ਟੀ ਐੱਮ ਸੀ ’ਚ ਘਮਸਾਣ
ਪੱਛਮੀ ਬੰਗਾਲ ’ਚ ਲੰਘੀ 4 ਮਈ ਨੂੰ ਹੋਈਆਂ ਚੋਣਾਂ ਵਿੱਚ ਭਾਜਪਾ ਵੱਲੋਂ ਮਮਤਾ ਬੈਨਰਜੀ ਨੂੰ 15 ਸਾਲਾਂ ਬਾਅਦ ਸੱਤਾ ਤੋਂ ਲਾਂਭੇ ਕਰਨ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਸਾਬਕਾ ਮੁੱਖ ਮੰਤਰੀ ਦਾ ਵਿਧਾਨਕ ਕਿਲ੍ਹਾ ਵੀ ਢਹਿ-ਢੇਰੀ ਹੁੰਦਾ ਜਾਪਦਾ ਹੈ। ਤਿੰਨ ਵਾਰ...
ਪੱਛਮੀ ਬੰਗਾਲ ’ਚ ਲੰਘੀ 4 ਮਈ ਨੂੰ ਹੋਈਆਂ ਚੋਣਾਂ ਵਿੱਚ ਭਾਜਪਾ ਵੱਲੋਂ ਮਮਤਾ ਬੈਨਰਜੀ ਨੂੰ 15 ਸਾਲਾਂ ਬਾਅਦ ਸੱਤਾ ਤੋਂ ਲਾਂਭੇ ਕਰਨ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਸਾਬਕਾ ਮੁੱਖ ਮੰਤਰੀ ਦਾ ਵਿਧਾਨਕ ਕਿਲ੍ਹਾ ਵੀ ਢਹਿ-ਢੇਰੀ ਹੁੰਦਾ ਜਾਪਦਾ ਹੈ। ਤਿੰਨ ਵਾਰ ਮੁੱਖ ਮੰਤਰੀ ਰਹੀ 71 ਸਾਲਾ ਮਮਤਾ ਬੈਨਰਜੀ ਨੂੰ ਪਾਰਟੀ ਵਿਚਲੀ ਅਜਿਹੀ ਬਗ਼ਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੀ ਉਸ ਨੂੰ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਵਿੱਚੋਂ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਬਾਹਰ ਕਰ ਸਕਦੀ ਹੈ। ਹੁਣ ਖ਼ੁਦ ਨੂੰ ਟੀ ਐੱਮ ਸੀ ਦੇ ਅਸਲੀ ਵਿਧਾਇਕ ਦੱਸਦੇ ਹੋਏ ਪਾਰਟੀ ਦੇ 80 ਵਿੱਚੋਂ 58 ਵਿਧਾਇਕਾਂ ਨੇ ਰਿਤਾਬ੍ਰਤ ਬੈਨਰਜੀ ਨੂੰ ਆਪਣਾ ਨੇਤਾ ਚੁਣਿਆ ਹੈ, ਜਿਸ ਨੂੰ ਵਿਧਾਨ ਸਭਾ ਸਪੀਕਰ ਨੇ ਮਾਨਤਾ ਦੇ ਦਿੱਤੀ ਹੈ। ਇਹ ਬਗ਼ਾਵਤ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਉਸ ਮਾਡਲ ਵਰਗੀ ਜਾਪਦੀ ਹੈ, ਜਿਸ ਨੂੰ ਭਾਜਪਾ ਨੇ ਮਹਾਰਾਸ਼ਟਰ ਵਿੱਚ ਬੜੀ ਚਲਾਕੀ ਨਾਲ ਅਮਲੀ ਜਾਮਾ ਪਹਿਨਾਇਆ ਸੀ। ਇਹ ਘੜੀ ਮਮਤਾ ਬੈਨਰਜੀ ਲਈ ਸੌਖੀ ਨਹੀਂ। ਹਾਲਾਂਕਿ, 28 ਸਾਲ ਪਹਿਲਾਂ ਕਾਂਗਰਸ ਛੱਡ ਕੇ ਟੀ ਐੱਮ ਸੀ ਬਣਾਉਣ ਤੋਂ ਬਾਅਦ ਮਮਤਾ ਨੇ ਲਗਾਤਾਰ ਵਿਰੋਧੀ ਸੁਰਾਂ ਨੂੰ ਸਖ਼ਤੀ ਨਾਲ ਦਬਾਈ ਰੱਖਿਆ, ਪਰ ਐਤਕੀਂ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਤ੍ਰਿਣਮੂਲ ਦੇ ਸੰਸਦ ਮੈਂਬਰਾਂ ਨੂੰ ਆਪਣੇ ਪਾਲੇ ਵਿੱਚ ਸ਼ਾਮਿਲ ਕਰਨ ਲਈ ਰਾਘਵ ਚੱਢਾ (ਸਮੇਤ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ) ਵਾਲੇ ਮਾਡਲ ਤਹਿਤ ਅਗਲੀ ਸਿਆਸੀ ਚਾਲ ਚੱਲੇ ਜਾਣ ਦੀ ਸੰਭਾਵਨਾ ਵੀ ਹੋ ਸਕਦੀ ਹੈ।
ਪਿਛਲੇ ਮਹੀਨੇ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੱਕ ਟੀ ਐੱਮ ਸੀ ਅਤੇ ਉਸ ਦੀ ਨਿਰਵਿਵਾਦ ਸੁਪਰੀਮੋ ਨੇ ਏਕੇ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਸੀ। ਦੂਜੇ ਪਾਸੇ, ਪਾਰਟੀ ਦਾ ਤੇਜ਼ੀ ਨਾਲ ਪਤਨ ਹੋਣਾ ਅਤੇ ਵਰਕਰਾਂ ਤੇ ਆਗੂਆਂ ਦੀ ਆਪਣੇ ਆਗੂ ਖ਼ਿਲਾਫ਼ ਬਗ਼ਾਵਤ ਹੈਰਾਨੀਜਨਕ ਰੂਪ ਵਿੱਚ ਸਾਹਮਣੇ ਆਈ ਹੈ। ਖ਼ੈਰ, ਮਮਤਾ ਦੇ ਸੁਭਾਅ ਮੁਤਾਬਿਕ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ‘ਅਸਲ ਤ੍ਰਿਣਮੂਲ ਕਿਹੜੀ ਹੈ’, ਬਾਰੇ ਲੜਾਈ ਲੜੇ ਬਗ਼ੈਰ ਹਾਰ ਮੰਨ ਲਵੇਗੀ। ਉਂਜ, ਅਜਿਹੇ ਹਾਲਾਤ ਵਿੱਚ ਚੋਣਾਂ ਵਿੱਚ ਹੋਈ ਹਾਰ ’ਤੇ ਆਤਮ-ਮੰਥਨ ਦੀ ਕੋਈ ਸੰਭਾਵਨਾ ਨਹੀਂ ਰਹਿ ਜਾਂਦੀ। ਜਦੋਂ ਸਿਆਸੀ ਹੋਂਦ ਦਾਅ ’ਤੇ ਲੱਗੀ ਹੋਵੇ ਤਾਂ ਮਮਤਾ ਬੈਨਰਜੀ ਦੇ ਰਾਜ ਕਰਨ ਦੇ ਤੌਰ-ਤਰੀਕਿਆਂ ਜਾਂ ਉਸ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਅੜੀਅਲ ਵਤੀਰੇ ਅਤੇ ਉਸ ਨੂੰ ਦਿੱਤੀ ਗਈ ਅਹਿਮੀਅਤ ਦੀਆਂ ਆਲੋਚਨਾਵਾਂ ਦਾ ਨਿਰਪੱਖ ਮੁਲਾਂਕਣ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਜਾਪਦੀ ਹੈ। ਇਹ ਵਿਵਾਦ ਮਮਤਾ ਲਈ ਸ਼ੁਭ ਸੰਕੇਤ ਨਹੀਂ ਜਾਪਦਾ। ਭਾਰਤੀ ਸਿਆਸਤ ਦੀ ਰਵਾਇਤ ਅਨੁਸਾਰ ਟੀ ਐੱਮ ਸੀ ਦੀ ਵੁੱਕਤ ਘਟਣ ਦੇ ਨਾਲ ਹੀ ਦਲਬਦਲੀ ਦਾ ਦੌਰ ਸ਼ੁਰੂ ਹੋ ਗਿਆ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਵਫ਼ਾਦਾਰੀਆਂ ਤਾਂ ਬਦਲਦੀਆਂ ਰਹਿੰਦੀਆਂ ਹਨ ਜਦੋਂਕਿ ਸੱਤਾ ਸਰਬਉੱਚ ਹੁੰਦੀ ਹੈ। ਅਸਲੀ ਫ਼ਿਕਰਮੰਦੀ ਵਾਲੀ ਗੱਲ ਇਹ ਹੈ ਕਿ ਵਿਰੋਧੀ ਧਿਰ ਆਪਣੀ ਮੁੱਢਲੀ ਜ਼ਿੰਮੇਵਾਰੀ ਭੁੱਲ ਕੇ ਸ਼ੁਵੇਂਦੂ ਅਧਿਕਾਰੀ ਦੀ ਸਰਕਾਰ ਦਾ ਸਾਥ ਦੇਣ ਦੇ ਰਾਹ ਤੁਰ ਪਈ ਹੈ।
