ਕਾਂਗਰਸ ਦਾ ਸੰਕਟ

ਕਾਂਗਰਸ ਦਾ ਸੰਕਟ

ਸਵਰਾਜਬੀਰ

ਪੰਜਾਬ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਹਿਮਾਚਲ ਪ੍ਰਦੇਸ਼, ਅਸਾਮ ਅਤੇ ਦੋ-ਤਿੰਨ ਹੋਰ ਛੋਟੇ ਸੂਬਿਆਂ (ਗੋਆ, ਮੇਘਾਲਿਆ ਆਦਿ) ਤੋਂ ਬਿਨਾਂ, ਬਾਕੀ ਸੂਬਿਆਂ ਵਿਚ ਕਾਂਗਰਸ ਨੂੰ ਆਪਣੀ ਹੋਂਦ ਕਾਇਮ ਰੱਖਣ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਜ਼ਿਆਦਾ ਸੂਬਿਆਂ ਵਿਚ ਹੁਣ ਉਹ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਹੈ ਅਤੇ ਉਸ ਦਾ ਸਿਆਸੀ ਮਹੱਤਵ ਅਤੇ ਪ੍ਰਭਾਵ ਦਿਨੋ-ਦਿਨ ਘਟ ਰਹੇ ਹਨ। ਸਿਆਸੀ ਮਾਹਿਰਾਂ ਅਨੁਸਾਰ ਉੱਤਰ ਪ੍ਰਦੇਸ਼ ਵਿਚ ਜਿਤਿਨ ਪ੍ਰਸਾਦ ਦਾ ਕਾਂਗਰਸ ਛੱਡ ਕੇ ਜਾਣਾ ਕਾਂਗਰਸ ਦੇ ਅੰਦਰੂਨੀ ਸੰਕਟ ਦੇ ਡੂੰਘੇ ਹੋਣ ਦਾ ਇਕ ਹੋਰ ਸੰਕੇਤ ਹੈ।

ਇਸ ਸਦੀ ਦੇ ਪਹਿਲੇ ਦਹਾਕੇ ਵਿਚ ਜਿਤਿਨ ਪ੍ਰਸਾਦ ਉੱਤਰ ਪ੍ਰਦੇਸ਼ ਦੇ ਸ਼ਕਤੀਸ਼ਾਲੀ ਨੌਜਵਾਨ ਆਗੂ ਵਜੋਂ ਉੱਭਰਿਆ ਸੀ। ਉਸ ਨੇ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ। ਉਸ ਨੇ ਕੇਂਦਰ ਸਰਕਾਰ ਵਿਚ ਕਈ ਮੰਤਰਾਲਿਆਂ ਵਿਚ ਰਾਜ ਮੰਤਰੀ ਵਜੋਂ ਕੰਮ ਕੀਤਾ ਪਰ 2014 ਅਤੇ 2019 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹ 2017 ਵਿਚ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਹਾਰ ਗਿਆ ਸੀ। ਜਿਤਿਨ ਪੱਕੇ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਸ ਦਾ ਪਿਤਾ ਜਤਿੰਦਰ ਪ੍ਰਸਾਦ ਰਾਜੀਵ ਗਾਂਧੀ ਅਤੇ ਨਰਸਿਮਹਾ ਰਾਓ ਦਾ ਸਲਾਹਕਾਰ ਰਿਹਾ; ਉਸ ਨੇ 2000 ਵਿਚ ਸੋਨੀਆ ਗਾਂਧੀ ਦੇ ਵਿਰੁੱਧ ਕਾਂਗਰਸ ਪ੍ਰਧਾਨ ਦੀ ਚੋਣ ਵੀ ਲੜੀ ਸੀ। ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਿਤਾ ਦੀ ਗੱਲ ਹੋਰ ਸੀ ਪਰ ਜਿਤਿਨ ਪ੍ਰਸਾਦ ਦਾ ਸਿਆਸੀ ਪਤਨ ਪ੍ਰਤੱਖ ਨਜ਼ਰ ਆ ਰਿਹਾ ਸੀ। ਵਿਧਾਨ ਸਭਾ ਚੋਣਾਂ ਵਿਚ ਹਾਰ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹਦਾ ਪ੍ਰਭਾਵ ਖ਼ਤਮ ਹੋ ਰਿਹਾ ਹੈ। ਇਸ ਤਰ੍ਹਾਂ ਉਸ ਦੇ ਕਾਂਗਰਸ ਛੱਡ ਕੇ ਜਾਣ ਨਾਲ ਕਾਂਗਰਸ ਦੀ ਸ਼ਕਤੀ ’ਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ ਪਰ ਨਾਲ ਇਹ ਪ੍ਰਸ਼ਨ ਵੀ ਉੱਠਦਾ ਹੈ ਕਿ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦਾ ਪ੍ਰਭਾਵ ਪਹਿਲਾਂ ਹੀ ਬਹੁਤ ਸੀਮਤ ਹੋ ਚੁੱਕਾ ਹੈ। ਕਾਂਗਰਸ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿਚ ਉੱਤਰ ਪ੍ਰਦੇਸ਼ ਵਿਚ ਪਾਰਟੀ ਨੂੰ ਊਰਜਿਤ ਕਰਨ ਦਾ ਯਤਨ ਕਰ ਰਹੀ ਹੈ। ਪ੍ਰਿਯੰਕਾ ਗਾਂਧੀ ਨੇ ਕੋਵਿਡ-19 ਦੌਰਾਨ ਲੋਕਾਂ ਦੇ ਸੰਪਰਕ ਵਿਚ ਰਹਿਣ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਪ੍ਰਿਯੰਕਾ ਨੂੰ ਸਫ਼ਲਤਾ ਮਿਲਦੀ ਹੈ ਤਾਂ ਉਹ ਕਾਂਗਰਸ ਲਈ ਕ੍ਰਿਸ਼ਮਾ ਸਾਬਤ ਹੋ ਸਕਦੀ ਹੈ।

ਕਾਂਗਰਸ ਦੇ ਕਈ ਪੁਰਾਣੇ ਆਗੂਆਂ ਨੇ ਨੌਜਵਾਨ ਪੀੜ੍ਹੀ ਦੇ ਆਗੂਆਂ ਵਿਚ ਪ੍ਰਤੀਬੱਧਤਾ ਦੀ ਘਾਟ ਦੀ ਨਿਸ਼ਾਨਦੇਹੀ ਕੀਤੀ ਹੈ। ਜਿਤਿਨ ਪ੍ਰਸਾਦ ਦੇ ਕਾਂਗਰਸ ਛੱਡਣ ਨੂੰ ਕੁਝ ਸਮਾਂ ਪਹਿਲਾਂ ਜਯੋਤਿਰਦਿੱਤਿਆ ਸਿੰਧੀਆ ਦੇ ਮੱਧ ਪ੍ਰਦੇਸ਼ ਵਿਚ ਪਾਰਟੀ ਛੱਡਣ ਅਤੇ ਕਾਂਗਰਸ ਦੀ ਸਰਕਾਰ ਡੇਗਣ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਉਸ ਤੋਂ ਬਾਅਦ ਸਚਿਨ ਪਾਇਲਟ ਨੇ ਪਾਰਟੀ ਛੱਡਣ ਅਤੇ ਰਾਜਸਥਾਨ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਇਹ ਆਗੂ ਕਿਸੇ ਸਮੇਂ ਰਾਹੁਲ ਗਾਂਧੀ ਦੇ ਕਰੀਬੀ ਵੀ ਮੰਨੇ ਜਾਂਦੇ ਸਨ। ਪੁਰਾਣੀ ਪੀੜ੍ਹੀ ਦੇ ਆਗੂਆਂ ਦਾ ਕਹਿਣਾ ਹੈ ਕਿ ਨੌਜਵਾਨ ਆਗੂਆਂ ਨੂੰ ਸਭ ਕੁਝ ਕਾਂਗਰਸ ਕਾਰਨ ਹਾਸਲ ਹੋਇਆ ਜਦੋਂਕਿ ਨੌਜਵਾਨ ਆਗੂਆਂ ਅਨੁਸਾਰ ਪਾਰਟੀ ਦੀ ਕਮਾਨ ਹੁਣ ਉਨ੍ਹਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ। ਕੁਝ ਸਿਆਸੀ ਮਾਹਿਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਘੇਰਾਬੰਦੀ ਕੁਝ ਅਜਿਹੀ ਤਰ੍ਹਾਂ ਨਾਲ ਕਰਨਾ ਚਾਹੁੰਦੀ ਹੈ ਕਿ ਉਹ ਪਾਰਟੀ ਦੇ ਕੁਝ ਹੋਰ ਸਿਰਕਰਦਾ ਆਗੂਆਂ ਨੂੰ ਤੋੜ ਲਵੇ ਅਤੇ ਲੋਕਾਂ ਵਿਚ ਇਹ ਪ੍ਰਭਾਵ ਜਾਵੇ ਕਿ ਪਾਰਟੀ ਨਹਿਰੂ-ਗਾਂਧੀ ਪਰਿਵਾਰ ਤਕ ਹੀ ਸੀਮਤ ਹੋ ਚੁੱਕੀ ਹੈ।

ਕਾਂਗਰਸ ਆਪਣੇ ਅੰਦਰੂਨੀ ਸੰਕਟ ਖ਼ੁਦ ਵੀ ਵਧਾਉਂਦੀ ਰਹੀ ਹੈ। ਇਸ ਦੀ ਮਿਸਾਲ ਪੰਜਾਬ ਕਾਂਗਰਸ ਵਿਚ ਹੋ ਰਹੀਆਂ ਸਰਗਰਮੀਆਂ ਹਨ। ਪੰਜਾਬ ਦੇ ਕਾਂਗਰਸੀ ਆਗੂਆਂ ਵਿਚ ਕੋਈ ਅਜਿਹੇ ਵੱਡੇ ਮਤਭੇਦ ਨਹੀਂ ਜੋ ਆਪਸ ਵਿਚ ਬਹਿ ਕੇ ਨਾ ਨਜਿੱਠੇ ਜਾ ਸਕਦੇ ਹੋਣ। ਕਾਂਗਰਸ ਲਈ ਇਹ ਵੀ ਸਪੱਸ਼ਟ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾ ਸਕਦੀਆਂ ਹਨ। ਪੰਜਾਬ ਕਾਂਗਰਸ ਵਿਚ ਉਸ ਦੇ ਮੁਕਾਬਲੇ ਦਾ ਕੋਈ ਕੱਦਾਵਰ ਆਗੂ ਨਹੀਂ ਹੈ। ਹੁਣ ਵੀ ਕੇਂਦਰੀ ਲੀਡਰਸ਼ਿਪ ਨੇ ਮੁੱਖ ਮੰਤਰੀ ਨੂੰ ਹੀ ਸਾਰੇ ਮਾਮਲੇ ਨਜਿੱਠਣ ਲਈ ਕਿਹਾ ਹੈ। ਸੂਬੇ ਦਾ ਵਿੱਤੀ ਸੰਕਟ ਵੀ ਡੂੰਘਾ ਹੈ ਅਤੇ ਉਸ ਨੂੰ ਹੱਲ ਕਰਨ ਦੀ ਸੰਭਾਵਨਾਵਾਂ ਵੀ ਸੀਮਤ ਹਨ। ਇਸ ਸੰਕਟ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਪ੍ਰਭਾਵ ਪਾਇਆ ਹੈ ਪਰ ਨਾਲ ਹੀ ਅੰਦਰੂਨੀ ਕਸ਼ਮਕਸ਼ ਤੋਂ ਕਾਂਗਰਸ ਨੂੰ ਕੁਝ ਹਾਸਲ ਨਹੀਂ ਹੋਇਆ। ਪਾਰਟੀ ਤੇ ਸਰਕਾਰ ਵਿਚ ਫਾਸਲੇ ਘਟਾ ਕੇ ਹੀ ਇਸ ਸੰਕਟ ਨੂੰ ਹੱਲ ਕੀਤਾ ਜਾ ਸਕਦਾ ਹੈ।

ਕਾਂਗਰਸ ਦੀ ਸਭ ਤੋਂ ਵੱਡੀ ਸਮੱਸਿਆ ਕੇਂਦਰੀ ਲੀਡਰਸ਼ਿਪ ਵਿਚ ਉਹ ਦਿਸ਼ਾਹੀਣਤਾ ਹੈ ਜੋ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਕਾਰਨ ਪੈਦਾ ਹੋਈ। ਕਾਂਗਰਸ ਦੇ 23 ਪ੍ਰਮੁੱਖ ਆਗੂਆਂ ਨੇ ਕਾਂਗਰਸ ਲੀਡਰਸ਼ਿਪ ਦਾ ਧਿਆਨ ਇਸ ਪਾਸੇ ਖਿੱਚਣ ਦੀ ਕੋਸ਼ਿਸ਼ ਕੀਤੀ ਸੀ ਪਰ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ। ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਦਾ ਦਿਸ਼ਾਹੀਣ ਹੋਣਾ ਦੇਸ਼ ਦੇ ਹਿੱਤ ਵਿਚ ਨਹੀਂ ਹੈ, ਖ਼ਾਸ ਕਰ ਕੇ ਉਸ ਪਾਰਟੀ ਦਾ ਜਿਸ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਖਾਸ ਭੂਮਿਕਾ ਨਿਭਾਈ ਹੋਵੇ। ਇਸੇ ਦਿਸ਼ਾਹੀਣਤਾ ਕਾਰਨ ਹੀ ਪਾਰਟੀ ਨੇ ਸੀਮਾਂਧਰਾ, ਅਸਾਮ ਅਤੇ ਹੋਰ ਸੂਬਿਆਂ ਵਿਚ ਆਪਣੇ ਊਰਜਾਵਾਨ ਆਗੂ ਗਵਾਏ ਹਨ। ਕਾਂਗਰਸ ਹਾਈ ਕਮਾਨ ਨੂੰ ਆਪਣੇ ਪ੍ਰਮੁੱਖ ਆਗੂਆਂ ਦੁਆਰਾ ਉਠਾਏ ਗਏ ਮੁੱਦਿਆਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ।

ਪ੍ਰਭਾਵ ਸੀਮਤ ਹੋਣ ਦੇ ਬਾਵਜੂਦ ਕਾਂਗਰਸ ਹੀ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇਣ ਵਾਲੇ ਸਾਂਝੇ ਮੁਹਾਜ਼ ਦਾ ਕੇਂਦਰ ਬਣ ਸਕਦੀ ਹੈ। ਦੇਸ਼ ਵਿਚ ਅਜਿਹੇ ਸਿਆਸੀ ਮੁਹਾਜ਼ ਦੀ ਸਖ਼ਤ ਜ਼ਰੂਰਤ ਹੈ। ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੇ ਦਿਖਾਇਆ ਹੈ ਕਿ ਵੱਡੀ ਪੱਧਰ ਦਾ ਸਾਂਝਾ ਮੁਹਾਜ਼ ਕਾਇਮ ਕਰ ਕੇ ਹੀ ਸਰਕਾਰ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਕਾਂਗਰਸ ਨੂੰ ਸਰਬ ਹਿੰਦ ਪੱਧਰ ਦੀ ਪਾਰਟੀ ਹੋਣ ਦੀ ਆਪਣੀ ਤਾਕਤ ਨੂੰ ਮੁੜ ਤਲਾਸ਼ ਕਰਨ ਦੀ ਜ਼ਰੂਰਤ ਹੈ। ਉਸ ਨੂੰ ਆਪਣੇ ਤੋਂ ਵੱਖ ਹੋ ਕੇ ਬਣੀਆਂ ਪਾਰਟੀਆਂ ਜਿਵੇਂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਅਤੇ ਤ੍ਰਿਣਮੂਲ ਕਾਂਗਰਸ ਨਾਲ ਮਿਲ ਕੇ ਭਾਜਪਾ ਦਾ ਸਾਹਮਣਾ ਕਰਨ ਲਈ ਦੇਸ਼ ਦੀ ਭਾਵਨਾਤਮਕ ਊਰਜਾ ਨੂੰ ਲਾਮਬੰਦ ਕਰਨਾ ਚਾਹੀਦਾ ਹੈ।

ਕਾਂਗਰਸ ਨੂੰ ਇਹ ਫ਼ੈਸਲਾ ਵੀ ਕਰਨਾ ਪੈਣਾ ਹੈ ਕਿ ਕੇਂਦਰੀ ਲੀਡਰਸ਼ਿਪ ਗਾਂਧੀ-ਨਹਿਰੂ ਪਰਿਵਾਰ ਕੋਲ ਰਹੇ ਜਾਂ ਨਵੀਂ ਸਮੂਹਿਕ ਲੀਡਰਸ਼ਿਪ ਉਭਾਰੀ ਜਾਵੇ। ਕੁਝ ਸਿਆਸੀ ਮਾਹਿਰਾਂ ਦਾ ਖ਼ਿਆਲ ਹੈ ਕਿ ਕਾਂਗਰਸੀ ਆਗੂਆਂ ਦੇ ਆਪਸੀ ਵਿਰੋਧਾਂ ਕਾਰਨ, ਪਾਰਟੀ ਦੀ ਏਕਤਾ ਨਹਿਰੂ-ਗਾਂਧੀ ਪਰਿਵਾਰ ਰਾਹੀਂ ਹੀ ਕਾਇਮ ਰੱਖੀ ਜਾ ਸਕਦੀ ਹੈ; ਇਸ ਦਾ ਕਾਰਨ ਪਿਛਲੀ ਅੱਧੀ ਸਦੀ ਦੌਰਾਨ ਕਾਂਗਰਸ ਵਿਚ ਵਿਕਸਿਤ ਹੋਇਆ ਸ਼ਕਤੀਆਂ ਦੇ ਕੇਂਦਰੀਕਰਨ ਦਾ ਰੁਝਾਨ ਹੈ। ਕਾਂਗਰਸ ਦੇ ਮੁਕਾਬਲੇ ਭਾਜਪਾ ਇਕਜੁੱਟ ਤੇ ਵਿਸ਼ਾਲ ਵਿਚਾਰਧਾਰਕ ਤਾਕਤ ਵਜੋਂ ਨਜ਼ਰ ਆਉਂਦੀ ਹੈ। ਜੇ ਕਾਂਗਰਸ ਇਸ ਤਰ੍ਹਾਂ ਹੀ ਬਿਖਰਾਓ ਦਾ ਸ਼ਿਕਾਰ ਰਹੀ ਤਾਂ ਉਸ ਦੀ ਤਾਕਤ ਹੋਰ ਤੇਜ਼ੀ ਨਾਲ ਘਟਣ ਦੀਆਂ ਸੰਭਾਵਨਾਵਾਂ ਹਨ। ਕਾਂਗਰਸ ਅੰਦਰੂਨੀ ਜਮਹੂਰੀਅਤ ਬਹਾਲ ਕਰ ਕੇ ਹੀ ਭਾਜਪਾ ਦਾ ਮੁਕਾਬਲਾ ਕਰ ਸਕਦੀ ਹੈ। ਅੰਦਰੂਨੀ ਜਮਹੂਰੀਅਤ ਬਹਾਲ ਕਰਨ ਬਾਰੇ ਸਲਾਹ ਦੇਣੀ ਤਾਂ ਸੌਖੀ ਹੈ ਪਰ ਇਸ ਨੂੰ ਬਹਾਲ ਕਰਨਾ ਬਹੁਤ ਵੱਡੀ ਚੁਣੌਤੀ ਹੈ। ਕਾਂਗਰਸ ਨੂੰ ਇਸ ਮੁੱਦੇ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ।

-ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All