DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੱਚਿਆਂ ਦੀ ਸੁਰੱਖਿਆ

ਬਾਲ ਸੁਰੱਖਿਆ ਪ੍ਰਣਾਲੀ ਅਕਸਰ ਦੁਰਵਿਹਾਰ ਖ਼ਿਲਾਫ਼ ਸਮੇਂ ਸਿਰ ਕਾਰਵਾਈ ਯਕੀਨੀ ਬਣਾਉਣ ’ਚ ਅਸਮਰੱਥ ਰਹਿੰਦੀ ਹੈ। ਇਹ ਉਨ੍ਹਾਂ ਬੱਚਿਆਂ ਦੀ ਹਿਫਾਜ਼ਤ ਕਰਨ ’ਚ ਅਸਫ਼ਲ ਹੈ, ਜਿਨ੍ਹਾਂ ਦੀ ਸਲਾਮਤੀ ਲਈ ਇਹ ਸਿਸਟਮ ਕਾਇਮ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹਰਿਆਣਾ ਦਾ ਰਿਕਾਰਡ...

  • fb
  • twitter
  • whatsapp
  • whatsapp
Advertisement

ਬਾਲ ਸੁਰੱਖਿਆ ਪ੍ਰਣਾਲੀ ਅਕਸਰ ਦੁਰਵਿਹਾਰ ਖ਼ਿਲਾਫ਼ ਸਮੇਂ ਸਿਰ ਕਾਰਵਾਈ ਯਕੀਨੀ ਬਣਾਉਣ ’ਚ ਅਸਮਰੱਥ ਰਹਿੰਦੀ ਹੈ। ਇਹ ਉਨ੍ਹਾਂ ਬੱਚਿਆਂ ਦੀ ਹਿਫਾਜ਼ਤ ਕਰਨ ’ਚ ਅਸਫ਼ਲ ਹੈ, ਜਿਨ੍ਹਾਂ ਦੀ ਸਲਾਮਤੀ ਲਈ ਇਹ ਸਿਸਟਮ ਕਾਇਮ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹਰਿਆਣਾ ਦਾ ਰਿਕਾਰਡ ਕਾਫ਼ੀ ਚਿੰਤਾਜਨਕ ਹੈ ਕਿਉਂਕਿ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਸੂਬੇ ਭਰ ਵਿੱਚ ਪ੍ਰਾਪਤ ਹੋਈਆਂ ਬੱਚਿਆਂ ਨਾਲ ਦੁਰਵਿਹਾਰ ਅਤੇ ਬਾਲ ਅਧਿਕਾਰਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦੀ ਗਿਣਤੀ 2021 ਵਿੱਚ 168 ਸੀ, ਜੋ 2025-26 ਵਿੱਚ ਵਧ ਕੇ 562 ਹੋ ਗਈਆਂ ਹਨ। ਇਹ ਵਾਧਾ ਤਿੰਨ ਗੁਣਾ ਨਾਲੋਂ ਵੱਧ ਦਰਜ ਕੀਤਾ ਗਿਆ ਹੈ ਅਤੇ 2024-25 ਵਿੱਚ 1281 ਸ਼ਿਕਾਇਤਾਂ ਨਾਲ ਇਹ ਗਿਣਤੀ ਹੁਣ ਤੱਕ ਸਭ ਤੋਂ ਸਿਖਰਲੇ ਪੱਧਰ ’ਤੇ ਪਹੁੰਚ ਗਈ ਸੀ।

ਪਿਛਲੇ ਵਿੱਤੀ ਸਾਲ ’ਚ 553 ਸ਼ਿਕਾਇਤਾਂ ਬਕਾਇਆ ਰਹਿਣਾ ਚਿੰਤਾ ਨੂੰ ਹੋਰ ਵਧਾਉਂਦਾ ਹੈ। ਇਨ੍ਹਾਂ ਅੰਕੜਿਆਂ ’ਚ ਅਜਿਹੇ ਬੱਚੇ ਸ਼ਾਮਿਲ ਹੋ ਸਕਦੇ ਹਨ, ਜਿਨ੍ਹਾਂ ਨੂੰ ਨਿਆਂ, ਸੁਰੱਖਿਆ ਅਤੇ ਸਦਮੇ ’ਚੋਂ ਉੱਭਰਨ ਲਈ ਮੌਕਾ ਮਿਲਣ ਦੀ ਉਡੀਕ ਹੈ। ਮਾਮਲਿਆਂ ਵਿੱਚ ਵਾਧੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਲੋਕਾਂ ’ਚ ਜਾਗਰੂਕਤਾ ਵਧੀ ਹੈ ਅਤੇ ਉਹ ਉਲੰਘਣਾਵਾਂ ਦੀ ਸ਼ਿਕਾਇਤ ਵੀ ਕਰਨ ਲੱਗੇ ਹਨ। ਖ਼ੈਰ, 2025-26 ਵਿੱਚ ਸ਼ਿਕਾਇਤਾਂ ’ਚ ਆਈ ਭਾਰੀ ਗਿਰਾਵਟ ਨੂੰ ਸੁਧਾਰ ਹੋਣ ਦਾ ਪੱਕਾ ਸਬੂਤ ਨਹੀਂ ਮੰਨਿਆ ਜਾ ਸਕਦਾ। ਉਂਜ, ਅਧਿਕਾਰੀਆਂ ਨੂੰ ਇਸ ਉਤਰਾਅ-ਚੜ੍ਹਾਅ ਦਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਨਾ ਕਿ ਮਨਮਰਜ਼ੀ ਦੇ ਨਤੀਜੇ ਕੱਢਣੇ ਚਾਹੀਦੇ ਹਨ।

Advertisement

ਇਸ ਸਬੰਧੀ ਬਕਾਇਆ ਕੇਸਾਂ ਦੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹੇ ’ਚ ਦੁਰਵਿਹਾਰ ਦਾ ਸਾਹਮਣਾ ਕਰਨ ਵਾਲੇ ਬੱਚੇ ਲਈ ਦੇਰੀ ਨਾਲ ਕੀਤੀ ਕਾਰਵਾਈ ਦਾ ਅਰਥ ਲੰਮੇ ਸਮੇਂ ਤੱਕ ਸਦਮਾ ਅਤੇ ਨਿਰੰਤਰ ਸੰਤਾਪ ਭੋਗਣਾ ਹੋ ਸਕਦਾ ਹੈ। ਸ਼ਿਕਾਇਤ ਦਰਜ ਕਰਨਾ ਸਿਰਫ਼ ਪਹਿਲਾ ਕਦਮ ਹੈ ਪਰ ਸਮੇਂ ਸਿਰ ਪੜਤਾਲ, ਸੁਰੱਖਿਆ ਦੇਣਾ, ਸਲਾਹ ਤੇ ਮੁੜਵਸੇਬਾ ਕਰਨਾ ਵੀ ਓਨਾ ਹੀ ਅਹਿਮ ਹੈ। ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿੰਨੀਆਂ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਗਿਆ, ਕਿੰਨੀਆਂ ਪੁਲੀਸ ਨੂੰ ਸੌਂਪੀਆਂ ਤੇ ਕਿੰਨੀਆਂ ਬੇਬੁਨਿਆਦ ਪਾਈਆਂ ਗਈਆਂ ਜਾਂ ਕਿੰਨੇ ਮਾਮਲਿਆਂ ’ਚ ਕਾਰਵਾਈ ਅਗਾਂਹ ਵਧਾਈ ਗਈ?

Advertisement

ਹਰਿਆਣਾ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਕਾਨੂੰਨ ਅਤੇ ਸੰਸਥਾਵਾਂ ਮੌਜੂਦ ਹਨ, ਜਿਨ੍ਹਾਂ ’ਚ ਪੋਕਸੋ ਐਕਟ ਅਤੇ ਹੋਰ ਬਾਲ ਸੁਰੱਖਿਆ ਨਿਯਮ ਸ਼ਾਮਿਲ ਹਨ। ਹੁਣ ਚੁਣੌਤੀ ਇਹ ਯਕੀਨੀ ਬਣਾਉਣ ਦੀ ਹੈ ਕਿ ਇਹ ਸੁਰੱਖਿਆ ਨਿਯਮ ਜ਼ਮੀਨੀ ਪੱਧਰ ’ਤੇ ਕਾਰਗਰ ਢੰਗ ਨਾਲ ਲਾਗੂ ਹੋਣ। ਇਸ ਦੇ ਨਾਲ ਹੀ ਸਕੂਲਾਂ, ਬਾਲ ਦੇਖਭਾਲ ਘਰਾਂ ਅਤੇ ਪਰਿਵਾਰਾਂ ਨੂੰ ਪਹੁੰਚਯੋਗ ਰਿਪੋਰਟਿੰਗ ਮਾਧਿਅਮਾਂ, ਸਿਖਲਾਈਯਾਫ਼ਤਾ ਮੁਲਾਜ਼ਮਾਂ ਅਤੇ ਦੁਰਵਿਹਾਰ ਦੇ ਖੁਲਾਸੇ ਦਾ ਜਵਾਬ ਦੇਣ ਲਈ ਸਪੱਸ਼ਟ ਪ੍ਰਕਿਰਿਆਵਾਂ ਅਪਣਾਉਣ ਦੀ ਲੋੜ ਹੈ। ਦੂਜੇ ਪਾਸੇ, ਬੱਚਿਆਂ ਨੂੰ ਬਿਨਾਂ ਕਿਸੇ ਡਰ-ਭੈਅ ਜਾਂ ਬੇਝਿਜਕ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਸ ਮਾਮਲੇ ’ਚ ਸੂਬਾਈ ਸਰਕਾਰ, ਪੁਲੀਸ ਅਤੇ ਬਾਲ ਅਧਿਕਾਰ ਸੰਸਥਾਵਾਂ ਨੂੰ ਸਾਂਝੇ ਤੌਰ ’ਤੇ ਸ਼ਿਕਾਇਤਾਂ ਦੇ ਅੰਕੜਿਆਂ ਦਾ ਆਡਿਟ ਕਰਨਾ ਚਾਹੀਦਾ ਹੈ, ਅਚਾਨਕ ਵਧੇ ਮਾਮਲਿਆਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਕਾਰਵਾਈ ਵਿੱਚ ਦੇਰੀ ਲਈ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸੁਤੰਤਰ ਨਿਗਰਾਨੀ ਅਤੇ ਨਿਯਮਿਤ ਰਿਪੋਰਟਿੰਗ ਨਾਲ ਕਮੀਆਂ ਨੂੰ ਪਛਾਣਨ ਅਤੇ ਭਰੋਸਾ ਬਹਾਲ ਕਰਨ ਵਿੱਚ ਮਦਦ ਮਿਲ ਸਕਦੀ ਹੈ।

Advertisement
×