ਕੇਂਦਰ ਸਰਕਾਰ ਦੁਆਰਾ ਬਣਾਈ ਗਈ ਮਾਹਿਰਾਂ ਦੀ ਕਮੇਟੀ ਅਨੁਸਾਰ ਦੇਸ਼ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਸਿਖ਼ਰ (Peak) ’ਤੇ ਪਹੁੰਚ ਚੁੱਕੀ ਹੈ। ਵਿਗਿਆਨਕ ਅਰਥਾਂ ਵਿਚ ਅਜਿਹੇ ਅਨੁਮਾਨ ਦਾ ਮਤਲਬ ਇਹ ਹੈ ਕਿ ਹੋ ਸਕਦਾ ਹੈ ਕਿ ਕੇਸ ਹੋਰ ਜ਼ਿਆਦਾ ਨਾ ਵਧਣ ਅਤੇ ਘਟਣ ਲੱਗ ਪੈਣ। ਇਹ ਕਮੇਟੀ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਹੈਦਰਾਬਾਦ ਦੇ ਪ੍ਰੋਫ਼ੈਸਰ ਐਮ ਵਿਦਿਆਸਾਗਰ ਦੀ ਅਗਵਾਈ ਵਿਚ ਬਣਾਈ ਗਈ ਸੀ ਅਤੇ ਇਸ ਦੇ ਅਨੁਸਾਰ ਦੇਸ਼ ਵਿਚ ਕੇਸਾਂ ਦੀ ਗਿਣਤੀ 1 ਕਰੋੜ 6 ਲੱਖ ਤੋਂ ਜ਼ਿਆਦਾ ਨਾ ਹੋਣ ਦਾ ਅਨੁਮਾਨ ਹੈ। ਹੁਣ ਤਕ ਦੇਸ਼ ਵਿਚ ਹਸਪਤਾਲਾਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਲਗਭੱਗ 75 ਲੱਖ ਲੋਕ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿਚੋਂ 66 ਲੱਖ ਤੋਂ ਜ਼ਿਆਦਾ ਲੋਕ ਸਿਹਤਮੰਦ ਹੋ ਚੁੱਕੇ ਹਨ। ਹੁਣ ਤਕ ਇਸ ਬਿਮਾਰੀ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1.14 ਲੱਖ ਲੱਖ ਹੈ।
ਸੁਭਾਵਿਕ ਹੈ ਕਿ ਸਰਕਾਰ ਦੁਆਰਾ ਕਮੇਟੀ ਇਹ ਤਾਂ ਕਹੇਗੀ ਹੀ ਕਿ ਮਾਰਚ ਵਿਚ ਕੀਤੀ ਤਾਲਾਬੰਦੀ ਨੇ ਦੇਸ਼ ਦਾ ਵੱਡਾ ਫ਼ਾਇਦਾ ਕੀਤਾ ਪਰ ਕਮੇਟੀ ਇਹ ਵੀ ਸਵੀਕਾਰ ਕਰ ਰਹੀ ਹੈ ਕਿ ਹੋਰ ਤਾਲਾਬੰਦੀ ਕਰਨ ਦੀ ਜ਼ਰੂਰਤ ਨਹੀਂ। ਕਮੇਟੀ ਨੇ ਆਉਣ ਵਾਲੇ ਦਿਨਾਂ ਵਿਚ ਮਨਾਏ ਜਾ ਰਹੇ ਤਿਉਹਾਰਾਂ ਬਾਰੇ ਵੀ ਚਿਤਾਵਨੀ ਦਿੱਤੀ ਕਿ ਲੋਕਾਂ ਦੇ ਭਾਰੀ ਇਕੱਠ ਹੋਣ ਕਾਰਨ ਬਿਮਾਰੀ ਦਾ ਫੈਲਾਉ ਵਧ ਸਕਦਾ ਹੈ। ਪੱਛਮੀ ਯੂਰੋਪ ਦੇ ਦੇਸ਼ਾਂ ਵਿਚ ਬਿਮਾਰੀ ’ਤੇ ਕਾਬੂ ਪਾਉਣ ਦੇ ਬਾਅਦ ਕੇਸਾਂ ਵਿਚ ਫਿਰ ਵਾਧਾ ਹੋਇਆ ਹੈ। ਹੌਸਲਾ ਦੇਣ ਵਾਲੀ ਗੱਲ ਇਹ ਹੈ ਕਿ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਭਾਰਤ ਅਤੇ ਤੀਸਰੀ ਦੁਨੀਆ ਦੇ ਹੋਰ ਦੇਸ਼ਾਂ ਵਿਚ ਕਾਫ਼ੀ ਘੱਟ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਟੈਸਟ ਘੱਟ, ਲੋਕਾਂ ਦੇ ਹਸਪਤਾਲ ਤਕ ਪਹੁੰਚ ਸੀਮਤ ਹੋਣ ਦੇ ਨਾਲ ਨਾਲ ਇਨ੍ਹਾਂ ਦੇਸ਼ਾਂ ਦੇ ਲੋਕਾਂ ਵਿਚ ਬਿਮਾਰੀਆਂ ਵਿਰੁੱਧ ਲੜਨ ਵਾਲੀ ਅੰਦਰੂਨੀ ਸ਼ਕਤੀ (Immunity) ਦਾ ਜ਼ਿਆਦਾ ਹੋਣਾ ਹੈ। ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਭਾਰਤ ਵਿਚ ਉਹ ਕੇਸ ਜਿਨ੍ਹਾਂ ਵਿਚ ਕੋਵਿਡ-19 ਦੇ ਹੋਣ ਬਾਰੇ ਪੁਸ਼ਟੀ ਹੋ ਚੁੱਕੀ ਸੀ, ਉਨ੍ਹਾਂ ਵਿਚ ਵੀ ਮੌਤ ਦੀ ਦਰ ਪੱਛਮੀ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਕੁਝ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਦੇਸ਼ ਵਿਚ ਕਣਕ ਦੀ ਵਾਢੀ, ਖ਼ਰੀਦ ਤੇ ਵਿਕਰੀ ਅਤੇ ਝੋਨੇ ਦੀ ਲਵਾਈ ਦੌਰਾਨ ਲੋਕਾਂ ਨੇ ਇਕ ਦੂਸਰੇ ਦੇ ਨਜ਼ਦੀਕ ਰਹਿ ਕੇ ਕੰਮ ਕੀਤਾ ਪਰ ਬਿਮਾਰੀ ਵੱਡੇ ਪੱਧਰ ’ਤੇ ਨਹੀਂ ਫੈਲੀ। ਇਸ ਵਰਤਾਰੇ ਦਾ ਕਾਰਨ ਸ਼ਾਇਦ ਇਹ ਸੀ ਕਿ ਖੁੱਲ੍ਹੇ ਵਾਤਾਵਰਨ ਵਿਚ ਬਿਮਾਰੀ ਦੇ ਫੈਲਣ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਹਨ ਅਤੇ ਸਿਹਤ ਦੇ ਖੇਤਰ ਦੇ ਮਾਹਿਰ ਇਸ ਦੱਬੀ ਘੁੱਟੀ ਜ਼ੁਬਾਨ ਵਿਚ ਇਸ ਨੂੰ ਸਵੀਕਾਰ ਵੀ ਕਰ ਰਹੇ ਹਨ।
ਇਸ ਸਭ ਕੁਝ ਦੇ ਬਾਵਜੂਦ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਖ਼ਤਰਾ ਅਜੇ ਟਲਿਆ ਨਹੀਂ ਅਤੇ ਇਸ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਇਹਤਿਆਤ/ਸਾਵਧਾਨੀ ਵਰਤਣ ਦੀ ਲੋੜ ਹੈ। ਮਾਸਕ ਪਹਿਨਣਾ, ਇਕ ਦੂਜੇ ਤੋਂ ਸਰੀਰਕ ਦੂਰੀ ਬਣਾਈ ਰੱਖਣਾ, ਹੱਥ ਧੋਣਾ, ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਾ ਜਾਣਾ ਆਦਿ ਅਜੇ ਵੀ ਓਨੇ ਜ਼ਰੂਰੀ ਹਨ ਜਿੰਨੇ ਕਿ ਮਾਰਚ ਵਿਚ ਸਨ। ਇਸ ਮਹਾਮਾਰੀ ਨੇ ਸਮੂਹਿਕ ਤੌਰ ’ਤੇ ਸਮਾਜਾਂ ਨੂੰ ਵੱਡੇ ਸਬਕ ਸਿਖਾਏ ਹਨ ਜਿਨ੍ਹਾਂ ਵਿਚੋਂ ਪਹਿਲਾ ਇਹ ਹੈ ਕਿ ਤਾਲਾਬੰਦੀ ਜਿਹੇ ਵੱਡੇ ਫ਼ੈਸਲੇ ਲੈਣ ਤੋਂ ਪਹਿਲਾਂ ਦੇਸ਼ ਦੇ ਆਰਥਿਕ ਤੇ ਸਮਾਜਿਕ ਹਾਲਾਤ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਜੇ ਮਾਹਿਰਾਂ ਦੀ ਕਮੇਟੀ ਇਹ ਕਹਿ ਰਹੀ ਹੈ ਕਿ ਹੋਰ ਤਾਲਾਬੰਦੀ ਗ਼ੈਰਜ਼ਰੂਰੀ ਹੈ ਤਾਂ ਉਹ ਵੀ ਅਜਿਹੇ ਸਬਕਾਂ ਵਿਚੋਂ ਇਕ ਹੀ ਹੈ ਕਿਉਂਕਿ ਇਹ ਅਨੁਮਾਨ ਵੀ ਪੇਸ਼ ਕੀਤੇ ਗਏ ਹਨ ਕਿ ਜੇ ਤਾਲਾਬੰਦੀ ਹੋਰ ਵਧਾਈ ਤਾਂ ਦੇਸ਼ ਵਿਚ ਭੁੱਖਮਰੀ ਵਧ ਸਕਦੀ ਹੈ। ਹੁਣੇ ਹੁਣੇ ਆਈ ਰਿਪੋਰਟ ਵਿਚ ਭਾਰਤ ਗੰਭੀਰ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਅਤੇ ਆਲਮੀ ਭੁੱਖਮਰੀ ਸੂਚੀ ਵਿਚ ਉਸ ਦਾ ਨੰਬਰ 94ਵਾਂ ਹੈ। ਇਨ੍ਹਾਂ ਹਾਲਾਤ ਵਿਚ ਲੋਕਾਂ ਕੋਲ ਇਹਤਿਆਤ ਵਰਤਦੇ ਹੋਏ ਕੰਮਕਾਰ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ। ਇਸ ਸਬੰਧੀ ਕਈ ਮਾਹਿਰ ਲੋਕਾਂ ਵਿਚ ਇਹਤਿਆਤ ਵਰਤਣ ਪ੍ਰਤੀ ਇਹ ਸਮੂਹਿਕ ਥਕਾਨ ਅਤੇ ਸੰਵੇਦਨਹੀਣ ਹੋ ਜਾਣ ਬਾਰੇ ਵੀ ਚਿਤਾਵਨੀ ਦੇ ਰਹੇ ਹਨ। ਹਰ ਜਾਨ ਕੀਮਤੀ ਹੈ ਅਤੇ ਕਿਸੇ ਨੂੰ ਵੀ ਬਿਮਾਰੀ ਪ੍ਰਤੀ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ।