ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਵਿੱਚ ਮਾਰਚ ’ਚ ਇੱਕ ਕਰਨਲ ਅਤੇ ਉਸ ਦੇ ਪੁੱਤਰ ’ਤੇ ਪੁਲੀਸ ਕਰਮਚਾਰੀਆਂ ਵੱਲੋਂ ਕੀਤੇ ਗਏ ਕਥਿਤ ਹਮਲੇ ਦੀ ਜਾਂਚ ਪੰਜ ਮਹੀਨੇ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਸੀ। ਹੁਣ ਕੇਂਦਰੀ ਜਾਂਚ...
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਵਿੱਚ ਮਾਰਚ ’ਚ ਇੱਕ ਕਰਨਲ ਅਤੇ ਉਸ ਦੇ ਪੁੱਤਰ ’ਤੇ ਪੁਲੀਸ ਕਰਮਚਾਰੀਆਂ ਵੱਲੋਂ ਕੀਤੇ ਗਏ ਕਥਿਤ ਹਮਲੇ ਦੀ ਜਾਂਚ ਪੰਜ ਮਹੀਨੇ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਸੀ। ਹੁਣ ਕੇਂਦਰੀ ਜਾਂਚ ਬਿਊਰੋ ਨੇ ਪੰਜਾਬ ਦੇ ਚਾਰ ਪੁਲੀਸ ਅਧਿਕਾਰੀਆਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਹੈ। ਉਨ੍ਹਾਂ ’ਤੇ ਗੰਭੀਰ ਸੱਟਾਂ ਮਾਰਨ ਅਤੇ ਨਾਜਾਇਜ਼ ਢੰਗ ਨਾਲ ਰੋਕਣ ਦੇ ਦੋਸ਼ ਲਗਾਏ ਗਏ ਹਨ। ਕਾਨੂੰਨ ਆਪਣਾ ਕੰਮ ਕਰੇਗਾ, ਪਰ ਇਹ ਮਾਮਲਾ ਪੁਲੀਸ ਵੱਲੋਂ ਅਪਣਾਏ ਜਾਂਦੇ ਢੰਗ ਤਰੀਕਿਆਂ, ਵਰਦੀਧਾਰੀ ਵਿਅਕਤੀਆਂ ਵੱਲੋਂ ਅਕਸਰ ਬਿਨਾਂ ਗੱਲੋਂ ਦਬਕਾਉਣ ਅਤੇ ਪੁਲੀਸ ਤੰਤਰ ’ਤੇ ਲੋਕਾਂ ਦੀ ਦਿਨੋ-ਦਿਨ ਵਧ ਰਹੀ ਬੇਭਰੋਸਗੀ ਬਾਰੇ ਗੰਭੀਰ ਸਵਾਲ ਉਠਾਉਂਦਾ ਹੈ। ਇਹ ਪੁਲੀਸ ਨੂੰ ਵੱਖ-ਵੱਖ ਪੱਧਰਾਂ ’ਤੇ ਨਾਗਰਿਕਾਂ ਨਾਲ ਦੁਬਾਰਾ ਜੁੜਨ ਅਤੇ ਵਰਤੋਂ ਵਿਹਾਰ ਤੇ ਕੰਮ ਦੇ ਵਧੇਰੇ ਢੁਕਵੇਂ ਤਰੀਕਿਆਂ ਨੂੰ ਲਾਗੂ ਕਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਭਾਰਤੀ ਫ਼ੌਜ ਦੇ ਇੱਕ ਸੇਵਾਮੁਕਤ ਜਨਰਲ ਨੇ ਹਾਲ ਹੀ ਵਿੱਚ ਪੁਲੀਸ ਦੇ ਐਸਕਾਰਟ ਵਾਹਨਾਂ ’ਚ ਸਵਾਰ ਕਰਮਚਾਰੀਆਂ ਦੇ ਦਬਕਾਉਣ ਵਾਲੇ ਹਮਲਾਵਰ ਰੁਖ਼ ਵਿਰੁੱਧ ਆਵਾਜ਼ ਉਠਾਈ ਹੈ। ਪੁਲੀਸ ਐਸਕਾਰਟ ਵਾਹਨਾਂ ’ਚ ਸਵਾਰ ਪੁਲੀਸ ਕਰਮਚਾਰੀਆਂ ਦੇ ਇਸ ਵਤੀਰੇ ਖ਼ਿਲਾਫ਼ ਸੇਵਾਮੁਕਤ ਜਨਰਲ ਨੇ ਐਕਸ ’ਤੇ ਪਾਈ ਪੋਸਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਨੂੰ ਟੈਗ ਕੀਤਾ ਸੀ। ਪੰਜਾਬ ਦੇ ਡੀ ਜੀ ਪੀ ਨੇ ਪੁਲੀਸ ਮੁਲਾਜ਼ਮਾਂ ਦੇ ਇਸ ਵਤੀਰੇ ਨੂੰ ‘ਨਾ ਸਵੀਕਾਰਨ ਯੋਗ’ ਆਖਿਆ ਅਤੇ ਕਾਰਵਾਈ ਵੀ ਕੀਤੀ। ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਹਾਲਾਤ ਨਹੀਂ ਬਦਲ ਸਕੇ। ਇਹ ਵਰਤਾਰਾ ਪੰਜਾਬ ਤੱਕ ਸੀਮਤ ਨਹੀਂ ਹੈ।
ਚੰਡੀਗੜ੍ਹ ਇੱਕ ਅਪਵਾਦ ਹੈ, ਜਿੱਥੇ ਇੱਕ ਨਾਗਰਿਕ ਦਾ ਸੜਕ ’ਤੇ ਕਦਮ ਰੱਖਦਿਆਂ ਹੀ ਪੁਲੀਸ ਦੁਆਰਾ ਚਲਾਏ ਜਾ ਰਹੇ ਸੁਚੱਜੇ ਪ੍ਰਸ਼ਾਸਕੀ ਢਾਂਚੇ ਨਾਲ ਸਿੱਧਾ ਵਾਹ ਪੈਂਦਾ ਹੈ। ਇਹ ਇੱਕ ਸਹਿਯੋਗੀ ਪ੍ਰਣਾਲੀ ਹੈ, ਜਿਸ ਵਿੱਚ ਅਨੁਸ਼ਾਸਨ ਦੀ ਉਮੀਦ ਕੀਤੀ ਜਾਂਦੀ ਹੈ ਤੇ ਲੋੜੀਂਦੇ ਸਾਧਨ ਪ੍ਰਦਾਨ ਕੀਤੇ ਜਾਂਦੇ ਹਨ। ਇਸ ਕਾਰਨ ਨਿਯਮਾਂ ਦੀ ਉਲੰਘਣਾ ਦੀ ਬਹੁਤੀ ਗੁੰਜਾਇਸ਼ ਨਹੀਂ ਬਚਦੀ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਮਾਡਲ ਦੀਆਂ ਜ਼ਰਾ ਜਿੰਨੀਆਂ ਵੀ ਖ਼ੂਬੀਆਂ ਇਸ ਖੇਤਰ ਵਿੱਚ ਕਿਤੇ ਹੋਰ ਅਪਣਾਈਆਂ ਨਹੀਂ ਜਾ ਸਕੀਆਂ। ਇਸ ਜ਼ਿੰਮੇਵਾਰੀ ਨੂੰ ਪ੍ਰਣਾਏ ਹੋਏ ਸਿਆਸਤਦਾਨ ਅਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਯੂ ਟੀ ਚੰਡੀਗੜ੍ਹ ਵਿੱਚ ਆਪਣੀ ਰਿਹਾਇਸ਼ ਅਤੇ ਕੰਮ ਦੌਰਾਨ ਇਸ ਦਾ ਮੁੱਢਲਾ ਅਨੁਭਵ ਨਹੀਂ ਕਰਦੇ।
ਵੀ ਆਈ ਪੀਜ਼ ਦੇ ਦੌਰਿਆਂ ਦੌਰਾਨ ਟ੍ਰੈਫਿਕ ਦਾ ਪ੍ਰਬੰਧਨ ਕਰਨਾ ਇਸ ਗੱਲ ਦੀ ਸੱਚੀ ਪਰਖ ਹੁੰਦਾ ਹੈ ਕਿ ਪੁਲੀਸ ਬਲ ਕਿੰਨੀ ਨਿਪੁੰਨਤਾ ਅਤੇ ਹਮਦਰਦੀ ਨਾਲ ਪੇਸ਼ ਆਉਂਦੇ ਹਨ। ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਆਮ ਲੋਕਾਂ ਲਈ ਘੱਟ ਤੋਂ ਘੱਟ ਅਸੁਵਿਧਾ ਪੈਦਾ ਕਰਨਾ ਹੈ। ਵੀ ਆਈ ਪੀਜ਼ ਦੇ ਦੌਰਿਆਂ ਸਮੇਂ ਆਪੋ ਆਪਣੇ ਕੰਮਾਂ ਲਈ ਜਾਣ ਆਉਣ ਵਾਲਿਆਂ ਵਾਸਤੇ ਇਹ ਬਹੁਤਾ ਚੰਗਾ ਤਜਰਬਾ ਨਹੀਂ ਹੁੰਦਾ। ਮੌਕੇ ’ਤੇ ਮੌਜੂਦ ਪੁਲੀਸ ਕਾਂਸਟੇਬਲਾਂ ਲਈ ਇਹ ਹੋਰ ਵੀ ਮਾੜਾ ਤਜਰਬਾ ਹੁੰਦਾ ਹੈ। ਪੁਲੀਸ ਦਾ ਕੰਮ ਸੱਚਮੁੱਚ ਮੁਸ਼ਕਿਲ ਹੈ ਕਿਉਂਕਿ ਉਨ੍ਹਾਂ ਨੂੰ ਸਾਈਬਰ ਅਪਰਾਧ, ਗੈਂਗਸਟਰ ਮੌਡਿਊਲਜ਼, ਨਸ਼ਿਆਂ ਦੇ ਤਸਕਰਾਂ ਆਦਿ ਨਾਲ ਸਿੱਝਣਾ ਪੈਂਦਾ ਹੈ, ਪਰ ਇਸ ਨੂੰ ਮਾੜਾ ਵਤੀਰਾ ਅਪਣਾਉਣ ਅਤੇ ਆਪਣਾ ਕੰਮ ਸਹੀ ਢੰਗ ਨਾਲ ਨਾ ਕਰਨ ਲਈ ਬਹਾਨਾ ਨਹੀਂ ਬਣਾਇਆ ਜਾਣਾ ਚਾਹੀਦਾ।

