DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਦਾ ਸੰਕਟ

ਚੋਣ ਮੁਹਾਜ਼ ’ਤੇ ਕਾਂਗਰਸ ਪਾਰਟੀ ਲਈ ਸਾਲ 2025 ਚੰਗਾ ਨਹੀਂ ਰਿਹਾ। ਇਸ ਨੂੰ ਦਿੱਲੀ ਅਤੇ ਬਿਹਾਰ ਦੋਵੇਂ ਥਾਈਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਵੱਲੋਂ ਭਾਜਪਾ ’ਤੇ ਲਗਾਏ ਗਏ ‘ਵੋਟ ਚੋਰੀ’ ਦੇ ਕਥਿਤ ਦੋਸ਼ਾਂ ਵੱਲ ਵੋਟਰਾਂ ਨੇ ਕੋਈ ਬਹੁਤਾ...

  • fb
  • twitter
  • whatsapp
  • whatsapp
Advertisement

ਚੋਣ ਮੁਹਾਜ਼ ’ਤੇ ਕਾਂਗਰਸ ਪਾਰਟੀ ਲਈ ਸਾਲ 2025 ਚੰਗਾ ਨਹੀਂ ਰਿਹਾ। ਇਸ ਨੂੰ ਦਿੱਲੀ ਅਤੇ ਬਿਹਾਰ ਦੋਵੇਂ ਥਾਈਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਵੱਲੋਂ ਭਾਜਪਾ ’ਤੇ ਲਗਾਏ ਗਏ ‘ਵੋਟ ਚੋਰੀ’ ਦੇ ਕਥਿਤ ਦੋਸ਼ਾਂ ਵੱਲ ਵੋਟਰਾਂ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਨਵਾਂ ਸਾਲ ਕਾਂਗਰਸ ਲਈ ਹੋਰ ਵੀ ਚੁਣੌਤੀਪੂਰਨ ਹੋਵੇਗਾ ਕਿਉਂਕਿ ਆਸਾਮ, ਕੇਰਲਾ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪਾਰਟੀ ਦੇ 140ਵੇਂ ਸਥਾਪਨਾ ਦਿਵਸ ’ਤੇ ਚੋਟੀ ਦੇ ਕਾਂਗਰਸੀ ਨੇਤਾਵਾਂ ਨੇ ਹਿੰਮਤ ਦਿਖਾਉਣ ਦੀ ਕੋਸ਼ਿਸ਼ ਕੀਤੀ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ‘ਸਿਰਫ਼ ਇੱਕ ਰਾਜਨੀਤਕ ਪਾਰਟੀ ਨਹੀਂ ਹੈ ਸਗੋਂ ਭਾਰਤ ਦੀ ਆਤਮਾ ਦੀ ਆਵਾਜ਼ ਹੈ ਜੋ ਹਰ ਕਮਜ਼ੋਰ, ਦੱਬੇ-ਕੁਚਲੇ ਅਤੇ ਮਿਹਨਤਕਸ਼ ਵਿਅਕਤੀ ਦੇ ਨਾਲ ਖੜ੍ਹੀ ਹੈ’; ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ‘ਕਾਂਗਰਸ ਇੱਕ ਵਿਚਾਰਧਾਰਾ ਹੈ ਅਤੇ ਵਿਚਾਰਧਾਰਾਵਾਂ ਕਦੇ ਨਹੀਂ ਮਰਦੀਆਂ’।

ਤਲਖ਼ ਹਕੀਕਤ ਇਹ ਹੈ ਕਿ ਇਸ ਪਾਰਟੀ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਸ਼ਨਿੱਚਰਵਾਰ ਨੂੰ ਉਦੋਂ ਹਲਚਲ ਮਚਾ ਦਿੱਤੀ ਜਦੋਂ ਉਨ੍ਹਾਂ ਨੇ ਆਰ ਐੱਸ ਐੱਸ - ਭਾਜਪਾ ਦੀ ਸੰਗਠਨਾਤਮਕ ਤਾਕਤ ਦੀ ਪ੍ਰਸ਼ੰਸਾ ਕੀਤੀ ਅਤੇ ਐਕਸ ’ਤੇ ਇੱਕ ਪੋਸਟ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ। ਉਨ੍ਹਾਂ ਨੇ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ​​ਕੀਤੇ ਜਾਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਦਿਗਵਿਜੈ ਦੇ ਵਿਚਾਰਾਂ ਦੀ ਹਮਾਇਤ ਅੱਗੋਂ ਸ਼ਸ਼ੀ ਥਰੂਰ ਵੱਲੋਂ ਕੀਤੀ ਗਈ। ਬੇਸ਼ੱਕ ਇਹ ਹਕੀਕਤ ਹੈ ਕਿ ਪਾਰਟੀ ਨੂੰ ਆਪਣੀ ਸੰਗਠਨਾਤਮਕ ਤਾਕਤ ਮਜ਼ਬੂਤ ਕਰਨ ਦੀ ਲੋੜ ਹੈ ਪਰ ਨਾਲ ਹੀ ਪਾਰਟੀ ਦੇ ਇਨ੍ਹਾਂ ਸੀਨੀਅਰ ਆਗੂਆਂ, ਖ਼ਾਸ ਕਰ ਕੇ ਦਿੱਗਵਿਜੈ ’ਤੇ ਇਹ ਸੁਆਲ ਵੀ ਉੱਠ ਰਹੇ ਹਨ ਕਿ ਆਪਣੀ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਨ ਲਈ ਉਨ੍ਹਾਂ ਨੂੰ ਭਾਜਪਾ ਦੀ ਇਹ ਤਸਵੀਰ ਸਾਂਝੀ ਕਰਨ ਦੀ ਕੀ ਲੋੜ ਪੈ ਗਈ?

Advertisement

ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਇਤਿਹਾਸ, ਕਦਰਾਂ-ਕੀਮਤਾਂ ਅਤੇ ਵਿਚਾਰਧਾਰਾ ਇਸ ਦੀ ਪੂੰਜੀ ਹਨ। ਕੀ ਇਨ੍ਹਾਂ ਦਾ ਚੋਣਾਂ ਵਿੱਚ ਲਾਹਾ ਲਿਆ ਜਾ ਸਕਦਾ ਹੈ ਕਿਉਂਕਿ ਇਹ ਬਿਆਨਬਾਜ਼ੀ ’ਤੇ ਘੱਟ ਅਤੇ ਪਾਰਟੀ ਦੀ ਸੁਧਾਰ, ਪੁਨਰਗਠਨ ਅਤੇ ਲੋਕਾਂ ਨਾਲ ਮਜ਼ਬੂਤੀ ਨਾਲ ਜੁੜਨ ਦੀ ਯੋਗਤਾ ’ਤੇ ਜ਼ਿਆਦਾ ਨਿਰਭਰ ਕਰਦਾ ਹੈ। ਭਾਜਪਾ ਕਾਂਗਰਸ ਨੂੰ ‘ਖੁਸ਼ਾਮਦੀਆਂ ਦੀ ਫ਼ੌਜ’ ਅਤੇ ਭਾਰਤੀ ਜਮਹੂਰੀਅਤ ਦੀ ‘ਸਭ ਤੋਂ ਕਮਜ਼ੋਰ ਕੜੀ’ ਤਾਂ ਦੱਸ ਰਹੀ ਹੈ ਪਰ ਨਾਲ ਇਹ ਵੀ ਹਕੀਕਤ ਹੈ ਉਸ ਦੀ ਸੱਤਾ ਹਾਸਲ ਕਰਨ ਤੇ ਉਸ ਨੂੰ ਬਣਾਈ ਰੱਖਣ ਲਈ ਸਾਮ-ਦਾਮ-ਦੰਡ-ਭੇਦ ਦੀ ਨੀਤੀ ਕਾਂਗਰਸ ਦੇ ਵੱਸ ਦੀ ਗੱਲ ਨਹੀਂ। ਫਿਰ ਵੀ 140 ਸਾਲ ਪੁਰਾਣੀ ਪਾਰਟੀ ਕਾਂਗਰਸ ਨੂੰ ਸਥਿਤੀ ਨੂੰ ਬਦਲਣ ਲਈ ਜ਼ੋਰਦਾਰ ਹੰਭਲਾ ਮਾਰਨਾ ਚਾਹੀਦਾ ਹੈ। ਵਿਰੋਧੀ ਧਿਰ ਵੱਲੋਂ ਭਾਜਪਾ ਦਾ ਸਾਹਮਣਾ ਕਰਨ ਦੀਆਂ ਸੰਭਾਵਨਾਵਾਂ ਦੀ ਕੁੰਜੀ ਕਾਂਗਰਸ ਦੇ ਮੁੜ ਉਭਾਰ ਵਿੱਚ ਹੀ ਪਈ ਹੈ।

Advertisement

Advertisement
×