ਕਰੋਨਾਵਾਇਰਸ: ਕੁਝ ਵਿਗਿਆਨਕ ਤੱਥ

ਕਰੋਨਾਵਾਇਰਸ: ਕੁਝ ਵਿਗਿਆਨਕ ਤੱਥ

ਕੁਝ ਲੋਕ ਇਹ ਦਲੀਲਾਂ ਦਿੰਦੇ ਰਹੇ ਹਨ ਕਿ ਕਰੋਨਾਵਾਇਰਸ ਕਾਰਪੋਰੇਟ ਅਦਾਰਿਆਂ ਜਾਂ ਕੁਝ ਦੇਸ਼ਾਂ ਦੀ ਸਾਜ਼ਿਸ਼ ਹੈ। ਕਈ ਦੇਸ਼ਾਂ ਵਿਚ ਇਸ ਨੂੰ ਚੀਨ ਅਤੇ ਕੁਝ ਵਿਚ ਯਹੂਦੀਆਂ ਦਾ ਛੜਯੰਤਰ ਦੱਸਿਆ ਗਿਆ। ਇਹ ਪ੍ਰਸ਼ਨ ਕਿ ਇਹ ਵਾਇਰਸ ਕਿੱਦਾਂ ਹੋਂਦ ਵਿਚ ਆਇਆ ਜਾਂ ਕਿਸ ਤਰ੍ਹਾਂ ਦੇ ਵਿਕਾਸ ਮਾਡਲ ਕਾਰਨ ਇਹ ਅਤੇ ਕਈ ਹੋਰ ਤਰ੍ਹਾਂ ਦੇ ਵਾਇਰਸ ਜਨਮਦੇ, ਫੈਲਦੇ ਅਤੇ ਮਨੁੱਖਾਂ ਵਿਚ ਪ੍ਰਵੇਸ਼ ਕਰਦੇ ਹਨ, ਵੱਖਰੀ ਬਹਿਸ ਦੇ ਵਿਸ਼ੇ ਹਨ; ਹਾਲ ਦੀ ਘੜੀ ਇਹ ਪ੍ਰਤੱਖ ਹੈ ਕਿ ਕਰੋਨਾਵਾਇਰਸ ਅਤੇ ਇਸ ਦੇ ਬਦਲੇ ਹੋਰ ਰੂਪਾਂ ਦੀ ਲਾਗ਼ ਬਹੁਤ ਤੇਜ਼ੀ ਨਾਲ ਲੱਗਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਇਸ ਕਾਰਨ 2 ਲੱਖ 22 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ। ਸਿਹਤ ਖੇਤਰ ਦੇ ਮਾਹਿਰਾਂ ਅਨੁਸਾਰ ਸਾਡੇ ਦੇਸ਼ ਵਿਚ ਹੁੰਦੀਆਂ ਮੌਤਾਂ ਵਿਚੋਂ 30 ਫ਼ੀਸਦੀ ਤੋਂ ਵੱਧ ਕੇਸਾਂ ਵਿਚ ਕੋਈ ਡਾਕਟਰੀ ਸਹਾਇਤਾ ਨਹੀਂ ਮਿਲਦੀ। ਲੋਕਾਂ ਦੇ ਬਹੁਤ ਵੱਡੇ ਹਿੱਸੇ ਦੀ ਨਿੱਜੀ ਜਾਂ ਸਰਕਾਰੀ ਸਿਹਤ ਸੰਭਾਲ ਦੇ ਪ੍ਰਬੰਧ ਤਕ ਕੋਈ ਪਹੁੰਚ ਨਹੀਂ ਹੈ। ਇਸ ਲਈ ਮਾਹਿਰਾਂ ਅਨੁਸਾਰ ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਤੇ ਇਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਹੈ।

ਜਿੱਥੋਂ ਤਕ ਕਰੋਨਾਵਾਇਰਸ ਦੇ ਪੈਦਾ ਹੋਣ ਦਾ ਸਬੰਧ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਕਾਰਪੋਰੇਟਵਾਦੀ ਮੰਡੀ ਪ੍ਰਬੰਧ ਕਾਰਨ ਪੈਦਾ ਹੋਇਆ ਹੈ; ਮਾਸ/ਮੀਟ ਦੀ ਖ਼ਰੀਦੋ ਫਰੋਖ਼ਤ ਲਈ ਬਹੁਤ ਵੱਡੀਆਂ ਮੰਡੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਵੱਖ ਵੱਖ ਤਰ੍ਹਾਂ ਦੇ ਜਾਨਵਰਾਂ ਨੂੰ ਵੱਡੀ ਗਿਣਤੀ ਵਿਚ ਇਕੱਠਾ ਕੀਤਾ ਜਾਂਦਾ ਹੈ। ਸਿਹਤ ਵਿਗਿਆਨੀਆਂ ਅਨੁਸਾਰ ਇਨ੍ਹਾਂ ਮੰਡੀਆਂ ਵਿਚ ਜੀਵਾਣੂ/ਬੈਕਟੀਰੀਆ/ਵਾਇਰਸ ਇਕ ਜਾਨਵਰ ਤੋਂ ਦੂਸਰੇ ਜਾਨਵਰ ਅਤੇ ਫਿਰ ਮਨੁੱਖਾਂ ਵਿਚ ਪ੍ਰਵੇਸ਼ ਕਰਦੇ ਹਨ। ਇਨ੍ਹਾਂ ’ਚੋਂ ਕਈ ਜੀਵਾਣੂ ਕਰੋਨਾਵਾਇਰਸ ਵਾਂਗ ਘਾਤਕ ਹੁੰਦੇ ਹਨ। ਇਹ ਵੀ ਦੱਸਿਆ ਜਾਂਦਾ ਰਿਹਾ ਹੈ ਕਿ ਇਹ ਵਾਇਰਸ ਚੀਨ ਵਿਚ ਵਾਇਰਸਾਂ ਬਾਰੇ ਖੋਜ ਕਰਨ ਵਾਲੀ ਪ੍ਰਯੋਗਸ਼ਾਲਾ ਵਿਚੋਂ ਲੀਕ ਹੋਇਆ। ਇਸ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਪਰ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੁਝ ਮਾਹਿਰਾਂ ਅਨੁਸਾਰ ਇਹ ਵਾਇਰਸ ਠੰਢ, ਜ਼ੁਕਾਮ, ਬੁਖਾਰ ਆਦਿ ਦੇ ਲੱਛਣ ਪੈਦਾ ਕਰਨ ਵਾਲੇ ਇੰਨਫਲੂਏਜਾ (ਫ਼ਲੂ) ਰੋਗ ਦੇ ਵਾਇਰਸਾਂ ਵਰਗਾ ਹੈ; ਇਹ ਗੱਲ ਸਹੀ ਹੈ ਪਰ ਫ਼ਰਕ ਇਹ ਹੈ ਕਿ ਜਦੋਂ ਫ਼ਲੂ ਜਿਹੇ ਲੱਛਣ ਪੈਦਾ ਕਰਨ ਵਾਲੇ ਵਾਇਰਸ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ (ਭਾਵ ਉਹ ਮੌਸਮ ਦੇ ਬਦਲਣ ਅਤੇ ਹੋਰ ਕਾਰਨਾਂ ਕਰ ਕੇ ਮਨੁੱਖਾਂ ਨੂੰ ਪ੍ਰਭਾਵਿਤ ਕਰਦੇ, ਠੰਢ-ਜ਼ੁਕਾਮ-ਬੁਖਾਰ ਦੇ ਲੱਛਣ ਪੈਦਾ ਕਰਦੇ ਹਨ ਪਰ ਜ਼ਿਆਦਾਤਰ ਲੋਕ ਆਪਣੇ ਆਪ ਠੀਕ ਹੋ ਜਾਂਦੇ ਹਨ), ਉਥੇ ਲੋਕਾਂ ਦਾ ਕਰੋਨਾਵਾਇਰਸ ਨਾਲ ਵਾਹ ਅਜੇ ਨਵਾਂ ਹੈ; ਇਸ ਕਾਰਨ ਲੋਕਾਂ ਦੇ ਸਰੀਰਾਂ ਵਿਚ ਇਸ ਵਾਇਰਸ ਨਾਲ ਲੜਨ ਦੀ ਸਮੂਹਿਕ ਅੰਦਰੂਨੀ ਸਮਰੱਥਾ (Herd immunity) ਪੈਦਾ ਨਹੀਂ ਹੋਈ। ਹੋ ਸਕਦਾ ਹੈ ਦੋ ਤਿੰਨ ਸਾਲ ਬਾਅਦ ਕਰੋਨਾਵਾਇਰਸ ਦੀ ਤਾਕਤ ਵੀ ਫਲੂ ਪੈਦਾ ਕਰਨ ਵਰਗੇ ਵਾਇਰਸਾਂ ਵਾਂਗ ਘਟ ਜਾਏ ਪਰ ਇਸ ਵੇਲੇ ਇਸ ਦੇ ਫੈਲਾਉ ਨੂੰ ਰੋਕਣ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।

ਮਨੁੱਖਤਾ ਦਾ ਵੱਖ ਵੱਖ ਤਰ੍ਹਾਂ ਦੇ ਵਾਇਰਸਾਂ ਨਾਲ ਲੜਨ ਦਾ ਤਜਰਬਾ ਦੱਸਦਾ ਹੈ ਕਿ ਵਾਇਰਸ ਆਪਣੇ ਰੂਪ ਬਦਲਦੇ ਰਹਿੰਦੇ ਹਨ ਜਿਵੇਂ ਉਦਾਹਰਨ ਦੇ ਤੌਰ ’ਤੇ ਪੋਲੀਓ ਦੇ ਵਾਇਰਸ ਨੇ ਕਈ ਰੂਪ ਬਦਲੇ ਅਤੇ ਪੋਲੀਓ ਦੀ ਵੈਕਸੀਨ (ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਬੂੰਦਾਂ) ਵਿਚ ਪੋਲੀਓ ਦੀਆਂ ਤਿੰਨ ਕਿਸਮਾਂ ਨਾਲ ਲੜਨ ਦੀ ਸਮਰੱਥਾ ਸੀ। ਮਨੁੱਖ ਦਾ ਸਰੀਰ ਬਹੁਤ ਸਾਰੇ ਵਾਇਰਸਾਂ ਦਾ ਖ਼ੁਦ ਮੁਕਾਬਲਾ ਕਰ ਸਕਦਾ ਹੈ ਜਦੋਂਕਿ ਕੁਝ ਵਾਇਰਸਾਂ ਦਾ ਮੁਕਾਬਲਾ ਕਰਨ ਲਈ ਵੈਕਸੀਨ ਦੀ ਜ਼ਰੂਰਤ ਹੁੰਦੀ ਹੈ। ਮੌਜੂਦਾ ਹਾਲਾਤ ਵਿਚ ਕਰੋਨਾਵਾਇਰਸ ਵਿਰੁੱਧ ਵੈਕਸੀਨ ਲੈਣੀ ਸਿਹਤ ਵਿਗਿਆਨਕ ਪੱਖ ਤੋਂ ਅਤਿਅੰਤ ਜ਼ਰੂਰੀ ਹੈ। ਵਿਗਿਆਨਕ ਪਹੁੰਚ ਅਪਣਾਉਂਦੇ ਹੋਏ ਇਹ ਸਮਾਂ ਕੋਵਿਡ-19 ਵਿਰੁੱਧ ਲੜਾਈ ਵਿਚ ਜ਼ਰੂਰੀ ਸਾਵਧਾਨੀਆਂ ’ਤੇ ਅਮਲ ਕਰਨ ਦਾ ਹੈ ਨਾ ਕਿ ਇਸ ਨੂੰ ਕਾਰਪੋਰੇਟਾਂ ਜਾਂ ਕੁਝ ਦੇਸ਼ਾਂ ਦੀ ਸਾਜ਼ਿਸ਼ ਕਹਿੰਦਿਆਂ ਇਸ ਨੂੰ ਮਨ ਵਿਚੋਂ ਵਿਸਾਰਨ ਅਤੇ ਕਬੂਤਰ ਵਾਂਗ ਅੱਖਾਂ ਬੰਦ ਕਰ ਕੇ ਇਹ ਸਮਝਣ ਦਾ ਕਿ ਸਾਨੂੰ ਇਸ ਤੋਂ ਕੋਈ ਖ਼ਤਰਾ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All