DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ੍ਹ ਦੀ ਵਿਰਾਸਤ

ਫਰਾਂਸ ਵਿੱਚ ਭਾਰਤੀ ਸਫ਼ੀਰਾਂ ਦੀ ਸਹੀ ਸਮੇਂ ’ਤੇ ਦਖ਼ਲਅੰਦਾਜ਼ੀ ਸਦਕਾ ਪੈਰਿਸ ਵਿੱਚ ਹੋਣ ਵਾਲੀ ਇੱਕ ਨਿਲਾਮੀ ਵਿੱਚੋਂ ਦੋ ਕੁਰਸੀਆਂ ਦਾ ਹਟਾਇਆ ਜਾਣਾ ਇੱਕ ਚੰਗੀ ਸ਼ੁਰੂਆਤ ਹੈ। ਇਸ ਕਾਰਵਾਈ ਨੇ ਚੰਡੀਗੜ੍ਹ ਦੀ ਆਧੁਨਿਕ ਵਿਰਾਸਤ ਨੂੰ ਸਾਂਭਣ ਲਈ ਸਰਗਰਮ ਰਣਨੀਤੀ ਦੀ ਨਵੀਂ...

  • fb
  • twitter
  • whatsapp
  • whatsapp
Advertisement
ਫਰਾਂਸ ਵਿੱਚ ਭਾਰਤੀ ਸਫ਼ੀਰਾਂ ਦੀ ਸਹੀ ਸਮੇਂ ’ਤੇ ਦਖ਼ਲਅੰਦਾਜ਼ੀ ਸਦਕਾ ਪੈਰਿਸ ਵਿੱਚ ਹੋਣ ਵਾਲੀ ਇੱਕ ਨਿਲਾਮੀ ਵਿੱਚੋਂ ਦੋ ਕੁਰਸੀਆਂ ਦਾ ਹਟਾਇਆ ਜਾਣਾ ਇੱਕ ਚੰਗੀ ਸ਼ੁਰੂਆਤ ਹੈ। ਇਸ ਕਾਰਵਾਈ ਨੇ ਚੰਡੀਗੜ੍ਹ ਦੀ ਆਧੁਨਿਕ ਵਿਰਾਸਤ ਨੂੰ ਸਾਂਭਣ ਲਈ ਸਰਗਰਮ ਰਣਨੀਤੀ ਦੀ ਨਵੀਂ ਰਾਹ ਦਿਖਾਈ ਹੈ। ਪੀਅਰੇ ਜੈਨਰੇ ਵੱਲੋਂ ਡਿਜ਼ਾਈਨ ਕੀਤੀਆਂ ਸਾਗਵਾਨ ਅਤੇ ਬੈਂਤ ਦੀਆਂ ਇਹ ਆਰਾਮ ਕੁਰਸੀਆਂ ਪੰਜਾਬ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਅਤੇ ਪੀ ਜੀ ਆਈ ਨਾਲ ਸਬੰਧਿਤ ਹਨ, ਜਿਸ ਦਾ ਪਤਾ ਇਨ੍ਹਾਂ ਉੱਤੇ ਲੱਗੇ ਇਨਵੈਂਟਰੀ ਨੰਬਰਾਂ ਤੋਂ ਲੱਗਦਾ ਹੈ। ਆਪਣੀ ਸਾਦਗੀ ਅਤੇ ਖ਼ੂਬਸੂਰਤੀ ਲਈ ਦੁਨੀਆ ਭਰ ਵਿੱਚ ਮਕਬੂਲ ਇਹ ਕੁਰਸੀਆਂ ਯੂਰੋਪ ਅਤੇ ਅਮਰੀਕਾ ਦੇ ਨਿਲਾਮੀ ਘਰਾਂ ਵਿੱਚ ਮੂੰਹ-ਮੰਗੀਆਂ ਕੀਮਤਾਂ ’ਤੇ ਵਿਕਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਕੀਮਤੀ ਚੀਜ਼ਾਂ ਦੀ ਚੋਰੀ, ਗ਼ੈਰ-ਕਾਨੂੰਨੀ ਤਸਕਰੀ ਅਤੇ ਵਿਦੇਸ਼ਾਂ ਵਿੱਚ ਵੇਚਣ ਦਾ ਸਿਲਸਿਲਾ ਬਿਨਾਂ ਕਿਸੇ ਰੋਕ-ਟੋਕ ਦੇ ਚੱਲ ਰਿਹਾ ਹੈ। ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿਖਾਈ ਗਈ ਫੁਰਤੀ ਤੋਂ ਇਹ ਆਸ ਬੱਝਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਵਿਰਾਸਤੀ ਸਾਮਾਨ ਦੀ ਵਾਪਸੀ ਅਤੇ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਲਈ ਹੋਰ ਵੀ ਠੋਸ ਕਦਮ ਚੁੱਕੇ ਜਾਣਗੇ।ਇਹ ਸਵਾਲ ਵਾਰ-ਵਾਰ ਉੱਠਦੇ ਰਹੇ ਹਨ ਕਿ ਅਜਿਹੀਆਂ ਵਿਰਾਸਤੀ ਚੀਜ਼ਾਂ ਦੇਸ਼ ਵਿੱਚੋਂ ਬਾਹਰ ਕਿਵੇਂ ਚਲੀਆਂ ਜਾਂਦੀਆਂ ਹਨ ਅਤੇ ਕੀ ਇਨ੍ਹਾਂ ਨੂੰ ਬਾਹਰ ਭੇਜਣ ਵੇਲੇ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ ਜਾਂ ਨਹੀਂ? ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਡੇ ਅੰਦਰ ਆਪਣੀ ਸੱਭਿਆਚਾਰਕ ਅਤੇ ਇਮਾਰਤਸਾਜ਼ੀ ਦੀ ਵਿਰਾਸਤ ਪ੍ਰਤੀ ਕਦਰਦਾਨੀ ਦੀ ਘਾਟ ਹੈ ਅਤੇ ਇਸ ਅਨਮੋਲ ਸਰਮਾਏ ਨੂੰ ਸਾਂਭਣ ਵਿੱਚ ਵੱਡੀ ਲਾਪਰਵਾਹੀ ਵਰਤੀ ਗਈ ਹੈ। ਚੰਡੀਗੜ੍ਹ ਦੇ ਸਰਕਾਰੀ ਅਦਾਰੇ ਇਨ੍ਹਾਂ ਦੋਵਾਂ ਗੱਲਾਂ ਲਈ ਸਿੱਧੇ ਤੌਰ ’ਤੇ ਜਵਾਬਦੇਹ ਹਨ। ਆਮ ਜਨਤਾ ਨੇ ਵੀ ਇਸ ਪਾਸੇ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾਈ। ਪ੍ਰਸ਼ਾਸਨ ਦੀ ਇਹੀ ਬੇਰੁਖ਼ੀ ਸ਼ਹਿਰ ਦੇ ਉਨ੍ਹਾਂ ਮੁੱਖ ਸਥਾਨਾਂ (ਜਿਵੇਂ ਕਲਾ ਭਵਨ ਜਾਂ ਹੋਰ ਥਾਵਾਂ) ਦੀ ਹਾਲਤ ਤੋਂ ਵੀ ਸਾਫ਼ ਨਜ਼ਰ ਆਉਂਦੀ ਹੈ, ਜੋ ਕਲਾ ਨੂੰ ਪ੍ਰਫੁੱਲਤ ਕਰਨ ਲਈ ਬਣਾਏ ਗਏ ਸਨ। ਹੁਣ ਚੰਡੀਗੜ੍ਹ ਨੂੰ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਅਤੇ ਹੁਣ ਤੱਕ ਅਣਗੌਲੀ ਰਹੀ ਇਸ ਬੇਸ਼ਕੀਮਤੀ ਵਿਰਾਸਤ ਨੂੰ ਵਾਪਸ ਲਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਦੁੱਗਣੀਆਂ ਕਰ ਦੇਣੀਆਂ ਚਾਹੀਦੀਆਂ ਹਨ।

ਜਿਹੜਾ ਸ਼ਹਿਰ ਨੇਕ ਚੰਦ ਦੀ ਅਦਭੁੱਤ ਮਨਮੋਹਕ ਕਲਾ ਲਈ ਜਾਣਿਆ ਜਾਂਦਾ ਹੋਵੇ, ਉੱਥੇ ਵਿਰਾਸਤ ਦੀ ਸੰਭਾਲ ਵੱਲ ਧਿਆਨ ਨਾ ਦੇਣਾ ਹੈਰਾਨੀਜਨਕ ਹੈ। ਪੈਰਿਸ ਤੋਂ ਮਿਲੀ ਰਾਹਤ ਨੇ ਸਾਨੂੰ ਸੰਭਲਣ ਦਾ ਇੱਕ ਹੋਰ ਮੌਕਾ ਦਿੱਤਾ ਹੈ। ਜੇਕਰ ਇਸ ਖ਼ਜ਼ਾਨੇ ਨੂੰ ਸਾਂਭਣ ਦਾ ਜਜ਼ਬਾ ਹੀ ਨਹੀਂ ਹੈ ਤਾਂ ਫੰਡਾਂ ਦੀ ਕਮੀ ਦਾ ਬਹਾਨਾ ਮਹਿਜ਼ ਨਾਕਾਮੀ ਲੁਕਾਉਣਾ ਹੈ। ਦੇਖਣ ਨੂੰ ਆਮ ਪਰ ਅਸਲ ਵਿੱਚ ਬੇਹੱਦ ਖ਼ਾਸ, ਇਸ ਸਰਮਾਏ ਨੂੰ ਬਚਾਉਣ ਲਈ ਜੇਕਰ ਸਰਕਾਰੀ-ਨਿੱਜੀ ਭਾਈਵਾਲੀ ਦੀ ਲੋੜ ਹੈ ਤਾਂ ਪ੍ਰਸ਼ਾਸਨ ਨੂੰ ਹਿਚਕਿਚਾਉਣਾ ਨਹੀਂ ਚਾਹੀਦਾ। ਚੰਡੀਗੜ੍ਹ ਦੀ ਨੁਹਾਰ ਘੜਨ ਵਾਲੇ ਦੂਰਅੰਦੇਸ਼ਾਂ ਦੀ ਸੋਚ ਨੂੰ ਸਲਾਮ ਕਰਨ ਲਈ ਅੱਜ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨਾ ਪਵੇਗਾ।

Advertisement

Advertisement

Advertisement
×