ਖ਼ੂਨੀ ਬੋਰਵੈੱਲ
ਹਰਿਆਣਾ ਵਿੱਚ ਬੋਰਵੈੱਲ ’ਚੋਂ ਪ੍ਰਿੰਸ ਨੂੰ ਸਹੀ-ਸਲਾਮਤ ਕੱਢਣ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਨੂੰ ਵੀਹ ਸਾਲ ਬੀਤ ਚੁੱਕੇ ਹਨ, ਜਿਸ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਸੀ। ਪਰ ਅਫ਼ਸੋਸ, ਅੱਜ ਫਿਰ ਬਿਲਕੁਲ ਉਹੋ ਜਿਹੇ ਹਾਲਾਤ ਵਿੱਚ ਇੱਕ ਹੋਰ ਚਾਰ...
ਹਰਿਆਣਾ ਵਿੱਚ ਬੋਰਵੈੱਲ ’ਚੋਂ ਪ੍ਰਿੰਸ ਨੂੰ ਸਹੀ-ਸਲਾਮਤ ਕੱਢਣ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਨੂੰ ਵੀਹ ਸਾਲ ਬੀਤ ਚੁੱਕੇ ਹਨ, ਜਿਸ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਸੀ। ਪਰ ਅਫ਼ਸੋਸ, ਅੱਜ ਫਿਰ ਬਿਲਕੁਲ ਉਹੋ ਜਿਹੇ ਹਾਲਾਤ ਵਿੱਚ ਇੱਕ ਹੋਰ ਚਾਰ ਸਾਲ ਦੇ ਮਾਸੂਮ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਅੰਬਾਲਾ ਵਿੱਚ ਫ਼ੌਜ, ਐੱਨ ਡੀ ਆਰ ਐੱਫ ਅਤੇ ਹੋਰ ਪ੍ਰਸ਼ਾਸਨਿਕ ਟੀਮਾਂ ਵੱਲੋਂ 21 ਘੰਟੇ ਲਗਾਤਾਰ ਚਲਾਏ ਗਏ ਵੱਡੇ ਬਚਾਅ ਅਭਿਆਨ ਦੇ ਬਾਵਜੂਦ ਨਿਰਵੈਰ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਮੌਤ ਮਹਿਜ਼ ਇੱਕ ਹਾਦਸਾ ਨਹੀਂ ਸਗੋਂ ਪ੍ਰਸ਼ਾਸਨ ਦੀ ਨਾਕਾਮੀ ਅਤੇ ਮਨੁੱਖੀ ਲਾਪਰਵਾਹੀ ਦਾ ਸਬੂਤ ਹੈ। ਬਚਾਅ ਟੀਮਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਮੀਂਹ, ਖਿਸਕਦੀ ਮਿੱਟੀ ਅਤੇ 200 ਫੁੱਟ ਤੋਂ ਵੱਧ ਡੂੰਘੇ ਖੱਡਿਆਂ ਵਰਗੀਆਂ ਔਖੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਉਨ੍ਹਾਂ ਨੇ ਪੂਰੀ ਦਲੇਰੀ ਤੇ ਮੁਹਾਰਤ ਦਿਖਾਈ, ਪਰ ਇੱਥੇ ਸਭ ਤੋਂ ਵੱਡਾ ਅਤੇ ਅਹਿਮ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖ਼ਰ ਉਸ ਬੰਦ ਪਏ ਬੋਰਵੈੱਲ ਨੂੰ ਇੰਝ ਖੁੱਲ੍ਹਾ ਛੱਡਿਆ ਹੀ ਕਿਉਂ ਗਿਆ? ਅਜਿਹੇ ਹਾਦਸਿਆਂ ਤੋਂ ਬਾਅਦ ਬਚਾਅ ਕਾਰਜ ਕਰਨੇ ਕੋਈ ਬਹਾਦਰੀ ਨਹੀਂ ਸਗੋਂ ਹਾਦਸਿਆਂ ਨੂੰ ਹੋਣ ਤੋਂ ਪਹਿਲਾਂ ਹੀ ਰੋਕਣਾ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਅਸਲ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਇਸ ਹਾਦਸੇ ਬਾਰੇ ਦਿੱਤੀ ਕੋਈ ਵੀ ਦਲੀਲ ਮੰਨਣਯੋਗ ਨਹੀਂ ਹੈ ਕਿਉਂਕਿ ਸਾਡੇ ਕੋਲ ਸੁਰੱਖਿਆ ਦੇ ਬਿਲਕੁਲ ਸਾਫ਼-ਸਪੱਸ਼ਟ ਨਿਯਮ ਮੌਜੂਦ ਹਨ। ਕੋਈ ਇੱਕ ਦਹਾਕਾ ਪਹਿਲਾਂ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤੇ ਸਨ ਕਿ ਬੰਦ ਪਏ ਬੋਰਵੈੱਲਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇ, ਉਨ੍ਹਾਂ ਦੁਆਲੇ ਵਾੜ ਲਾਈ ਜਾਵੇ ਅਤੇ ਇਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਦਾ ਪੂਰਾ ਰਿਕਾਰਡ ਰੱਖੇ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਘੱਟ ਅਤੇ ਉਲੰਘਣਾ ਜ਼ਿਆਦਾ ਹੁੰਦੀ ਹੈ। ਇੱਕ ਖੁੱਲ੍ਹਾ ਬੋਰਵੈੱਲ ਬਿਨਾਂ ਢੱਕਣ ਵਾਲੇ ਗਟਰ (ਮੈਨਹੋਲ) ਜਾਂ ਨੰਗੀ ਬਿਜਲੀ ਦੀ ਤਾਰ ਵਰਗਾ ਹੀ ਹੈ। ਇਸ ਨੂੰ ਇੰਝ ਹੀ ਲਾਵਾਰਸ ਛੱਡ ਦੇਣਾ ਨਿਰੀ ਅਣਗਹਿਲੀ ਹੈ, ਜੋ ਸਿੱਧਾ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੀ ਹੈ। ਇਸ ਲਾਪਰਵਾਹੀ ਦੇ ਜ਼ਿੰਮੇਵਾਰ ਚਾਹੇ ਜ਼ਮੀਨ ਦੇ ਮਾਲਕ ਹੋਣ, ਠੇਕੇਦਾਰ ਹੋਣ ਜਾਂ ਕਾਨੂੰਨ ਲਾਗੂ ਕਰਵਾਉਣ ਵਿੱਚ ਨਾਕਾਮ ਰਹੇ ਅਧਿਕਾਰੀ, ਉਨ੍ਹਾਂ ’ਤੇ ਮਹਿਜ਼ ਵਿਭਾਗੀ ਕਾਰਵਾਈ ਨਹੀਂ ਸਗੋਂ ਸਿੱਧਾ ਅਪਰਾਧਿਕ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
ਹਰ ਬੋਰਵੈੱਲ ਹਾਦਸੇ ਦੀ ਕਹਾਣੀ ਇੱਕੋ ਜਿਹੀ ਹੁੰਦੀ ਹੈ: ਟੋਏ ਪੁੱਟਣੇ, ਦੁਆਵਾਂ ਮੰਗਣੀਆਂ, ਮੀਡੀਆ ’ਤੇ ਹਾਲ-ਦੁਹਾਈ ਅਤੇ ਸਖ਼ਤ ਕਾਰਵਾਈ ਦੇ ਦਾਅਵੇ। ਫਿਰ ਉਦੋਂ ਤੱਕ ਸਭ ਸ਼ਾਂਤ ਹੋ ਜਾਂਦਾ ਹੈ, ਜਦੋਂ ਤੱਕ ਕੋਈ ਹੋਰ ਮਾਸੂਮ ਖੱਡੇ ’ਚ ਨਹੀਂ ਡਿੱਗਦਾ। ਸਾਡੇ ਕੋਲ ਮਾਹਿਰ ਟੀਮਾਂ ਅਤੇ ਕਾਨੂੰਨ ਸਭ ਕੁਝ ਹੈ, ਕਮੀ ਹੈ ਤਾਂ ਸਿਰਫ਼ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਦੀ। ਨਿਰਵੈਰ ਦੀ ਮੌਤ ਸਿਰਫ਼ ਇੱਕ ਭੁੱਲੀ-ਵਿਸਰੀ ਗਿਣਤੀ ਬਣ ਕੇ ਨਹੀਂ ਰਹਿਣੀ ਚਾਹੀਦੀ। ਉਸ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅੱਗੇ ਤੋਂ ਕੋਈ ਵੀ ਬੋਰਵੈੱਲ ਖੁੱਲ੍ਹਾ ਨਾ ਛੱਡਿਆ ਜਾਵੇ।

