ਕੈਂਸਰ ਤੋਂ ਬਚਾਅ
ਚੌਦਾਂ ਸਾਲ ਦੀ ਉਮਰ ਦੀਆਂ ਕੁੜੀਆਂ ਲਈ ਦੇਸ਼ ਵਿਆਪੀ ਐੱਚ ਪੀ ਵੀ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਔਰਤਾਂ ਦੀ ਸਿਹਤ ਵਿੱਚ ਇਲਾਜ ਦੀ ਥਾਂ ਰੋਕਥਾਮ ਕਰਨ ਵੱਲ ਵਧਣ ਦੀ ਤਬਦੀਲੀ ਨੂੰ ਦਰਸਾਉਂਦਾ ਹੈ। ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ...
ਚੌਦਾਂ ਸਾਲ ਦੀ ਉਮਰ ਦੀਆਂ ਕੁੜੀਆਂ ਲਈ ਦੇਸ਼ ਵਿਆਪੀ ਐੱਚ ਪੀ ਵੀ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਔਰਤਾਂ ਦੀ ਸਿਹਤ ਵਿੱਚ ਇਲਾਜ ਦੀ ਥਾਂ ਰੋਕਥਾਮ ਕਰਨ ਵੱਲ ਵਧਣ ਦੀ ਤਬਦੀਲੀ ਨੂੰ ਦਰਸਾਉਂਦਾ ਹੈ। ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਹੀ ਅੱਲ੍ਹੜਾਂ ਦਾ ਟੀਕਾਕਰਨ ਕਰ ਕੇ ਸਰਵਾਈਕਲ ਕੈਂਸਰ ਦੇ ਖ਼ਾਤਮੇ ਦੀ ਗੱਲ ਆਖੀ ਜਾ ਰਹੀ ਹੈ, ਜੋ ਕਿ ਰੋਕਥਾਮ ਸੰਭਵ ਹੋਣ ਦੇ ਬਾਵਜੂਦ ਭਾਰਤੀ ਔਰਤਾਂ ਲਈ ਲਗਾਤਾਰ ਘਾਤਕ ਸਾਬਿਤ ਹੋ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਗਵਾਈ ਹੇਠਲੀ ਇਹ ਮੁਹਿੰਮ ਇਰਾਦੇ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। ਇਸ ਨੂੰ ਮਿਸ਼ਨ ਮੰਨਦਿਆਂ ਅਪਣਾਈ ਸਮਾਂ-ਬੱਧ ਪਹੁੰਚ ਬਿਮਾਰੀ ਦੀ ਰੋਕਥਾਮ ’ਚ ਪਛੜੇਵੇਂ ਨੂੰ ਖ਼ਤਮ ਕਰਨ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ, ਜੋ ਅਕਸਰ ਨਿਯਮਿਤ ਟੀਕਾਕਰਨ ਵਿੱਚ ਨਵੇਂ ਟੀਕਿਆਂ ਨੂੰ ਸ਼ਾਮਲ ਕਰਨ ਵਿੱਚ ਦੇਰੀ ਦਾ ਸਿੱਟਾ ਹੁੰਦੀ ਹੈ। ਜੇਕਰ ਮੌਜੂਦਾ ਐਲਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਲੱਖਾਂ ਕੁੜੀਆਂ ਨੂੰ ਉੱਚ-ਜੋਖ਼ਮ ਵਾਲੇ ਐੱਚ ਪੀ ਵੀ ਦੇ ਸੰਕਰਮਣਾਂ ਤੋਂ ਬਚਾ ਸਕਦਾ ਹੈ, ਜੋ ਸਰਵਾਈਕਲ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਦਾ ਕਾਰਨ ਬਣਦੇ ਹਨ। ਸਿਹਤ ਪ੍ਰਤੀ ਜਾਗਰੂਕਤਾ ਦੀਆਂ ਅਜਿਹੀਆਂ ਮੁਹਿੰਮਾਂ ’ਚ ਪੇਂਡੂ ਜ਼ਿਲ੍ਹਿਆਂ ਅਤੇ ਪੱਛੜੇ ਭਾਈਚਾਰਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜਿੱਥੇ ਬਿਮਾਰੀ ਦੀ ਜਾਂਚ ਕਰਵਾਉਣ ਦੀ ਦਰ ਬਹੁਤ ਘੱਟ ਹੈ ਅਤੇ ਕੈਂਸਰ ਦਾ ਅਕਸਰ ਬਹੁਤ ਦੇਰ ਨਾਲ ਪਤਾ ਲੱਗਦਾ ਹੈ। ਐੱਚ ਪੀ ਵੀ ਟੀਕਾ ਲੰਮੇ ਸਮੇਂ ਤੋਂ ਬਾਜ਼ਾਰ ਵਿੱਚ ਉਪਲਬਧ ਹੈ ਅਤੇ ਕੁਝ ਸੂਬਿਆਂ ਨੇ ਪਿਛਲੇ ਦਹਾਕੇ ਦੌਰਾਨ ਸੀਮਤ ਜਨਤਕ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਹੈ। ਹਾਲਾਂਕਿ, ਲਾਗਤ ਸਬੰਧੀ ਚਿੰਤਾਵਾਂ, ਸਿਹਤ ਸਹੂਲਤਾਂ ਲਈ ਲੋੜੀਂਦੇ ਉਪਕਰਨ ਆਦਿ ਮਿਥੀਆਂ ਥਾਵਾਂ ’ਤੇ ਪਹੁੰਚਾਉਣ ਤੇ ਇਨ੍ਹਾਂ ਦੀ ਸਾਂਭ-ਸੰਭਾਲ ’ਚ ਦਰਪੇਸ਼ ਰੁਕਾਵਟਾਂ ਅਤੇ ਨੀਤੀਗਤ ਝਿਜਕ ਕਾਰਨ ਇਹ ਵਿਆਪਕ ਪੱਧਰ ’ਤੇ ਸ਼ੁਰੂ ਹੋਣ ਵਿੱਚ ਦੇਰ ਹੋਈ ਹੈ। ਵਿਸ਼ਵ ਸਿਹਤ ਸੰਗਠਨ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਲਈ ਐੱਚ ਪੀ ਵੀ ਟੀਕਾਕਰਨ ਦੀ ਸਿਫ਼ਾਰਿਸ਼ ਕਰਦਾ ਹੈ। 160 ਤੋਂ ਵੱਧ ਦੇਸ਼ ਪਹਿਲਾਂ ਹੀ ਇਸ ਨੂੰ ਆਪਣੇ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਸ਼ਾਮਲ ਕਰ ਚੁੱਕੇ ਹਨ। ਭਾਰਤ ਦਾ ਪੈਮਾਨਾ ਇਸ ਯੋਜਨਾ ਦੀ ਸ਼ੁਰੂਆਤ ਨੂੰ ਖ਼ਾਸ ਤੌਰ ’ਤੇ ਮਹੱਤਵਪੂਰਨ ਬਣਾਉਂਦਾ ਹੈ ਕਿਉਂਕਿ ਇਸ ਬਿਮਾਰੀ ਦੇ ਖ਼ਾਤਮੇ ਨਾਲ ਵਿਸ਼ਵਵਿਆਪੀ ਟੀਚਾ ਕਾਫ਼ੀ ਤੇਜ਼ੀ ਨਾਲ ਪੂਰਾ ਹੋ ਸਕਦਾ ਹੈ। ਇਸ ਦਿਸ਼ਾ ’ਚ ਅਜਿਹੇ ਕਦਮ ਉਠਾਏ ਜਾਣੇ ਚਾਹੀਦੇ ਹਨ, ਜਿਨ੍ਹਾਂ ਸਦਕਾ ਨੀਤੀਗਤ ਐਲਾਨਾਂ ’ਤੇ ਅਮਲ ਲਈ ਲੋਕਾਂ ਦਾ ਭਰੋਸਾ ਹਾਸਲ ਕੀਤਾ ਜਾ ਸਕੇ। ਟੀਕਾਕਰਨ ਪ੍ਰਤੀ ਝਿਜਕ, ਅੱਲ੍ਹੜਾਂ ਦੇ ਟੀਕਾਕਰਨ ਬਾਰੇ ਗ਼ਲਤ ਜਾਣਕਾਰੀ ਅਤੇ ਐੱਚ ਪੀ ਵੀ ਨੂੰ ਸਮਾਜਿਕ-ਸੱਭਿਆਚਾਰਕ ਤੌਰ ’ਤੇ ਸਿਰਫ਼ ਜਿਨਸੀ ਸਬੰੰਧਾਂ ਨਾਲ ਜੁੜਿਆ ਸਮਝਣਾ ਅਜਿਹੇ ਐਲਾਨਾਂ ਉੱਤੇ ਅਮਲ ਦੇ ਰਾਹ ਵਿੱਚ ਰੁਕਾਵਟ ਪਾ ਸਕਦੇ ਹਨ। ਇਸ ਦਿਸ਼ਾ ਵਿੱਚ ਪਾਰਦਰਸ਼ੀ ਸੰਚਾਰ, ਸਕੂਲ-ਆਧਾਰਿਤ ਪਹੁੰਚ ਅਤੇ ਕਮਿਊਨਿਟੀ ਸਿਹਤ ਕਰਮਚਾਰੀਆਂ ਦੀ ਸ਼ਮੂਲੀਅਤ ਮਹੱਤਵਪੂਰਨ ਹੋਵੇਗੀ। ਦੇਸ਼ ਦੇ ਕੋਨੇ-ਕੋਨੇ ’ਚ ਟੀਕਾਕਰਨ ਮੁਹਿੰਮ ਨੂੰ ਲਾਗੂ ਕਰਨ ਨਾਲ ਹੀ ਇਸ ਦਾ ਨਤੀਜਾ ਨਿਰਧਾਰਤ ਹੋਵੇਗਾ ਕਿਉਂਕਿ ਕੁੜੀਆਂ ਨੂੰ 16 ਸਾਲ ਦੀ ਉਮਰ ਤੋਂ ਪਹਿਲਾਂ ਟੀਕਾ ਲਗਵਾਉਣਾ ਚਾਹੀਦਾ ਹੈ। ਕੈਂਸਰ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਣਾ ਜ਼ਰੂਰੀ ਹੈ।

