DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਪਟਾਗਨ ਖ਼ਤਰੇ ਦੀ ਘੰਟੀ

ਭਾਰਤ ਵਿੱਚ ਪਹਿਲੀ ਵਾਰ ‘ਕੈਪਟਾਗਨ’ ਦੀ ਹੋਈ ਬਰਾਮਦਗੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਇੱਕ ਵੱਡੀ ਸਫ਼ਲਤਾ ਹੈ। ਇਸ ਖ਼ਤਰਨਾਕ ਸਿੰਥੈਟਿਕ ਨਸ਼ੇ ਨੂੰ ਦੁਨੀਆ ਭਰ ਵਿੱਚ ‘ਜਹਾਦੀ ਡਰੱਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਬਰਾਮਦਗੀ ਸਰਹੱਦ ਪਾਰਲੇ ਨਸ਼ਾ ਤਸਕਰਾਂ...

  • fb
  • twitter
  • whatsapp
  • whatsapp
Advertisement

ਭਾਰਤ ਵਿੱਚ ਪਹਿਲੀ ਵਾਰ ‘ਕੈਪਟਾਗਨ’ ਦੀ ਹੋਈ ਬਰਾਮਦਗੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਇੱਕ ਵੱਡੀ ਸਫ਼ਲਤਾ ਹੈ। ਇਸ ਖ਼ਤਰਨਾਕ ਸਿੰਥੈਟਿਕ ਨਸ਼ੇ ਨੂੰ ਦੁਨੀਆ ਭਰ ਵਿੱਚ ‘ਜਹਾਦੀ ਡਰੱਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਬਰਾਮਦਗੀ ਸਰਹੱਦ ਪਾਰਲੇ ਨਸ਼ਾ ਤਸਕਰਾਂ ਦੇ ਵਧ ਰਹੇ ਹੌਸਲਿਆਂ ਬਾਰੇ ਇੱਕ ਗੰਭੀਰ ਚੇਤਾਵਨੀ ਵੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ‘ਅਪਰੇਸ਼ਨ ਰੇਜਪਿੱਲ’ ਤਹਿਤ 182 ਕਰੋੜ ਰੁਪਏ ਦੀ ਕੀਮਤ ਵਾਲੀ 227.7 ਕਿਲੋ ਕੈਪਟਾਗਨ ਜ਼ਬਤ ਕੀਤੇ ਜਾਣਾ ਇਹ ਸਾਫ਼ ਦਿਖਾਉਂਦਾ ਹੈ ਕਿ ਭਾਰਤ ਹੁਣ ਸਿਰਫ਼ ਦੇਸੀ ਪੱਧਰ ’ਤੇ ਨਸ਼ਿਆਂ ਦੀ ਲਤ ਨਾਲ ਹੀ ਨਹੀਂ ਲੜ ਰਿਹਾ, ਸਗੋਂ ਉਸ ਦਾ ਸਾਹਮਣਾ ਹੁਣ ਉਨ੍ਹਾਂ ਅੰਤਰਰਾਸ਼ਟਰੀ ਗਰੋਹਾਂ ਨਾਲ ਹੈ ਜੋ ਭਾਰਤੀ ਸਰਜ਼ਮੀਨ ਨੂੰ ਨਸ਼ਾ ਤਸਕਰੀ ਦੇ ਲਾਂਘੇ ਵਜੋਂ ਵਰਤਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਇਸ ਪੂਰੇ ਮਾਮਲੇ ਵਿੱਚ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਗ਼ੈਰ-ਕਾਨੂੰਨੀ ਤੌਰ ’ਤੇ ਭਾਰਤ ਵਿੱਚ ਰਹਿ ਰਹੇ ਇੱਕ ਸੀਰਿਆਈ ਨਾਗਰਿਕ ਦਾ ਸ਼ਾਮਲ ਹੋਣਾ ਅਤੇ ਨਸ਼ੇ ਦੀ ਇਸ ਖੇਪ ਨੂੰ ਖਾੜੀ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਭੇਜਣ ਦੀ ਯੋਜਨਾ ਤੋਂ ਕੌਮਾਂਤਰੀ ਤਸਕਰਾਂ ਦੇ ਕੰਮ ਕਰਨ ਦੇ ਤਰੀਕੇ ਦੀ ਇੱਕ ਝਲਕ ਮਿਲਦੀ ਹੈ। ਕੈਪਟਾਗਨ ਦੀ ਤਸਕਰੀ ਦਾ ਨੈੱਟਵਰਕ ਸੰਗਠਿਤ ਅਪਰਾਧ, ਹਵਾਲਾ ਕਾਰੋਬਾਰ, ਜਾਅਲੀ ਵਪਾਰਕ ਦਸਤਾਵੇਜ਼ਾਂ ਅਤੇ ਅਤਿਵਾਦ ਨੂੰ ਫੰਡਿੰਗ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਮਿਆਂਮਾਰ ਤੋਂ ਉੱਤਰ-ਪੂਰਬੀ ਰਾਜਾਂ ਵੱਲ ਹੋ ਰਹੀ ਨਸ਼ਾ ਤਸਕਰੀ ਅਤੇ ਸਮੁੰਦਰੀ ਰਸਤਿਆਂ ਰਾਹੀਂ ਭਾਰਤ ਦੇ ਤੱਟਾਂ ’ਤੇ ਪਹੁੰਚ ਰਹੀ ਕੋਕੀਨ ਦੀਆਂ ਖੇਪਾਂ ਦੇ ਵੀ ਪੁਖ਼ਤਾ ਸਬੂਤ ਮਿਲ ਰਹੇ ਹਨ। ਅਜਿਹੇ ਹਾਲਾਤ ਵਿੱਚ ਭਾਰਤ ਇਸ ਖ਼ਤਰੇ ਨੂੰ ਹਲਕੇ ਵਿੱਚ ਨਹੀਂ ਲੈ ਸਕਦਾ।

Advertisement

ਸਿਰਫ਼ ਨਸ਼ੇ ਦੀਆਂ ਖੇਪਾਂ ਫੜਨ ਨਾਲ ਹੀ ਇਸ ਸੰਕਟ ਦਾ ਹੱਲ ਨਹੀਂ ਹੋਵੇਗਾ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਰਗੇ ਸੂਬਿਆਂ ਦਾ ਤਜਰਬਾ ਦੱਸਦਾ ਹੈ ਕਿ ਨਸ਼ਾ-ਵਿਰੋਧੀ ਮੁਹਿੰਮਾਂ ਉਦੋਂ ਹੀ ਕਾਮਯਾਬ ਹੁੰਦੀਆਂ ਹਨ ਜਦੋਂ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਪੀੜਤਾਂ ਦਾ ਮੁੜ-ਵਸੇਬਾ, ਲੋਕਾਂ ਦੀ ਭਾਈਵਾਲੀ ਅਤੇ ਅਪਰਾਧਿਕ ਨੈੱਟਵਰਕਾਂ ਦਾ ਆਰਥਿਕ ਲੱਕ ਤੋੜਨ ਵਰਗੇ ਕਦਮ ਇਕੱਠੇ ਚੁੱਕੇ ਜਾਣ। ਜਾਇਦਾਦਾਂ ਜ਼ਬਤ ਕਰਨਾ, ਸ਼ੱਕੀ ਅਨਸਰਾਂ ਨੂੰ ਇਹਤਿਆਤ ਵਜੋਂ ਹਿਰਾਸਤ ਵਿੱਚ ਲੈਣਾ, ਜਾਗਰੂਕਤਾ ਮੁਹਿੰਮਾਂ ਅਤੇ ਸਥਾਨਕ ਪੱਧਰ ’ਤੇ ਨਿਗਰਾਨੀ ਵਰਗੇ ਉਪਾਵਾਂ ਨੂੰ ਦੇਸ਼ ਵਿਆਪੀ ਰਣਨੀਤੀ ਦਾ ਅਹਿਮ ਹਿੱਸਾ ਬਣਾਉਣਾ ਪਵੇਗਾ। ਇਸ ਦੇ ਨਾਲ ਹੀ ਕੌਮਾਂਤਰੀ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸਮਾਨ ਅੰਤਰਰਾਸ਼ਟਰੀ ਕਾਨੂੰਨਾਂ, ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਦੋਸ਼ੀਆਂ ਦੀ ਹਵਾਲਗੀ ਦੇ ਪੁਖ਼ਤਾ ਪ੍ਰਬੰਧਾਂ ਦੀ ਵਕਾਲਤ ਕੀਤੀ ਹੈ। ਨਸ਼ਾ ਤਸਕਰ ਗਰੋਹ ਕਾਨੂੰਨੀ ਖਾਮੀਆਂ, ਨਾਕਸ ਸੁਰੱਖਿਆ ਪ੍ਰਬੰਧਾਂ ਅਤੇ ਭੂ-ਸਿਆਸੀ ਵੱਖਰੇਵਿਆਂ ਦਾ ਫ਼ਾਇਦਾ ਉਠਾ ਕੇ ਹੀ ਪੈਰ ਪਸਾਰਦੇ ਹਨ। ਕੋਈ ਵੀ ਦੇਸ਼ ਇਕੱਲਿਆਂ ‘ਨਸ਼ਾ-ਅਤਿਵਾਦ’ ਦਾ ਮੁਕਾਬਲਾ ਨਹੀਂ ਕਰ ਸਕਦਾ। ਨਸ਼ਿਆਂ ਖ਼ਿਲਾਫ਼ ਭਾਰਤ ਦੀ ‘ਜ਼ੀਰੋ-ਟਾਲਰੈਂਸ’ ਨੀਤੀ ਇੱਕ ਮਜ਼ਬੂਤ ਸੰਦੇਸ਼ ਤਾਂ ਦਿੰਦੀ ਹੈ, ਪਰ ਇਸ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਚੌਕਸੀ, ਤਕਨੀਕੀ ਨਿਗਰਾਨੀ, ਬੰਦਰਗਾਹਾਂ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਅਤੇ ਤਾਲਮੇਲ ਵਾਲੀ ਕੂਟਨੀਤੀ ਦੀ ਲੋੜ ਪਵੇਗੀ। ਕੈਪਟਾਗਨ ਦੀ ਇਹ ਵੱਡੀ ਬਰਾਮਦਗੀ ਇਸ ਹਕੀਕਤ ਦਾ ਗੰਭੀਰ ਹੋਕਾ ਹੈ ਕਿ ਨਸ਼ਿਆਂ ਖ਼ਿਲਾਫ਼ ਜੰਗ ਅਤੇ ਦੇਸ਼ ਦੀ ਸੁਰੱਖਿਆ ਇੱਕੋ ਸਿੱਕੇ ਦੇ ਦੋ ਪਾਸੇ ਹਨ, ਜਿਨ੍ਹਾਂ ਨੂੰ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।

Advertisement

Advertisement
×