ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ (ਮਿਉਂਸਿਪਲ ਕਾਰਪੋਰੇਸ਼ਨ ਆਫ ਦਿੱਲੀ) ਦੀਆਂ ਚੋਣਾਂ ਵਿਚ ਮਹੱਤਵਪੂਰਨ ਜਿੱਤ ਹਾਸਲ ਕੀਤੀ ਹੈ। 250 ਹਲਕਿਆਂ ਵਿਚੋਂ ‘ਆਪ’ 134, ਭਾਰਤੀ ਜਨਤਾ ਪਾਰਟੀ 104 ਅਤੇ ਕਾਂਗਰਸ 9 ਹਲਕਿਆਂ ਵਿਚ ਜਿੱਤੀ ਹੈ। ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਚੋਣਾਂ ਜਿੱਤਣ ਬਾਰੇ ਵਧ-ਚੜ੍ਹ ਕੇ ਦਾਅਵੇ ਕੀਤੇ ਸਨ। ਇਨ੍ਹਾਂ ਦਾਅਵਿਆਂ ਨੂੰ ਇਕ ਪਾਸੇ ਰੱਖ ਕੇ ਜੇ ਇਨ੍ਹਾਂ ਨਤੀਜਿਆਂ ਨੂੰ ਨਿਰਪੱਖ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਕਈ ਤੱਥ ਸਾਹਮਣੇ ਆਉਂਦੇ ਹਨ: ‘ਆਪ’ ਲਈ ਇਹ ਜਿੱਤ ਅਤਿਅੰਤ ਮਹੱਤਵਪੂਰਨ ਹੈ ਕਿਉਂਕਿ 2013 ਅਤੇ 2015 ਵਿਚ ਦਿੱਲੀ ਵਿਚ ਸਰਕਾਰ ਬਣਾਉਣ ਦੇ ਬਾਵਜੂਦ ਉਹ 2017 ਵਿਚ ਹੋਈਆਂ ਦਿੱਲੀ ਨਗਰ ਨਿਗਮ (ਉਦੋਂ ਦਿੱਲੀ ਵਿਚ ਪੂਰਬੀ ਦਿੱਲੀ, ਉੱਤਰੀ ਦਿੱਲੀ ਅਤੇ ਦੱਖਣੀ ਦਿੱਲੀ ਨਾਂ ਦੇ ਤਿੰਨ ਨਗਰ ਨਿਗਮ ਸਨ ਜਿਨ੍ਹਾਂ ਨੂੰ 2022 ਵਿਚ ਮਿਲਾ ਕੇ ਹੁਣ ਵਾਲਾ ਨਗਰ ਨਿਗਮ ਹੋਂਦ ਵਿਚ ਆਇਆ ਹੈ) ਦੀਆਂ ਚੋਣਾਂ ਨਹੀਂ ਸੀ ਜਿੱਤ ਸਕੀ। ਪਿਛਲੀ ਵਾਰ (2017 ਵਿਚ) ਇਨ੍ਹਾਂ ਤਿੰਨਾਂ ਨਿਗਮਾਂ ਦੇ 270 ਵਾਰਡਾਂ ‘ਚੋਂ ਭਾਜਪਾ ਨੂੰ 181, ‘ਆਪ’ ਨੂੰ 48 ਅਤੇ ਕਾਂਗਰਸ ਨੂੰ 30 ਹਲਕਿਆਂ ਵਿਚ ਸਫ਼ਲਤਾ ਮਿਲੀ ਸੀ। ਹੁਣ ਰਾਜ ਸਰਕਾਰ ਅਤੇ ਸਥਾਨਕ ਸਰਕਾਰ ਦੋਵਾਂ ਵਿਚ ‘ਆਪ’ ਸੱਤਾਧਾਰੀ ਹੈ; ‘ਆਪ’ ਦੇ ਹਮਾਇਤੀਆਂ ਅਨੁਸਾਰ ਇਹ ਨਵੀਂ ਤਰ੍ਹਾਂ ਦਾ ‘ਡਬਲ ਇੰਜਣ’ ਹੈ। ਦੂਸਰਾ ਮਹੱਤਵਪੂਰਨ ਤੱਥ ਇਹ ਹੈ ਕਿ ਹਾਰ ਦੇ ਬਾਵਜੂਦ ਭਾਜਪਾ ਦੇ ਪੈਰ ਉਸ ਤਰ੍ਹਾਂ ਨਾਲ ਨਹੀਂ ਉੱਖੜੇ ਜਿਸ ਤਰ੍ਹਾਂ ਦਾ ਕਿਆਸ ਐਗਜ਼ਿਟ ਪੋਲਾਂ ਦੇ ਅੰਕੜਿਆਂ ਵਿਚ ਕੀਤਾ ਜਾ ਰਿਹਾ ਸੀ। ਭਾਜਪਾ ਨੂੰ 39.5 ਫ਼ੀਸਦੀ ਵੋਟਾਂ ਹਾਸਲ ਹੋਈਆਂ ਹਨ; 2017 ਦੀਆਂ ਨਗਰ ਨਿਗਮ ਚੋਣਾਂ ਵਿਚ ਪਾਰਟੀ ਨੂੰ 36 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ 2020 ਦੀ ਵਿਧਾਨ ਸਭਾ ਦੀਆਂ ਚੋਣਾਂ ਵਿਚ 38.5 ਫ਼ੀਸਦੀ; ਇਸ ਤਰ੍ਹਾਂ ਭਾਜਪਾ ਦਾ ਆਧਾਰ/ਵੋਟ ਬੈਂਕ ਬਰਕਰਾਰ ਹੈ।
ਕਾਂਗਰਸ ਇਨ੍ਹਾਂ ਚੋਣਾਂ ਵਿਚ ਸਿਰਫ਼ 9 ਸੀਟਾਂ ਜਿੱਤ ਸਕੀ ਹੈ। ਕਾਂਗਰਸ ਲਈ ਇਹ ਨਤੀਜੇ ਇਸ ਲਈ ਅਹਿਮ ਹਨ ਕਿਉਂਕਿ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ 12 ਫ਼ੀਸਦੀ ਵੋਟਾਂ ਮਿਲੀਆਂ ਹਨ; 2017 ਦੀਆਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਨੂੰ 21 ਫ਼ੀਸਦੀ ਵੋਟਾਂ ਮਿਲੀਆਂ ਸਨ ਜਦੋਂਕਿ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਵੋਟਾਂ ਵਿਚ ਹਿੱਸੇਦਾਰੀ ਸਿਰਫ਼ 4.26 ਫ਼ੀਸਦੀ ਤਕ ਸੀਮਤ ਹੋ ਗਈ ਸੀ।
ਦਿੱਲੀ ਵਿਚ 2013 ਤੋਂ ਇਹ ਰੁਝਾਨ ਦੇਖੇ ਗਏ ਹਨ: ਦਿੱਲੀ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ (2013, 2015 ਤੇ 2020) ਵਿਚ ‘ਆਪ’ ਨੂੰ ਵੋਟਾਂ ਪਾਈਆਂ ਹਨ ਅਤੇ ਲੋਕ ਸਭਾ ਚੋਣਾਂ (2014 ਤੇ 2019) ਵਿਚ ਭਾਜਪਾ ਨੂੰ। 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੂੰ ਵੱਡੀਆਂ ਜਿੱਤਾਂ ਪ੍ਰਾਪਤ ਹੋਈਆਂ ਅਤੇ 2014 ਤੇ 2019 ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੂੰ ਲੋਕ ਸਭਾ ਦੇ ਸਾਰੇ ਸੱਤ ਹਲਕਿਆਂ ਵਿਚ ਸਫ਼ਲਤਾ ਮਿਲੀ। ਨਗਰ ਨਿਗਮ ਦੀਆਂ ਚੋਣਾਂ ਵਿਚ ਦੋਵਾਂ ਪਾਰਟੀਆਂ ਵਿਚ ਕਰੜਾ ਮੁਕਾਬਲਾ ਹੋਇਆ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਦਾ ਆਗੂ ਹੋਣਾ ਅਤੇ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦਾ ਆਗੂ ਹੋਣਾ ਲੋਕਾਂ ਲਈ ਖ਼ਾਸ ਤਰ੍ਹਾਂ ਦੀ ਖਿੱਚ ਦਾ ਕਾਰਨ ਹੈ। ‘ਆਪ’ ਦੀ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਭਾਜਪਾ ਨਗਰ ਨਿਗਮਾਂ ਵਿਚ 15 ਸਾਲ ਸੱਤਾ ਵਿਚ ਰਹੀ ਹੈ। ਭਾਜਪਾ ਹਰ ਚੋਣ ਵਿਚ ਆਪਣੀ ਪੂਰੀ ਤਾਕਤ ਲਗਾਉਂਦੀ ਹੈ ਅਤੇ ਉਸ ਨੂੰ ਹਰਾਉਣਾ ਬਹੁਤ ਕਠਿਨ ਕੰਮ ਹੁੰਦਾ ਹੈ। ਹੁਣ ਦਿੱਲੀ ਦਾ ਮੇਅਰ ਵੀ ਆਮ ਆਦਮੀ ਪਾਰਟੀ ਦਾ ਹੋਵੇਗਾ ਅਤੇ ਦਿੱਲੀ ਨਗਰ ਨਿਗਮ ਰਾਹੀਂ ਪਾਰਟੀ ਸ਼ਹਿਰ ਦੀ ਸਫ਼ਾਈ, ਪਾਰਕਾਂ ਦੀ ਸਾਂਭ-ਸੰਭਾਲ, ਅੰਦਰੂਨੀ ਸੜਕਾਂ ਦੀ ਮੁਰੰਮਤ ਆਦਿ ਲਈ ਜ਼ਿੰਮੇਵਾਰ ਹੋਵੇਗੀ। ਗਾਜ਼ੀਪੁਰ, ਭਲਸਵਾ ਅਤੇ ਔਖਲਾ ਵਿਚ ਕੂੜੇ-ਕਰਕਟ ਦੇ ਵੱਡੇ ਪਹਾੜ ਅਤੇ ਉਨ੍ਹਾਂ ‘ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਦਿੱਲੀ ਦੀ ਵੱਡੀ ਸਮੱਸਿਆ ਹਨ ਅਤੇ ‘ਆਪ’ ਨੇ ਲੋਕਾਂ ਨੂੰ ਸਾਫ਼-ਸੁਥਰੀ ਦਿੱਲੀ ਦੇਣ ਦਾ ਵਾਅਦਾ ਕੀਤਾ ਹੈ। ਰਾਜ ਸਰਕਾਰ ਅਤੇ ਨਗਰ ਨਿਗਮ ਦੋਹਾਂ ਵਿਚ ਸੱਤਾਧਾਰੀ ਹੋਣ ਨਾਲ ‘ਆਪ’ ਨੂੰ ਤਾਕਤ ਮਿਲੇਗੀ ਅਤੇ ਉਸ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ। ਪਾਰਟੀ ਸਾਹਮਣੇ ਸਿਆਸੀ ਚੁਣੌਤੀ ਇਹ ਹੋਵੇਗੀ ਕਿ ਉਹ ਵਿਧਾਨ ਸਭਾ ਅਤੇ ਨਗਰ ਨਿਗਮ ਚੋਣਾਂ ਵਿਚ ਮਿਲੀਆਂ ਜਿੱਤਾਂ ਤੋਂ ਪ੍ਰਾਪਤ ਹੋਈ ਊਰਜਾ ਸਦਕਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਸਾਹਮਣਾ ਕਿਵੇਂ ਕਰਦੀ ਹੈ।