਾਰਦਰਸ਼ਤਾ ਲਿਆਉਂਦੇ ਹੋਏ ਅਤੇ ਨਾਵਾਜਬ ਵਪਾਰਕ ਢੰਗ-ਤਰੀਕਿਆਂ ਤੇ ਗੁੰਮਰਾਹਕੁਨ ਪ੍ਰਚਾਰ ਕਾਰਵਾਈਆਂ ਨੂੰ ਨੱਥ ਪਾਉਣ ਦੇ ਮਕਸਦ ਨਾਲ ਜਾਰੀ ਕੀਤੀਆਂ ਸੇਧਾਂ ਵਿਚ ਕਿਹਾ ਗਿਆ ਹੈ ਕਿ ਉਹ ਆਪਣੀ ਇਸ਼ਤਿਹਾਰਬਾਜ਼ੀ ਵਿਚ ਇਹ ਗੱਲ ਸਪੱਸ਼ਟ ਕਰਨ ਕਿ ਸਬੰਧਿਤ ਬਰਾਂਡਾਂ, ਉਤਪਾਦਾਂ, ਸੇਵਾਵਾਂ ਆਦਿ ਦੀ ਤਾਈਦ ਅਤੇ ਹਮਾਇਤ ਕਰਨ ’ਤੇ ਉਨ੍ਹਾਂ ਨੂੰ ਕਿਹੜੇ ਫ਼ਾਇਦੇ ਮਿਲ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ (ਜ਼ੁਰਮਾਨਾ ਤੇ ਕੈਦ) ਦਿੱਤੀ ਜਾ ਸਕਦੀ ਹੈ।

ਜਦੋਂ ਸਮਾਰਟਫੋਨ ਜ਼ਿੰਦਗੀ ਦੇ ਹਰੇਕ ਖੂੰਜੇ ਤੱਕ ਪੁੱਜ ਰਹੇ ਹਨ ਅਤੇ ਲੋਕ ਹਰ ਕਾਸੇ ਲਈ ਇੰਟਰਨੈੱਟ ਨੂੰ ਗਾਹੁਣ ਵਾਸਤੇ ਵੱਧ ਤੋਂ ਵੱਧ ਸਮਾਂ ਬਿਤਾ ਰਹੇ ਹਨ, ਤਾਂ ਵੱਡੀ ਗਿਣਤੀ ਵਿਚ ਮੁਰੀਦਾਂ ਵਾਲੀਆਂ ਸੋਸ਼ਲ ਮੀਡੀਆ ਹਸਤੀਆਂ ਦੀ ਇਸ ਤਾਕਤ ਤੇ ਪਹੁੰਚ ਦਾ ਲਾਹਾ 60 ਫ਼ੀਸਦੀ ਤੋਂ ਵੱਧ ਕੰਪਨੀਆਂ ਵੱਲੋਂ ਉਠਾਇਆ ਜਾ ਰਿਹਾ ਹੈ। 25 ਲੱਖ ਤੋਂ ਵੱਧ ਇਸ਼ਤਿਹਾਰਬਾਜ਼ੀ ਦੀ ਸਮੱਗਰੀ ਤਿਆਰ ਕਰਨ ਵਾਲਿਆਂ ਦੇ ਇਸ ਬਾਜ਼ਾਰ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਰਿਪੋਰਟ ਤੋਂ ਲਾਇਆ ਜਾ ਸਕਦਾ ਹੈ ਕਿ ਆਗਾਮੀ ਪੰਜ ਸਾਲਾਂ ਤੱਕ ਡਿਜੀਟਲ ਮੰਚਾਂ ਉਤੇ ਇਸ਼ਤਿਹਾਰਬਾਜ਼ੀ ਲਈ ਹੋਣ ਵਾਲਾ ਖ਼ਰਚ ਤਿੰਨ ਅਰਬ ਡਾਲਰ ਤੱਕ ਪੁੱਜ ਜਾਵੇਗਾ। ਇਨ੍ਹਾਂ ਨੇਮਾਂ ਦੀ ਅਹਿਮੀਅਤ ਇਸ ਕਾਰਨ ਹੋਰ ਵੀ ਵੱਧ ਹੈ ਕਿਉਂਕਿ ਆਪਣੇ ਦਰਸ਼ਕਾਂ/ਸਰੋਤਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮਰੱਥ ਸੋਸ਼ਲ ਮੀਡੀਆ ਹਸਤੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ; ਇਹ ਵਿਅਕਤੀ ਜ਼ਿੰਦਗੀ ਦੇ ਸਮਾਜਿਕ-ਸਿਆਸੀ ਤੇ ਮਾਲੀ ਪੱਖਾਂ ਬਾਰੇ ਜਿਵੇਂ ਰਾਇ ਦਿੰਦੇ ਜਾਂ ਖ਼ਰੀਦਦਾਰੀ (ਜਾਂ ਖਰੀਦਦਾਰੀ ਕਰਨ ਦਾ ਵਿਖਾਵਾ) ਕਰਦੇ ਹਨ, ਉਸ ਦਾ ਦਰਸ਼ਕਾਂ ਦੀਆਂ ਪਸੰਦਾਂ/ਚੋਣਾਂ ਉੱਤੇ ਸਿੱਧਾ ਅਸਰ ਪੈਂਦਾ ਹੈ। ਇਕ ਅੰਦਾਜ਼ੇ ਮੁਤਾਬਿਕ ਭਾਰਤ ਵਿਚ ਸੋਸ਼ਲ ਮੀਡੀਆ ਦੇ ਅਸਰ ਹੇਠ ਆਉਣ ਵਾਲੇ ਬਾਜ਼ਾਰ ਦਾ ਆਕਾਰ 2022 ਦੇ 1275 ਕਰੋੜ ਰੁਪਏ ਤੋਂ 20 ਫ਼ੀਸਦੀ ਦੀ ਵਿਕਾਸ ਦਰ ਨਾਲ ਵਧ ਕੇ 2025 ਤੱਕ 2800 ਕਰੋੜ ਰੁਪਏ ਹੋ ਜਾਵੇਗਾ।

ਨਵੇਂ ਦੌਰ ਦੇ ਇਸ ਜ਼ਬਰਦਸਤ ਵਰਤਾਰੇ ਦੀ ਅਗਵਾਈ ਨੌਜਵਾਨ ਪੀੜ੍ਹੀ ਵੱਲੋਂ ਕੀਤੇ ਜਾਣ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਇਸ ਮੁਤੱਲਕ ਭਰੋਸੇਯੋਗਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਨੂੰ ਆਪਣੀਆਂ ਚੋਣਾਂ ਨੂੰ ਆਪਣੇ ਰੋਲ ਮਾਡਲਾਂ ਵੱਲੋਂ ਹਾਸਲ ਕੀਤੇ ਜਾਂਦੇ ਫ਼ਾਇਦਿਆਂ ਨਾਲ ਤੋਲਣਾ ਚਾਹੀਦਾ ਹੈ। ਗੌਰਤਲਬ ਹੈ ਕਿ ਇਨ੍ਹਾਂ ਹਸਤੀਆਂ ਨੂੰ ਮਿਲਣ ਵਾਲੇ ਲਾਭ ਨਕਦੀ, ਤੋਹਫ਼ਿਆਂ, ਛੋਟਾਂ, ਦਾਅਵਤਾਂ/ਸੈਰ-ਸਪਾਟਿਆਂ ਅਤੇ ਰੁਜ਼ਗਾਰ ਸਬੰਧਾਂ ਦੇ ਰੂਪ ਵਿਚ ਹੁੰਦੇ ਹਨ, ਜੋ ਫਿਲਹਾਲ ਛੁਪੇ ਹੋਏ ਹਨ। ਸਵੈ-ਨੇਮਬੰਦੀ ਸੰਸਥਾ ‘ਭਾਰਤੀ ਇਸ਼ਤਿਹਾਰਬਾਜ਼ੀ ਮਿਆਰ ਕੌਂਸਲ’ (ਏਐੱਸਸੀਆਈ) ਨੇ ਲਾਜ਼ਮੀ ਕੀਤਾ ਸੀ ਕਿ ਇਨ੍ਹਾਂ ਹਸਤੀਆਂ ਨੂੰ ਆਪਣੀਆਂ ਪੋਸਟਾਂ ਵਿਚ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਪੋਸਟ ਵਿਚ ਉਹ ਪ੍ਰਚਾਰ ਸ਼ਾਮਿਲ ਹੈ ਜਿਸ ਲਈ ਉਨ੍ਹਾਂ ਨੂੰ ਪੈਸੇ ਮਿਲ ਰਹੇ ਹਨ। ਅਜਿਹੀ ਇਸ਼ਤਿਹਾਰਬਾਜ਼ੀ ਵਿਚ ਇਨ੍ਹਾਂ ਨਿਯਮਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਹੁੰਦੀ ਹੈ। ਨਵੇਂ ਨਿਯਮਾਂ ਨੇ ਮੌਜੂਦਾ ਕਾਨੂੰਨ ਦੇ ਹੱਥ ਮਜ਼ਬੂਤ ਕੀਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All