ਅਮਰੀਕੀ ਕਾਂਗਰਸ (ਸੰਸਦ) ਦੇ ਹੇਠਲੇ ਸਦਨ, ਹਾਊਸ ਆਫ਼ ਰੀਪ੍ਰੈਜ਼ੈਂਟੇਟਿਵਜ਼ ਦੀ ਸਦਰ (ਸਪੀਕਰ) ਨੈਨਸੀ ਪੈਲੋਸੀ ਦੇ ਤਾਇਵਾਨ ਦੌਰੇ ਨੇ ਚੀਨ-ਤਾਇਵਾਨ ਸਮੱਸਿਆ ਨੂੰ ਮੁੜ ਉਭਾਰਿਆ ਹੈ। ਤਾਇਵਾਨ 168 ਦੀਪਾਂ ਦਾ ਦੇਸ਼ ਹੈ ਜਿਹੜਾ ਪੂਰਬੀ ਚੀਨੀ ਸਮੁੰਦਰ ਅਤੇ ਦੱਖਣੀ ਚੀਨੀ ਸਮੁੰਦਰ ਦੀ ਹੱਦ ’ਤੇ ਸਥਿਤ ਹੈ। ਸਭ ਤੋਂ ਵੱਡੇ ਦੀਪ ਨੂੰ ਤਾਇਵਾਨ ਜਾਂ ਫਾਰਮੋਸਾ ਕਿਹਾ ਜਾਂਦਾ ਹੈ ਜਦੋਂਕਿ ਬਾਕੀ ਦੇ ਦੀਪ ਕਾਫ਼ੀ ਛੋਟੇ ਹਨ। ਇਹ ਟਾਪੂ ਹਜ਼ਾਰਾਂ ਸਾਲਾਂ ਤੋਂ ਆਬਾਦ ਹਨ। ਇੱਥੇ ਹਾਨ ਚੀਨ (Hen Chiene) ਲੋਕਾਂ ਦੀ ਆਮਦ 17ਵੀਂ ਸਦੀ ਵਿਚ ਹੋਈ ਜਦੋਂ ਇਹ ਡੱਚ ਬਸਤੀ ਸੀ। ਚੀਨੀ ਬਾਦਸ਼ਾਹ ਨੇ ਇਸ ’ਤੇ 1683 ਵਿਚ ਕਬਜ਼ਾ ਕੀਤਾ ਅਤੇ 1895 ਵਿਚ ਇਸ ਨੂੰ ਜਪਾਨ ਹਵਾਲੇ ਕਰ ਦਿੱਤਾ। 1644-1911 ਤਕ ਚੀਨ ਵਿਚ ਕਿੰਗ/ਚਿੰਗ (ਛਿੜ) ਰਾਜਵੰਸ਼ ਦਾ ਰਾਜ ਰਿਹਾ। 19ਵੀਂ ਸਦੀ ਵਿਚ ਚੀਨ ਨੂੰ ਈਸਟ ਇੰਡੀਆ ਕੰਪਨੀ ਤੇ ਜਪਾਨ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਸਾਮਰਾਜ ਕਮਜ਼ੋਰ ਹੁੰਦਾ ਗਿਆ। ਦੇਸ਼ ਵਿਚ ਜਮਹੂਰੀ ਲਹਿਰ ਸ਼ਕਤੀਸ਼ਾਲੀ ਬਣੀ ਅਤੇ 1911-1912 ਦੌਰਾਨ ਚੀਨੀ ਗਣਤੰਤਰ (Republic of China) ਹੋਂਦ ਵਿਚ ਆਇਆ। ਸਨ ਯਾਤ-ਸੇਨ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਚੀਨ ਦੀ ਕਮਿਊਨਿਸਟ ਪਾਰਟੀ 1921 ਵਿਚ ਹੋਂਦ ਵਿਚ ਆਈ ਜਿਸ ਦੀ ਸ਼ਕਤੀ ਵੀ ਤੇਜ਼ੀ ਨਾਲ ਵਧੀ ਅਤੇ ਸ਼ੁਰੂਆਤੀ ਸਾਲਾਂ ਵਿਚ ਉਸ ਨੇ ਸਨ ਯਾਤ-ਸੇਨ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਪਾਰਟੀ ਕਉਮਿਨਤਾਂਗ (Kuominteng) ਨਾਲ ਸਹਿਯੋਗ ਕੀਤਾ। 1925 ਵਿਚ ਸਨ ਯਾਤ-ਸੇਨ ਦੀ ਮੌਤ ਤੋਂ ਬਾਅਦ ਕਉਮਿਨਤਾਂਗ ਵਿਚ ਸੱਜੇ ਪੱਖੀ ਅਤੇ ਕਮਿਊਨਿਸਟ ਵਿਰੋਧੀ ਰੁਝਾਨ ਉੱਭਰੇ ਅਤੇ 1928 ਵਿਚ ਚਿਆਂਗ ਕਾਈ-ਸ਼ੇਨ ਸਰਕਾਰ ਦਾ ਮੁਖੀ ਬਣਿਆ। ਦੇਸ਼ ਵਿਚ ਖਾਨਾਜੰਗੀ ਸ਼ੁਰੂ ਹੋ ਗਈ। 1927 ਵਿਚ ਅਤੇ ਉਸ ਤੋਂ ਬਾਅਦ ਕਮਿਊਨਿਸਟਾਂ ਦੇ ਵੱਡੀ ਪੱਧਰ ’ਤੇ ਕਤਲੇਆਮ ਹੋਏ। 1937 ਵਿਚ ਜਪਾਨ ਨੇ ਚੀਨ ’ਤੇ ਫਿਰ ਹਮਲਾ ਕੀਤਾ ਜਿਸ ਕਾਰਨ ਕਮਿਊਨਿਸਟ ਪਾਰਟੀ ਨੇ ਕਉਮਿਨਤਾਂਗ ਨਾਲ ਸਾਂਝਾ ਮੁਹਾਜ਼ ਬਣਾਇਆ। ਜਪਾਨ ਵਿਰੁੱਧ ਲੜਾਈ ਵਿਚ ਕਮਿਊਨਿਸਟ ਪਾਰਟੀ ਦੇ ਵੱਡੇ ਯੋਗਦਾਨ ਕਾਰਨ ਇਸ ਦਾ ਪ੍ਰਭਾਵ ਵਧਿਆ ਅਤੇ 1945 ਵਿਚ ਦੂਜੀ ਆਲਮੀ ਜੰਗ ਵਿਚ ਜਪਾਨ ਦੀ ਹਾਰ ਤੋਂ ਬਾਅਦ ਇਹ ਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ ਬਣ ਗਈ। ਇਹ ਪਾਰਟੀ ਕਉਮਿਨਤਾਂਗ ਨਾਲ ਗੱਲਬਾਤ ਅਤੇ ਭਿਅੰਕਰ ਲੜਾਈ ’ਚੋਂ ਗੁਜ਼ਰਨ ਬਾਅਦ ਚੀਨੀ ਇਨਕਲਾਬ ਦੀ ਸਿਰਜਕ ਬਣੀ। 1 ਅਕਤੂਬਰ 1949 ਨੂੰ ਪੀਪਲਜ਼ ਰਿਪਬਲਕ ਆਫ ਚਾਈਨਾ ਹੋਂਦ ’ਚ ਆਇਆ ਅਤੇ ਮਾਓ-ਜ਼ੇ-ਤੁੰਗ ਦੇਸ਼ ਦਾ ਨੇਤਾ ਬਣਿਆ। ਚਿਆਂਗ ਕਾਈ-ਸ਼ੇਕ ਤੇ ਉਸ ਦੀ ਸਰਕਾਰ ਤਾਇਵਾਨ ਤਕ ਮਹਿਦੂਦ ਹੋ ਗਏ ਅਤੇ ਆਪਣੇ ਆਪ ਨੂੰ ਰਿਪਬਲਿਕ ਆਫ ਚਾਈਨਾ ਅਖਵਾਉਂਦੇ ਰਹੇ। ਉਨ੍ਹਾਂ ਨੂੰ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੀ ਹਮਾਇਤ ਹਾਸਿਲ ਸੀ। ਚਿਆਂਗ ਕਾਈ-ਸ਼ੇਕ ਨੇ 1949 ’ਚ ਮਾਰਸ਼ਲ ਲਾਅ ਲਾ ਦਿੱਤਾ। ਇਸ ਤੋਂ ਪਹਿਲਾਂ ਕਉਮਿਨਤਾਂਗ ਨੇ 1947 ’ਚ ਹਜ਼ਾਰਾਂ ਤਾਇਵਾਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਮਾਰਸ਼ਲ ਲਾਅ ਦੌਰਾਨ ਵੀ ਹਜ਼ਾਰਾਂ ਤਾਇਵਾਨੀ ਮਾਰੇ ਗਏ। ਕਾਈ-ਸ਼ੇਕ ਦੀ ਹਕੂਮਤ ਇਕ ਪਾਰਟੀ ਫਾਸ਼ੀਵਾਦੀ ਹਕੂਮਤ ਸੀ। 1987 ਤਕ ਦੇਸ਼ ’ਚ ਮਾਰਸ਼ਲ ਲਾਅ ਰਿਹਾ।
1982 ਤੋਂ ਬਾਅਦ ਹੋਰ ਸਿਆਸੀ ਪਾਰਟੀਆਂ ਨੂੰ ਸਰਗਰਮੀਆਂ ਕਰਨ ਦੀ ਇਜਾਜ਼ਤ ਮਿਲੀ। ਅਮਰੀਕਾ ਤੇ ਹੋਰ ਪੱਛਮੀ ਤਾਕਤਾਂ ਦੁਨੀਆ ਸਾਹਮਣੇ ਪੇਸ਼ ਕਰਦੀਆਂ ਰਹੀਆਂ ਹਨ ਕਿ ਚੀਨ ’ਚ ਕਮਿਊਨਿਸਟ ਰਾਜ ਹੈ ਜਦੋਂਕਿ ਤਾਇਵਾਨ ‘ਆਜ਼ਾਦ’ ਦੇਸ਼ ਹੈ। ਚੀਨ ਅਨੁਸਾਰ ਤਾਇਵਾਨ ਚੀਨ ਦਾ ਹਿੱਸਾ ਹੈ ਅਤੇ ਪੱਛਮੀ ਤਾਕਤਾਂ ਦੇ ਦਖ਼ਲ ਕਾਰਨ ਇਹ ਇਸ ਤੋਂ ਅਲੱਗ ਹੈ।
ਪੱਛਮੀ ਤਾਕਤਾਂ ਦੀ ਸਹਾਇਤਾ ਕਾਰਨ ਤਾਇਵਾਨ ਕੰਪਿਊਟਰਾਂ ਲਈ ਚਿੱਪ ਬਣਾਉਣ ਦੀ ਸਨਅਤ ਦਾ ਮੋਹਰੀ ਦੇਸ਼ ਬਣ ਕੇ ਉੱਭਰਿਆ ਹੈ। ਅਮਰੀਕਾ ਹਰ ਹੀਲੇ ਤਾਇਵਾਨ ਦੀ ਹੋਂਦ ਕਾਇਮ ਰੱਖਣਾ ਚਾਹੁੰਦਾ ਹੈ। 2016 ਤੋਂ ਦੇਸ਼ ਵਿਚ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਜਿਹੜੀ ਕਉਮਿਨਤਾਂਗ ਦੀ ਵਿਰੋਧੀ ਪਾਰਟੀ ਹੈ, ਦੀ ਹਕੂਮਤ ਹੈ ਪਰ ਇਹ ਅਮਰੀਕੀ ਤੇ ਯੂਰੋਪੀਅਨ ਦੇਸ਼ਾਂ ਦੀ ਹਮਾਇਤ ’ਤੇ ਨਿਰਭਰ ਹੈ। ਨੈਨਸੀ ਪੈਲੋਸੀ ਦੇ ਦੌਰੇ ਤੋਂ ਬਾਅਦ ਚੀਨ ਨੇ ਤਾਇਵਾਨ ਦੇ ਆਲੇ-ਦੁਆਲੇ ਫ਼ੌਜੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ ਅਤੇ ਕਈ ਖੇਤਰਾਂ ਵਿਚ ਅਮਰੀਕਾ ਨਾਲ ਸਹਿਯੋਗ ਕਰਨਾ ਬੰਦ ਕਰਨ ਦਾ ਐਲਾਨ ਕੀਤਾ ਹੈ। ਕੂਟਨੀਤਕ ਮਾਹਿਰਾਂ ਅਨੁਸਾਰ ਅਮਰੀਕਾ ਨੇ ਜਾਣਬੁੱਝ ਕੇ ਨੈਨਸੀ ਪੈਲੋਸੀ ਦਾ ਤਾਇਵਾਨ ਦੌਰਾ ਕਰਵਾ ਕੇ ਖ਼ਿੱਤੇ ਵਿਚ ਤਣਾਉ ਵਧਾਇਆ ਹੈ। ਰੂਸ-ਯੂਕਰੇਨ ਜੰਗ ਦੀਆਂ ਲੀਹਾਂ ’ਤੇ ਅਮਰੀਕਾ ਇਸ ਖ਼ਿੱਤੇ ਵਿਚ ਵੀ ਤਣਾਉ ਵਧਾ ਕੇ ਆਰਥਿਕ ਲਾਭ ਪ੍ਰਾਪਤ ਕਰਨਾ ਚਾਹੁੰਦਾ ਹੈ। ਕੌਮਾਂਤਰੀ ਭਾਈਚਾਰੇ ਨੂੰ ਇਸ ਸਬੰਧੀ ਚੇਤੰਨ ਰਹਿਣ ਦੀ ਜ਼ਰੂਰਤ ਹੈ।