DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਖੜਾ: ਹੜ੍ਹ ਸੁਰੱਖਿਆ ਤੇ ਚੁਣੌਤੀਆਂ

ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਭਾਖੜਾ ਡੈਮ ਵਿੱਚੋਂ ਵੱਧ ਪਾਣੀ ਲੈਣ ਦੀ ਦਿੱਤੀ ਗਈ ਸਲਾਹ ਇੱਕ ਵੱਡੀ ਚੇਤਾਵਨੀ ਹੈ। ਇਹ ਉੱਤਰੀ ਭਾਰਤ ਵਿੱਚ ਪਾਣੀ ਦੇ ਪ੍ਰਬੰਧਨ ਦੀਆਂ ਵਧਦੀਆਂ ਉਲਝਣਾਂ ਨੂੰ ਸਮਝਣ ਦਾ ਇੱਕ ਮੌਕਾ ਹੈ। ਇਹ ਕੋਈ...

  • fb
  • twitter
  • whatsapp
  • whatsapp
Advertisement

ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਭਾਖੜਾ ਡੈਮ ਵਿੱਚੋਂ ਵੱਧ ਪਾਣੀ ਲੈਣ ਦੀ ਦਿੱਤੀ ਗਈ ਸਲਾਹ ਇੱਕ ਵੱਡੀ ਚੇਤਾਵਨੀ ਹੈ। ਇਹ ਉੱਤਰੀ ਭਾਰਤ ਵਿੱਚ ਪਾਣੀ ਦੇ ਪ੍ਰਬੰਧਨ ਦੀਆਂ ਵਧਦੀਆਂ ਉਲਝਣਾਂ ਨੂੰ ਸਮਝਣ ਦਾ ਇੱਕ ਮੌਕਾ ਹੈ। ਇਹ ਕੋਈ ਆਮ ਪ੍ਰਸ਼ਾਸਨਿਕ ਫ਼ੈਸਲਾ ਨਹੀਂ ਹੈ ਸਗੋਂ ਇਹ ਮੌਸਮ ਦੀ ਤਬਦੀਲੀ, ਖੇਤੀ ਦੇ ਗ਼ਲਤ ਤਰੀਕਿਆਂ ਅਤੇ ਸੂਬਿਆਂ ਵਿਚਾਲੇ ਕਮਜ਼ੋਰ ਤਾਲਮੇਲ ਦੇ ਦਬਾਅ ਨੂੰ ਦਿਖਾਉਂਦਾ ਹੈ। ਇਸ ਵੇਲੇ ਡੈਮ ਵਿੱਚ ਪਾਣੀ ਦਾ ਪੱਧਰ 1,578.07 ਫੁੱਟ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 21 ਫੁੱਟ ਤੋਂ ਵੀ ਜ਼ਿਆਦਾ ਹੈ। ਡੈਮ ਨੂੰ ਪੂਰਾ ਭਰਨ ਵਿੱਚ ਹੁਣ ਸਿਰਫ਼ 102 ਫੁੱਟ ਦੀ ਜਗ੍ਹਾ ਬਾਕੀ ਹੈ। ਅਜਿਹੇ ਵਿੱਚ ਮੌਨਸੂਨ ਦੇ ਆਉਣ ’ਤੇ ਥੋੜ੍ਹੀ ਜਿਹੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ। ਹਿਮਾਲਿਆ ਦੀ ਬਰਫ਼ ਪਿਘਲਣ ਅਤੇ ਅਚਾਨਕ ਹੋਣ ਵਾਲੀ ਭਾਰੀ ਬਾਰਿਸ਼ ਕਾਰਨ ਇਹ ਵਾਧੂ ਪਾਣੀ ਮਿੰਟਾਂ-ਸਕਿੰਟਾਂ ਵਿੱਚ ਵੱਡੀ ਮੁਸੀਬਤ ਬਣ ਸਕਦਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚੁਣੌਤੀ ਪੰਜਾਬ ਵਿੱਚ ਝੋਨੇ ਦੀ ਲਵਾਈ ਦੇ ਸੀਜ਼ਨ ਦੇ ਬਿਲਕੁਲ ਬਰਾਬਰ ਆ ਖੜ੍ਹੀ ਹੋਈ ਹੈ। ਹਾਲਾਂਕਿ ਸੂਬੇ ਨੇ ਪਾਣੀ ਦੀ ਸਹੀ ਵਰਤੋਂ ਲਈ ਝੋਨਾ ਲਾਉਣ ਦੀ ਤਰੀਕ ਅੱਗੇ 1 ਜੂਨ ਕਰ ਦਿੱਤੀ ਸੀ ਪਰ ਫਿਰ ਵੀ ਵੱਡੇ ਇਲਾਕੇ ਅਜੇ ਵੀ ਟਿਊਬਵੈੱਲਾਂ (ਜ਼ਮੀਨਦੋਜ਼ ਪਾਣੀ) ’ਤੇ ਹੀ ਨਿਰਭਰ ਹਨ ਤੇ ਨਹਿਰੀ ਨੈੱਟਵਰਕ ਦੀ ਪੂਰੀ ਵਰਤੋਂ ਨਹੀਂ ਹੋ ਰਹੀ। ਜਦੋਂ ਮੌਜੂਦ ਨਹਿਰੀ ਪਾਣੀ ਨੂੰ ਸਹੀ ਤਰੀਕੇ ਨਾਲ ਅੱਗੇ ਨਹੀਂ ਵੰਡਿਆ ਜਾਂਦਾ ਤਾਂ ਡੈਮਾਂ ਵਿੱਚ ਜ਼ਿਆਦਾ ਪਾਣੀ ਰੋਕ ਕੇ ਰੱਖਣਾ ਪੈਂਦਾ ਹੈ। ਇਸ ਨਾਲ ਅਚਾਨਕ ਆਉਣ ਵਾਲੇ ਹੜ੍ਹ ਦੇ ਪਾਣੀ ਨੂੰ ਸਾਂਭਣ ਲਈ ਡੈਮਾਂ ਵਿੱਚ ਲੋੜੀਂਦੀ ਜਗ੍ਹਾ (ਫਲੱਡ ਕੁਸ਼ਨ) ਘਟ ਜਾਂਦੀ ਹੈ। ਸਾਨੂੰ 2023 ਦੇ ਭਿਆਨਕ ਹੜ੍ਹਾਂ ਤੋਂ ਮਿਲੇ ਸਬਕਾਂ ਨੂੰ ਨਹੀਂ ਭੁੱਲਣਾ ਚਾਹੀਦਾ। ਉਸ ਸਮੇਂ ਪਾਣੀ ਛੱਡਣ ਵਿੱਚ ਹੋਈ ਦੇਰੀ ਅਤੇ ਡੈਮ ਚਲਾਉਣ ਦੇ ਤਰੀਕਿਆਂ ਨੂੰ ਲੈ ਕੇ ਹੋਏ ਵਿਵਾਦਾਂ ਨੇ ਸਿਆਸੀ ਕੜਵਾਹਟ ਵਧਾ ਦਿੱਤੀ ਸੀ ਅਤੇ ਤਿਆਰੀਆਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਡੈਮ ਪ੍ਰਬੰਧਨ ਦਾ ਮਕਸਦ ਸਿਰਫ਼ ਬਿਜਲੀ ਬਣਾਉਣਾ ਨਹੀਂ ਹੋ ਸਕਦਾ। ਹੜ੍ਹਾਂ ਨੂੰ ਰੋਕਣਾ ਅਤੇ ਕਾਬੂ ਹੇਠ ਰੱਖਣਾ ਵੀ ਓਨਾ ਹੀ ਜ਼ਰੂਰੀ ਹੋਣਾ ਚਾਹੀਦਾ ਹੈ।

Advertisement

ਹੁਣ ਸਭ ਤੋਂ ਪਹਿਲਾ ਅਤੇ ਜ਼ਰੂਰੀ ਕੰਮ ਬਿਲਕੁਲ ਸਾਫ਼ ਹੈ। ਸਿੰਚਾਈ ਵਿਭਾਗਾਂ ਨੂੰ ਨਹਿਰੀ ਪਾਣੀ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ, ਖ਼ਾਸ ਕਰਕੇ ਉਨ੍ਹਾਂ ਕਿਸਾਨਾਂ ਤੱਕ ਪਾਣੀ ਪਹੁੰਚਾਇਆ ਜਾਵੇ ਜਿਹੜੇ ਨਹਿਰਾਂ ਦੇ ਬਿਲਕੁਲ ਅਖੀਰ (ਟੇਲ-ਐੱਂਡ) ’ਤੇ ਹਨ। ਇਸ ਨਾਲ ਕਿਸਾਨ ਜ਼ਮੀਨ ਉੱਪਰਲੇ (ਨਹਿਰੀ) ਪਾਣੀ ’ਤੇ ਜ਼ਿਆਦਾ ਨਿਰਭਰ ਹੋ ਸਕਣਗੇ ਅਤੇ ਮੁੱਕ ਰਹੇ ਜ਼ਮੀਨਦੋਜ਼ ਪਾਣੀ ’ਤੇ ਦਬਾਅ ਘਟੇਗਾ। ਇਸ ਦੇ ਨਾਲ ਹੀ ਹਿੱਸੇਦਾਰ ਸੂਬਿਆਂ ਨੂੰ ਆਪਸੀ ਤਾਲਮੇਲ, ਪਾਰਦਰਸ਼ਤਾ ਅਤੇ ਦੂਰਅੰਦੇਸ਼ੀ ਨਾਲ ਡੈਮਾਂ ਨੂੰ ਚਲਾਉਣਾ ਚਾਹੀਦਾ ਹੈ। ਪਾਣੀ ਦੀ ਬਹੁਤਾਤ ਸਾਡੀ ਤਾਕਤ ਬਣਨੀ ਚਾਹੀਦੀ ਹੈ ਨਾ ਕਿ ਸਾਡੇ ਲਈ ਖ਼ਤਰਾ। ਅੱਜ ਡੈਮਾਂ ਵਿੱਚ ਖਾਲੀ ਥਾਂ ਬਣਾਉਣਾ ਹੀ ਭਵਿੱਖ ਦੀਆਂ ਮੌਸਮੀ ਤਬਦੀਲੀਆਂ ਅਤੇ ਅਣਕਿਆਸੀਆਂ ਮੁਸੀਬਤਾਂ ਵਿਰੁੱਧ ਸਭ ਤੋਂ ਵੱਡੀ ਸੁਰੱਖਿਆ ਸਾਬਤ ਹੋ ਸਕਦਾ ਹੈ।

Advertisement

Advertisement
×