DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖ਼ਤਰੇ ਵਿੱਚ ਕੰਬਲ ਸਨਅਤ

ਭਾਰਤ ਵਿੱਚ ਕੰਬਲ ਬਣਾਉਣ ਦੇ ਮੁੱਖ ਕੇਂਦਰ ਵਜੋਂ ਜਾਣੇ ਜਾਂਦੇ ਪਾਣੀਪਤ ਨੂੰ ਮੰਗ ਵਿੱਚ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਹੀ ਸਰਦੀਆਂ ਵਿੱਚ ਕੰਬਲ ਵਿਕਣ ਦਾ ਸੀਜ਼ਨ ਆਪਣੇ ਸਿਖਰ ’ਤੇ ਪਹੁੰਚਿਆ, ਘਰੇਲੂ ਬਾਜ਼ਾਰ ਵਿੱਚ ਵਿੱਕਰੀ 50 ਫ਼ੀਸਦੀ...

  • fb
  • twitter
  • whatsapp
  • whatsapp
Advertisement

ਭਾਰਤ ਵਿੱਚ ਕੰਬਲ ਬਣਾਉਣ ਦੇ ਮੁੱਖ ਕੇਂਦਰ ਵਜੋਂ ਜਾਣੇ ਜਾਂਦੇ ਪਾਣੀਪਤ ਨੂੰ ਮੰਗ ਵਿੱਚ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਹੀ ਸਰਦੀਆਂ ਵਿੱਚ ਕੰਬਲ ਵਿਕਣ ਦਾ ਸੀਜ਼ਨ ਆਪਣੇ ਸਿਖਰ ’ਤੇ ਪਹੁੰਚਿਆ, ਘਰੇਲੂ ਬਾਜ਼ਾਰ ਵਿੱਚ ਵਿੱਕਰੀ 50 ਫ਼ੀਸਦੀ ਤੱਕ ਘੱਟ ਗਈ ਹੈ। ਇਸ ਮੰਦਭਾਗੀ ਸਥਿਤੀ ਨੇ ਉਸ ਕੱਪੜਾ ਸਨਅਤ ਦੀ ਕਮਜ਼ੋਰੀ ਨੂੰ ਸਾਹਮਣੇ ਲਿਆਂਦਾ ਹੈ, ਜਿਸ ਨੇ ਆਪਣੀ ਤਾਕਤ ਤਾਂ ਵੱਡੇ ਪੱਧਰ ਉੱਤੇ ਉਤਪਾਦਨ ’ਤੇ ਬਣਾਈ ਹੈ ਪਰ ਇਹ ਖਪਤਕਾਰਾਂ ਦੀ ਘਟਦੀ ਖ਼ਰੀਦ ਸ਼ਕਤੀ, ਕੱਚੇ ਮਾਲ ਦੀ ਵਧ ਰਹੀ ਲਾਗਤ ਅਤੇ ਮੌਸਮੀ ਉਤਰਾਅ-ਚੜ੍ਹਾਅ ਅੱਗੇ ਕਾਫ਼ੀ ਕਮਜ਼ੋਰ ਸਾਬਤ ਹੋ ਰਹੀ ਹੈ। ਅੰਕੜੇ ਕਾਫ਼ੀ ਫ਼ਿਕਰਮੰਦ ਕਰਨ ਵਾਲੇ ਹਨ। ਪਿਛਲੇ ਸਾਲ ਜਿਹੜਾ ਪੌਲੀਏਸਟਰ ਧਾਗਾ 100-105 ਰੁਪਏ ਪ੍ਰਤੀ ਕਿਲੋ ਮਿਲਦਾ ਸੀ, ਉਸ ਦੀ ਕੀਮਤ ਵਧ ਕੇ 155 ਰੁਪਏ ਤੱਕ ਪਹੁੰਚ ਗਈ ਹੈ, ਜਿਸ ਨਾਲ ਉਤਪਾਦ ਬਣਾਉਣ ਦੀ ਲਾਗਤ ਕਾਫ਼ੀ ਵਧ ਗਈ ਹੈ। ਆਰਡਰ ਘਟਣ ਅਤੇ ਮਾਲ ਗੋਦਾਮਾਂ ਵਿੱਚ ਹੀ ਪਿਆ ਰਹਿਣ ਕਰਕੇ ਉਤਪਾਦਨ 30 ਤੋਂ 35 ਫ਼ੀਸਦੀ ਤੱਕ ਘਟ ਗਿਆ ਹੈ। ਇਸ ਤੋਂ ਇਲਾਵਾ ਪੈਸੇ ਮਿਲਣ ਵਿੱਚ ਦੇਰੀ (ਜੋ ਪਹਿਲਾਂ 35-40 ਦਿਨਾਂ ਦੀ ਸੀ, ਹੁਣ ਵਧ ਕੇ ਲਗਪਗ ਦੋ ਮਹੀਨੇ ਹੋ ਗਈ ਹੈ) ਨੇ ਕਾਰੋਬਾਰੀ ਪੂੰਜੀ ਦਾ ਸੰਕਟ ਹੋਰ ਡੂੰਘਾ ਕਰ ਦਿੱਤਾ ਹੈ। ਉਤਪਾਦਕ ਇੱਕ ਅਜਿਹੇ ਚੱਕਰ ਵਿੱਚ ਫਸ ਗਏ ਹਨ ਜਿੱਥੇ ਵਧੀ ਹੋਈ ਲਾਗਤ ਨੂੰ ਖ਼ੁਦ ਝੱਲਣ ਨਾਲ ਉਨ੍ਹਾਂ ਦਾ ਮੁਨਾਫ਼ਾ ਘਟ ਰਿਹਾ ਹੈ, ਜਦੋਂਕਿ ਕੀਮਤਾਂ ਵਧਾਉਣ ਨਾਲ ਕੀਮਤ ਪ੍ਰਤੀ ਸੰਵੇਦਨਸ਼ੀਲ ਗਾਹਕਾਂ ਦੇ ਦੂਰ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਇਸ ਦੇ ਮਾੜੇ ਪ੍ਰਭਾਵ ਸਿਰਫ਼ ਫ਼ੈਕਟਰੀ ਮਾਲਕਾਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਪਾਣੀਪਤ ਦਾ ਕੱਪੜਾ ਉਦਯੋਗ ਮਜ਼ਦੂਰਾਂ, ਜੁਲਾਹਿਆਂ, ਵਪਾਰੀਆਂ, ਟਰਾਂਸਪੋਰਟਰਾਂ ਅਤੇ ਹੋਰ ਸਹਾਇਕ ਕਾਰੋਬਾਰਾਂ ਨੂੰ ਰੋਜ਼ੀ-ਰੋਟੀ ਦਿੰਦਾ ਹੈ। ਲੰਮਾ ਸਮਾਂ ਚੱਲਣ ਵਾਲੀ ਇਹ ਮੰਦੀ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ ਅਤੇ ਉਸ ਉਦਯੋਗਿਕ ਕੇਂਦਰ ਨੂੰ ਕਮਜ਼ੋਰ ਕਰ ਸਕਦੀ ਹੈ, ਜੋ ਦੇਸ਼ ਭਰ ਵਿੱਚ ਕੰਬਲ ਦੀ ਲਗਪਗ ਸਾਰੀ ਘਰੇਲੂ ਮੰਗ ਨੂੰ ਪੂਰਾ ਕਰਦਾ ਹੈ। ਪੁਰਾਣੇ ਕੱਪੜਿਆਂ ਨੂੰ ਮੁੜ ਵਰਤੋਂ ਯੋਗ ਬਣਾਉਣ (ਰੀਸਾਈਕਲਿੰਗ) ਵਾਲਾ ਇਹ ਉਦਯੋਗ ਭਾਰਤ ਦੀ ਉਸ ਸਮਰੱਥਾ ਨੂੰ ਵੀ ਦਰਸਾਉਂਦਾ ਹੈ ਜਿਸ ਰਾਹੀਂ ਵਿਅਰਥ ਜਾਂ ਰੱਦੀ ਕੱਪੜੇ ਨੂੰ ਕੀਮਤੀ ਅਤੇ ਵਪਾਰਕ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ। ਸਰਕਾਰ ਨੂੰ ਇਸ ਮਾਮਲੇ ਵਿੱਚ ਦੋ ਮੋਰਚਿਆਂ ਉੱਤੇ ਫ਼ੌਰੀ ਕਦਮ ਚੁੱਕਣ ਦੀ ਲੋੜ ਹੈ। ਤੁਰੰਤ ਕੀਤੇ ਜਾਣ ਵਾਲੇ ਉਪਾਵਾਂ ਵਿੱਚ ਸਸਤੀ ਕਾਰੋਬਾਰੀ ਪੂੰਜੀ ਮੁਹੱਈਆ ਕਰਵਾਉਣਾ, ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣਾ ਅਤੇ ਮੁਸ਼ਕਲ ਦੌਰ ਵਿੱਚੋਂ ਲੰਘ ਰਹੀਆਂ ਇਕਾਈਆਂ ਨੂੰ ਨਕਦੀ ਦੇ ਸੰਕਟ ਨਾਲ ਨਜਿੱਠਣ ਵਿੱਚ ਮਦਦ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਤਕਨੀਕੀ ਆਧੁਨਿਕੀਕਰਨ, ਊਰਜਾ ਦੀ ਬੱਚਤ ਅਤੇ ਕਾਮਿਆਂ ਦੀ ਸਿਖਲਾਈ ਜ਼ਰੀਏ ਉਤਪਾਦਕਤਾ ਨੂੰ ਵਧਾਉਣ ਲਈ ਇੱਕ ਲੰਮੇ ਸਮੇਂ ਦੀ ਰਣਨੀਤੀ ਉੱਤੇ ਕੰਮ ਕਰਨਾ ਵੀ ਓਨਾ ਹੀ ਅਹਿਮ ਹੈ।

Advertisement

ਉਤਪਾਦਕਾਂ ਨੂੰ ਨਵੇਂ ਉਤਪਾਦ ਬਣਾਉਣ, ਆਪਣੇ ਬ੍ਰਾਂਡ ਮਜ਼ਬੂਤ ਕਰਨ ਅਤੇ ਵਿਦੇਸ਼ੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਲਈ ਮਦਦ ਦੀ ਲੋੜ ਹੈ। ਪਾਣੀਪਤ ਦਾ ਇਹ ਸੰਕਟ ਸਿਖਾਉਂਦਾ ਹੈ ਕਿ ਉਦਯੋਗ ਦੀ ਤਾਕਤ ਸਿਰਫ਼ ਉਤਪਾਦਨ ਤੱਕ ਸੀਮਤ ਨਹੀਂ ਹੁੰਦੀ, ਸਗੋਂ ਇਹ ਬਾਜ਼ਾਰ ਦੇ ਝਟਕਿਆਂ ਨੂੰ ਝੱਲਣ ਦੇ ਸਮਰੱਥ ਵੀ ਹੋਣੀ ਚਾਹੀਦੀ ਹੈ। ਸਮੇਂ ਸਿਰ ਦਖ਼ਲ ਦੇ ਕੇ ਇਸ ਆਰਜ਼ੀ ਮੰਦੀ ਨੂੰ ਵੱਡਾ ਸੰਕਟ ਬਣਨ ਤੋਂ ਰੋਕਿਆ ਜਾ ਸਕਦਾ ਹੈ। ਦੇਸ਼ ਦੇ ਕੰਬਲ ਬਣਾਉਣ ਦੇ ਮੁੱਖ ਕੇਂਦਰ ਨੂੰ ਬਚਾਉਣ ਦਾ ਅਰਥ ਰੁਜ਼ਗਾਰ, ਕਾਰੋਬਾਰ ਅਤੇ ਦੇਸ਼ ਦੀ ਨਿਰਮਾਣ ਅਰਥਵਿਵਸਥਾ ਨੂੰ ਸੁਰੱਖਿਅਤ ਕਰਨਾ ਹੈ।

Advertisement

Advertisement
×