ਅਕਾਲੀ ਦਲ ਸਾਹਮਣੇ ਚੁਣੌਤੀ

ਅਕਾਲੀ ਦਲ ਸਾਹਮਣੇ ਚੁਣੌਤੀ

ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਭਰੋਸੇਯੋਗਤਾ ਬਹਾਲ ਕਰਨ ਦੀ ਚੁਣੌਤੀ ਨਾਲ ਜੂਝ ਰਹੀ ਹੈ। ਪਾਰਟੀ ਦੇ ਆਗੂਆਂ ਵੱਲੋਂ ਕਈ ਬੁਨਿਆਦੀ ਸਵਾਲ ਉਠਾਏ ਜਾ ਰਹੇ ਹਨ ਜਿਨ੍ਹਾਂ ਦਾ ਜਵਾਬ ਦੇਣਾ ਆਸਾਨ ਨਹੀਂ ਜਾਪਦਾ। ਲਗਾਤਾਰ ਦੋ ਵਿਧਾਨ ਸਭਾ ਚੋਣਾਂ ਹਾਰਨ ਅਤੇ ਤਿੰਨ ਵਿਧਾਇਕਾਂ ਤੱਕ ਸੀਮਤ ਰਹਿ ਜਾਣ ਦੇ ਕਾਰਨਾਂ ਦੀ ਤਲਾਸ਼ ਕਰਨ ਲਈ ਅਕਾਲੀ ਦਲ ਨੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਤੇਰਾਂ ਮੈਂਬਰਾਂ ਦੀ ਕਮੇਟੀ ਬਣਾਈ ਸੀ। ਕਮੇਟੀ ਨੇ ਸੌ ਤੋਂ ਵੱਧ ਹਲਕਿਆਂ ਵਿਚ ਜਾ ਕੇ ਹੇਠਲੇ ਪੱਧਰ ਦੇ ਕਾਰਕੁਨਾਂ ਦੀ ਰਾਇ ਲੈਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਹੈ। ਸੰਭਾਵਨਾ ਇਹ ਹੈ ਕਿ ਇਸ ਰਿਪੋਰਟ ਉੱਤੇ ਵਿਚਾਰ-ਵਟਾਂਦਰਾ ਸੰਗਰੂਰ ਹਲਕੇ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਬਾਅਦ ਹੋਵੇਗਾ। ਹੇਠਲੇ ਪੱਧਰ ਦੇ ਕਾਰਕੁਨਾਂ ਨੇ ਬੇਅਦਬੀ ਦੇ ਕੇਸਾਂ ਵਿਚ ਪਾਰਟੀ ਦੀ ਸਰਕਾਰ ਦੀ ਨਾਕਾਮਯਾਬੀ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ, ਵਿਵਾਦਤ ਪੁਲੀਸ ਅਧਿਕਾਰੀ ਨੂੰ ਡੀਜੀਪੀ ਲਗਾਉਣ ਸਮੇਤ ਅਨੇਕਾਂ ਗੱਲਾਂ ਖੁੱਲ੍ਹ ਕੇ ਕੀਤੀਆਂ ਹਨ।

ਕੁਰਬਾਨੀਆਂ ਦੇ ਇਤਿਹਾਸ ਵਾਲੀ ਇਸ ਪਾਰਟੀ ਦਾ ਪੁਰਾਣਾ ਸਨਮਾਨ ਬਹਾਲ ਕਰਵਾਉਣ ਲਈ ਲੀਡਰਸ਼ਿਪ ਵਿਚ ਤਬਦੀਲੀ ਦੀ ਗੱਲ ਕੀਤੀ ਜਾ ਰਹੀ ਹੈ। ਪਰਿਵਾਰਵਾਦ ਦਾ ਮੁੱਦਾ ਅਕਾਲੀ ਦਲ ਦੀ ਬੁਨਿਆਦੀ ਸਮਝ ਅਤੇ ਇਸ ਨਾਲ ਜੁੜੀਆਂ ਪੰਥਕ ਜਥੇਬੰਦੀਆਂ ਦੀ ਆਜ਼ਾਦਾਨਾ ਹਸਤੀ ਦੇ ਰਾਹ ਦੇ ਰੋੜੇ ਵਜੋਂ ਦੇਖਿਆ ਜਾਂਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰਾਂ ਵਿਚ ਕਈ ਲੜਾਈਆਂ ਲੜੀਆਂ ਹਨ। ਖੇਤਰੀ ਪਾਰਟੀ ਹੋਣ ਦੇ ਬਾਵਜੂਦ ਪਾਰਟੀ ਨੇ ਦੇਸ਼ ਵਿਚ ਲੱਗੀ ਐਮਰਜੈਂਸੀ ਖ਼ਿਲਾਫ਼ ਮੋਰਚਾ ਲਗਾਇਆ। ਅਕਾਲੀ ਦਲ ਦੇ ਪ੍ਰਧਾਨ, ਮੁੱਖ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਰਗੀਆਂ ਉੱਚ ਪਦਵੀਆਂ ਉੱਤੇ ਕੱਦਾਵਰ ਵਿਅਕਤੀਆਂ ਦੇ ਹੋਣ ਕਾਰਨ ਤਾਕਤ ਦਾ ਸਮਤੋਲ ਬਰਕਰਾਰ ਰਹਿੰਦਾ ਸੀ। ਪਾਰਟੀ ਦਾ ਵੋਟ ਬੈਂਕ ਪੰਥ ਅਤੇ ਕਿਸਾਨੀ ’ਤੇ ਆਧਾਰਿਤ ਹੈ। ਅਕਾਲੀ ਦਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਪਾਰਟੀ ਇਨ੍ਹਾਂ ਦੋਹਾਂ ਧੁਰਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਇਸ ਦੇ ਉਮੀਦਵਾਰਾਂ ਨੇ ਬੇਹੱਦ ਮਿਹਨਤ ਕੀਤੀ। ਕਾਫ਼ੀ ਸਮਾਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਪਾਰਟੀ ਸੀਟਾਂ ਜਿੱਤਣ ਦੇ ਟੀਚੇ ਤੋਂ ਬੇਹੱਦ ਪਿਛੜ ਗਈ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਚੋਣ ਹਾਰ ਗਏ। ਹਾਲਾਤ ਮੰਗ ਕਰਦੇ ਹਨ ਕਿ ਪਾਰਟੀ ਵਿਚ ਸਿਆਸੀ ਨਿਸ਼ਾਨੇ ਦੀ ਸਪੱਸ਼ਟਤਾ ਆਏ ਅਤੇ ਅੰਦਰੂਨੀ ਜਮਹੂਰੀਅਤ ਦੀ ਬਹਾਲੀ ਹੋਵੇ। ਜੇਕਰ ਅਕਾਲੀ ਦਲ ਦੀ ਲੀਡਰਸ਼ਿਪ ਤਬਦੀਲੀ ਕਰਨ ਤੋਂ ਖੁੰਝ ਗਈ ਤਾਂ ਪੰਜਾਬ ਵਿਚ ਇਕ ਸਿਆਸੀ ਖਲਾਅ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ; ਪੰਜਾਬ ਨੂੰ ਪੁਰਾਣੇ ਅਕਾਲੀ ਦਲ ਦੀ ਤਰਜ਼ ਵਾਲੀ ਮਜ਼ਬੂਤ ਖੇਤਰੀ ਸਿਆਸੀ ਪਾਰਟੀ ਦੀ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All