ਕਾਂਗਰਸ ਦੇ ਉਮੀਦਵਾਰ

ਕਾਂਗਰਸ ਦੇ ਉਮੀਦਵਾਰ

ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ 86 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਮ ਕਰਕੇ ਕਾਂਗਰਸ ਉਮੀਦਵਾਰਾਂ ਦਾ ਐਲਾਨ ਕਰਨ ਵਿਚ ਬਹੁਤ ਸਮਾਂ ਲੈਂਦੀ ਰਹੀ ਹੈ ਪਰ ਇਸ ਵਾਰ ਕੁਝ ਕਾਂਗਰਸੀ ਆਗੂਆਂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਏ ਜਾਣ ਕਾਰਨ ਹਾਈਕਮਾਨ ਨੇ ਉਮੀਦਵਾਰਾਂ ਦੀ ਚੋਣ ਵਿਚ ਦੇਰੀ ਕਰਨੀ ਮੁਨਾਸਿਬ ਨਹੀਂ ਸਮਝੀ। ਕਰੋਨਾਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਫੈਲਾਅ ਕਾਰਨ ਰੈਲੀਆਂ ’ਤੇ ਲੱਗੀ ਪਾਬੰਦੀ ਵੀ ਸਿਆਸੀ ਪਾਰਟੀਆਂ ਨੂੰ ਉਮੀਦਵਾਰਾਂ ਦਾ ਐਲਾਨ ਛੇਤੀ ਕਰਨ ਲਈ ਮਜਬੂਰ ਕਰ ਰਹੀ ਹੈ ਕਿਉਂਕਿ ਇਸ ਵਾਰ ਬਹੁਤਾ ਚੋਣ ਪ੍ਰਚਾਰ ਉਮੀਦਵਾਰ ਨੂੰ ਹਲਕੇ ਦੇ ਵੋਟਰਾਂ ਦੇ ਘਰ ਘਰ ਜਾ ਕੇ ਕਰਨਾ ਪਵੇਗਾ।

ਕਾਂਗਰਸ ਦੇ 86 ਉਮੀਦਵਾਰਾਂ ’ਚੋਂ ਸਿਰਫ਼ 16 ਨਵੇਂ ਹਨ। ਸਪੱਸ਼ਟ ਹੈ ਕਿ ਕਾਂਗਰਸ ਪੰਜਾਬ ਵਿਚ ਨੌਜਵਾਨ ਚਿਹਰਿਆਂ ਨੂੰ ਸਾਹਮਣੇ ਲਿਆਉਣ ਤੋਂ ਝਿਜਕ ਰਹੀ ਹੈ। ਪਾਰਟੀ ਆਪਣੇ ਟਕਸਾਲੀ ਆਗੂਆਂ ਦੇ ਧੜਿਆਂ ਵਿਚ ਤਵਾਜ਼ਨ ਬਣਾ ਕੇ ਰੱਖਣਾ ਚਾਹੁੰਦੀ ਹੈ। ਅਜਿਹੀ ਪਹੁੰਚ ਅਪਣਾ ਕੇ ਪਾਰਟੀ ਨੇ ਇਹ ਵੀ ਨਿਸ਼ਚਿਤ ਕੀਤਾ ਹੈ ਕਿ ਕੋਈ ਧੜਾ ਪਾਰਟੀ ’ਤੇ ਭਾਰੂ ਨਾ ਹੋਵੇ ਅਤੇ ਸਥਿਤੀ ਲਗਭਗ ਪਹਿਲਾਂ ਵਾਲੀ (Status quo) ਬਣੀ ਰਹੇ। ਉਹ ਮੰਤਰੀ ਜਿਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿਚ ਥਾਂ ਨਹੀਂ ਮਿਲੀ ਸੀ, ਨੂੰ ਦੁਬਾਰਾ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਗਈ ਪਾਰਟੀ ਇਸ ਤਾਕ ਵਿਚ ਸੀ/ਹੈ ਕਿ ਜਿਹੜੇ ਵਿਧਾਇਕਾਂ ਨੂੰ ਕਾਂਗਰਸ ਤੋਂ ਟਿਕਟ ਨਹੀਂ ਮਿਲਦੀ, ਉਨ੍ਹਾਂ ਨੂੰ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਕਰ ਲਿਆ ਜਾਵੇ। ਭਾਜਪਾ ਵੀ ਕਾਂਗਰਸੀ ਆਗੂਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਟਿਕਟ ਨਾ ਮਿਲਣ ’ਤੇ ਭਾਜਪਾ ਵਿਚ ਸ਼ਾਮਿਲ ਹੋ ਗਿਆ ਹੈ। ਪਾਰਟੀ ਨੇ ਚਾਰ ਵਿਧਾਇਕਾਂ ਅਜੈਬ ਸਿੰਘ ਭੱਟੀ, ਬਲਵਿੰਦਰ ਸਿੰਘ ਲਾਡੀ, ਹਰਜੋਤ ਕਮਲ ਅਤੇ ਨੱਥੂ ਰਾਮ ਨੂੰ ਟਿਕਟ ਨਹੀਂ ਦਿੱਤੀ। ਇਨ੍ਹਾਂ ਵਿਚੋਂ ਬਲਵਿੰਦਰ ਸਿੰਘ ਲਾਡੀ ਕੁਝ ਦਿਨਾਂ ਲਈ ਭਾਜਪਾ ਵਿਚ ਸ਼ਾਮਿਲ ਹੋਇਆ ਸੀ ਪਰ ਫਿਰ ਕਾਂਗਰਸ ਵਿਚ ਪਰਤ ਆਇਆ।

ਟਿਕਟਾਂ ਦੀ ਵੰਡ ਦੱਸਦੀ ਹੈ ਕਿ ਕਾਂਗਰਸ ਸੂਬੇ ’ਚ ਜਥੇਬੰਦਕ ਢਾਂਚਾ ਕਾਇਮ ਰੱਖਦਿਆਂ ਕਿਸੇ ਪ੍ਰਮੁੱਖ ਆਗੂ ਦੀ ਨਾਰਾਜ਼ਗੀ ਸਹੇੜਨਾ ਨਹੀਂ ਚਾਹੁੰਦੀ। ਹੁਣ ਤਕ ਪਾਰਟੀ ਨੇ ‘ਇਕ ਪਰਿਵਾਰ, ਇਕ ਟਿਕਟ’ ਦੀ ਨੀਤੀ ਅਪਣਾਈ ਹੈ ਪਰ ਪ੍ਰਿਯੰਕਾ ਗਾਂਧੀ ਵਾਡਰਾ ਵਾਲੀ ਉੱਤਰ ਪ੍ਰਦੇਸ਼ ’ਚ ਜ਼ਿਆਦਾ ਔਰਤ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਪਹੁੰਚ ਅਪਣਾਉਣ ਤੋਂ ਗੁਰੇਜ਼ ਕੀਤਾ ਹੈ। ਵਿਚਾਰਧਾਰਕ ਪੱਧਰ ’ਤੇ ਪੁੱਛਿਆ ਜਾ ਸਕਦਾ ਹੈ ਕਿ ਜੇ ਪਾਰਟੀ ਇਕ ਸੂਬੇ ਵਿਚ ਔਰਤਾਂ ਨੂੰ 40 ਫ਼ੀਸਦੀ ਟਿਕਟਾਂ ਦੇ ਰਹੀ ਹੈ ਤਾਂ ਦੂਜੇ ਸੂਬੇ ਵਿਚ ਇਹੀ ਨੀਤੀ ਕਿਉਂ ਨਹੀਂ ਅਪਣਾਈ ਜਾ ਰਹੀ। ਇਹ ਸਪੱਸ਼ਟ ਹੈ ਕਿ ਕਾਂਗਰਸ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿਚ ਵੱਡੀ ਸਫ਼ਲਤਾ ਹਾਸਿਲ ਨਹੀਂ ਕਰ ਸਕਦੀ ਅਤੇ ਔਰਤਾਂ ਨੂੰ ਪ੍ਰਤੀਨਿਧਤਾ ਦੇਣਾ ਇਕ ਤਰ੍ਹਾਂ ਦਾ ਪ੍ਰਤੀਕਾਤਮਕ ਇਸ਼ਾਰਾ ਹੈ ਕਿ ਪਾਰਟੀ ਔਰਤਾਂ ਦੀਆਂ ਸਮੱਸਿਆਵਾਂ ਸਬੰਧੀ ਸੰਵੇਦਨਸ਼ੀਲ ਹੈ। ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪਾਰਟੀ ਨੇ ਅਜਿਹਾ ਇਤਿਹਾਸਕ ਫ਼ੈਸਲਾ ਕੀਤਾ ਹੈ ਜਿਸ ਨੂੰ ਪਾਰਟੀ ਅਮਲੀ ਸਿਆਸਤ ਵਿਚ ਵਰਤ ਕੇ ਸੱਤਾ ਦੁਬਾਰਾ ਹਾਸਿਲ ਕਰਨਾ ਚਾਹੁੰਦੀ ਹੈ। ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਅਤੇ ਸੰਯੁਕਤ ਸਮਾਜ ਮੋਰਚੇ ਦਰਮਿਆਨ ਹੋਣ ਵਾਲੇ ਚਨੁਕਰੇ ਮੁਕਾਬਲਿਆਂ ਵਿਚ ਬਹੁਤੀਆਂ ਸੀਟਾਂ ਦਾ ਫ਼ੈਸਲਾ ਵੋਟਾਂ ਦੇ ਬਹੁਤ ਘੱਟ ਅੰਤਰ ’ਤੇ ਹੋਵੇਗਾ। ਇਸ ਲਈ ਪਾਰਟੀਆਂ ਤਜਰਬੇਕਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵੀ ਜ਼ਿਆਦਾਤਰ ਉਮੀਦਵਾਰਾਂ ਦਾ ਐਲਾਨ ਕਰ ਚੁੱਕੀਆਂ ਹਨ। ਦਿਹਾਤੀ ਇਲਾਕਿਆਂ ਵਿਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕ੍ਰਮਵਾਰ ‘ਆਪ’, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਵੋਟਾਂ ਨੂੰ ਖ਼ੋਰਾ ਲਗਾਉਣਗੇ। ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਇਹ ਵੀ ਦਰਸਾਉਂਦੀ ਹੈ ਕਿ ਪੰਜਾਬ ਦੀ ਸਿਆਸਤ ਵਿਚ ਪੁਰਾਣੇ ਸਿਆਸਤਦਾਨਾਂ ਦਾ ਹੀ ਬੋਲਬਾਲਾ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All