ਜੰਗਬੰਦੀ ਸਵਾਗਤਯੋਗ
ਅਮਰੀਕਾ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਲਈ ਜੰਗਬੰਦੀ ਦਾ ਐਲਾਨ ਇੱਕ ਅਜਿਹੀ ਜੰਗ ’ਚ ਸਵਾਗਤਯੋਗ ਠਹਿਰਾਅ ਦੀ ਪੇਸ਼ਕਸ਼ ਹੈ, ਜਿਸ ਨੇ ਪੱਛਮੀ ਏਸ਼ੀਆ ਦਾ ਰਣਨੀਤਕ ਮੁਹਾਂਦਰਾ ਬਦਲ ਦਿੱਤਾ ਹੈ। ਇੱਕ ਮਹੀਨੇ ਤੋਂ ਵੱਧ ਸਮਾਂ ਚੱਲੇ ਭਿਆਨਕ ਹਮਲਿਆਂ, ਹੋਰਮੁਜ਼ ਜਲਮਾਰਗ ਦੀ...
ਅਮਰੀਕਾ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਲਈ ਜੰਗਬੰਦੀ ਦਾ ਐਲਾਨ ਇੱਕ ਅਜਿਹੀ ਜੰਗ ’ਚ ਸਵਾਗਤਯੋਗ ਠਹਿਰਾਅ ਦੀ ਪੇਸ਼ਕਸ਼ ਹੈ, ਜਿਸ ਨੇ ਪੱਛਮੀ ਏਸ਼ੀਆ ਦਾ ਰਣਨੀਤਕ ਮੁਹਾਂਦਰਾ ਬਦਲ ਦਿੱਤਾ ਹੈ। ਇੱਕ ਮਹੀਨੇ ਤੋਂ ਵੱਧ ਸਮਾਂ ਚੱਲੇ ਭਿਆਨਕ ਹਮਲਿਆਂ, ਹੋਰਮੁਜ਼ ਜਲਮਾਰਗ ਦੀ ਪ੍ਰਭਾਵਸ਼ਾਲੀ ਨਾਕਾਬੰਦੀ ਅਤੇ ਸੱਭਿਅਤਾ ਤਬਾਹ ਹੋਣ ਦੇ ਖ਼ਤਰਿਆਂ ਦਰਮਿਆਨ ਇਹ ਅਸਥਾਈ ਰੋਕ ਨਾਗਰਿਕਾਂ, ਆਲਮੀ ਬਾਜ਼ਾਰਾਂ ਅਤੇ ਊਰਜਾ-ਨਿਰਭਰ ਅਰਥਵਿਵਸਥਾਵਾਂ ਲਈ ਰਾਹਤ ਦੀ ਖ਼ਬਰ ਹੈ। ਹਾਲਾਂਕਿ ਇਸ ਨਾਜ਼ੁਕ ਸ਼ਾਂਤੀ ਦੀ ਅਸਲੀਅਤ ਪ੍ਰੇਸ਼ਾਨ ਕਰਨ ਵਾਲੀ ਹੈ ਕਿਉਂਕਿ ਉਨ੍ਹਾਂ ਮੂਲ ਮਸਲਿਆਂ ਨਾਲ ਨਜਿੱਠਿਆ ਨਹੀਂ ਗਿਆ, ਜਿਨ੍ਹਾਂ ਕਾਰਨ ਇਹ ਜੰਗ ਲੱਗੀ ਸੀ। ਸਮਝੌਤੇ ਤਹਿਤ ਇਨ੍ਹਾਂ 15 ਦਿਨਾਂ ਵਿੱਚ ਸਮੁੰਦਰੀ ਲਾਂਘੇ ਹੋਰਮੁਜ਼ ਉੱਤੇ ਇਰਾਨ ਦਾ ਕੰਟਰੋਲ ਰਹੇਗਾ ਅਤੇ ਇਰਾਨ ਤੇ ਓਮਾਨ ਲੰਘਣ ਵਾਲੇ ਜਹਾਜ਼ਾਂ ਤੋਂ ਟੌਲ ਵਸੂਲਣਗੇ। ਨਾਲ ਦੀ ਨਾਲ ਸਮਝੌਤੇ ਦੇ ਮਸੌਦੇ ਉੱਤੇ ਵਿਚਾਰ ਚੱਲੇਗੀ। ਭਾਵੇਂ ਇਜ਼ਰਾਈਲ ਸਾਰਾ ਜ਼ੋਰ ਲਾਵੇਗਾ ਕਿ ਗੋਲੀਬੰਦੀ ਜਾਂ ਸਮਝੌਤਾ ਸਿਰੇ ਨਾ ਚੜ੍ਹੇ ਪਰ ਲੱਗਦਾ ਹੈ ਕਿ ਅਮਰੀਕਾ ਇਸ ਲੜਾਈ ਵਿੱਚੋਂ ਕਿਸੇ ਤਰ੍ਹਾਂ ਬਚ ਨਿਕਲਣ ਦਾ ਵਤੀਰਾ ਹੀ ਅਪਣਾਏਗਾ।
ਵਾਸ਼ਿੰਗਟਨ ਅਤੇ ਤਹਿਰਾਨ ਦੋਵਾਂ ਨੇ ਜਿੱਤ ਦਾ ਦਾਅਵਾ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਇਸ ਜੰਗਬੰਦੀ ਨੂੰ ਅਮਰੀਕੀ ਫ਼ੌਜ ਦੇ ਦਬਦਬੇ ਅਤੇ ਇਰਾਨ ਦੇ ਪ੍ਰਮਾਣੂ ਸ਼ਕਤੀ ਨੂੰ ਤਬਾਹ ਕਰਨ ਵਜੋਂ ਪੇਸ਼ ਕਰ ਰਹੇ ਹਨ। ਦੂਜੇ ਪਾਸੇ ਇਰਾਨ ਨੇ ਇਸ ਨੂੰ ਰਣਨੀਤਕ ਜਿੱਤ ਵਜੋਂ ਪੇਸ਼ ਕੀਤਾ ਹੈ ਕਿਉਂਕਿ ਉਸ ਨੇ ਅਮਰੀਕੀ-ਇਜ਼ਰਾਈਲੀ ਫ਼ੌਜਾਂ ਦੇ ਹਮਲੇ ਦਾ ਟਾਕਰਾ ਕੀਤਾ ਹੈ ਅਤੇ ਤੇਲ ਦੀ ਆਲਮੀ ਸਪਲਾਈ ’ਤੇ ਆਪਣਾ ਪ੍ਰਭਾਵ ਦਿਖਾਇਆ ਹੈ।
ਅਜਿਹੇ ਆਪਾ-ਵਿਰੋਧੀ ਰਵੱਈਏ ਕਾਰਨ ਸਥਾਈ ਸ਼ਾਂਤੀ ਦੀ ਦਿਸ਼ਾ ਵਿੱਚ ਅੱਗੇ ਨਹੀਂ ਵਧਿਆ ਜਾ ਸਕਦਾ। ਇਸ ਜੰਗ ਦਾ ਇਰਾਨ ਦੀਆਂ ਸਰਹੱਦਾਂ ਤੋਂ ਪਾਰ ਤੱਕ ਜਾਣਾ ਵੀ ਚਿੰਤਾਜਨਕ ਹੈ। ਇਜ਼ਰਾਈਲ ਨੇ ਲੈਬਨਾਨ ’ਤੇ ਆਪਣਾ ਹਮਲਾ ਤੇਜ਼ ਕਰ ਦਿੱਤਾ ਹੈ, ਜਿਸ ਨੇ ਹਿਜ਼ਬੁੱਲ੍ਹਾ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਬੈਰੂਤ ਵਿੱਚ ਭਾਰੀ ਜਾਨੀ ਨੁਕਸਾਨ ਹੋਇਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਮੋਰਚਾ ਹਾਲੇ ਵੀ ਸਰਗਰਮ ਹੈ, ਜਿਸ ਨਾਲ ਜੰਗਬੰਦੀ ਦੀ ਤੈਅ ਸੀਮਾ ਉਜਾਗਰ ਹੁੰਦੀ ਹੈ। ਸਮਾਨਾਂਤਰ ਯੁੱਧ ਖੇਤਰ ਨੂੰ ਸ਼ਰਤਾਂ ਵਿੱਚ ਸ਼ਾਮਲ ਨਾ ਕਰਨ ਨਾਲ ਇਹ ਜੰਗਬੰਦੀ ਅਸਥਾਈ ਜਾਪਦੀ ਹੈ। ਪਾਕਿਸਤਾਨ ਦੇ ਮੁੱਖ ਸਾਲਸ ਵਜੋਂ ਸਾਹਮਣੇ ਆਉਣ ਦੇ ਬਾਵਜੂਦ ਜੰਗਬੰਦੀ ਦੀਆਂ ਸ਼ਰਤਾਂ ਬਾਰੇ ਪਰਸਪਰ ਵਿਰੋਧੀ ਧਾਰਨਾਵਾਂ, ਜੋ ਖ਼ਾਸਕਰ ਯੂਰੇਨੀਅਮ ਸੋਧ ਅਤੇ ਹੋਰਮੁਜ਼ ਜਲਮਾਰਗ ਦੇ ਕੰਟਰੋਲ ਸਬੰਧੀ ਹਨ, ਸਾਂਝੀ ਢਾਂਚਗਤ ਅਣਹੋਂਦ ਨੂੰ ਉਜਾਗਰ ਕਰਦੀਆਂ ਹਨ। ਸਪੱਸ਼ਟਤਾ ਦੀ ਘਾਟ ਕਾਰਨ ਛੋਟੀਆਂ-ਛੋਟੀਆਂ ਉਲੰਘਣਾਵਾਂ ਸਮਝੌਤੇ ਨੂੰ ਤੋੜ ਸਕਦੀਆਂ ਹਨ।
ਅੰਤ ਵਿੱਚ ਇਹ ਜੰਗਬੰਦੀ ਕੂਟਨੀਤਕ ਸਲਫ਼ਤਾ ਦੀ ਬਜਾਏ ਇਰਾਦੇ ਦੀ ਪ੍ਰੀਖਿਆ ਹੈ। ਇਹ ਗੱਲਬਾਤ ਇੱਕ ਸੀਮਤ ਮੌਕਾ ਪ੍ਰਦਾਨ ਕਰਦੀ ਹੈ ਅਤੇ ਨਾਲ ਹੀ ਇਹ ਵੀ ਸਪੱਸ਼ਟ ਕਰਦੀ ਹੈ ਕਿ ਉਪਲਬਧੀਆਂ ਕਿੰਨੀ ਛੇਤੀ ਗੁਆਈਆਂ ਜਾ ਸਕਦੀਆਂ ਹਨ। ਜੇਕਰ ਇਸਲਾਮਾਬਾਦ ਵਿੱਚ ਤਜਵੀਜ਼ਤ ਵਾਰਤਾ ਮਤਭੇਦ ਦੂਰ ਕਰਨ ਵਿੱਚ ਸਫ਼ਲ ਰਹਿੰਦੀ ਹੈ ਤਾਂ ਇਹ ਖਿੱਤਾ ਜਲਦ ਹੀ ਭਿਆਨਕ ਯੁੱਧ ਦੀ ਮਾਰ ਤੋਂ ਬਚ ਸਕਦਾ ਹੈ।

