DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਲਾਦੇਸ਼ ਦੇ ਚੋਣ ਨਤੀਜੇ

​ ਵਿਆਪਕ ਪੱਧਰ ’ਤੇ ਸ਼ਾਂਤੀਪੂਰਨ, ਸੁਚੱਜੀ ਚੋਣ ਅਤੇ ਫੈਸਲਾਕੁਨ ਫ਼ਤਵੇ ਲਈ ਬੰਗਲਾਦੇਸ਼ ਦੇ ਲੋਕ ਵਧਾਈ ਦੇ ਪਾਤਰ ਹਨ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਹੂੰਝਾ-ਫੇਰ ਜਿੱਤ ਉਸ ਰਾਸ਼ਟਰ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਜਿਸ ਨੇ ਆਪਣੇ ਵਜੂਦ ਦੇ ਜ਼ਿਆਦਾਤਰ...

  • fb
  • twitter
  • whatsapp
  • whatsapp
Advertisement
​ ਵਿਆਪਕ ਪੱਧਰ ’ਤੇ ਸ਼ਾਂਤੀਪੂਰਨ, ਸੁਚੱਜੀ ਚੋਣ ਅਤੇ ਫੈਸਲਾਕੁਨ ਫ਼ਤਵੇ ਲਈ ਬੰਗਲਾਦੇਸ਼ ਦੇ ਲੋਕ ਵਧਾਈ ਦੇ ਪਾਤਰ ਹਨ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਹੂੰਝਾ-ਫੇਰ ਜਿੱਤ ਉਸ ਰਾਸ਼ਟਰ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਜਿਸ ਨੇ ਆਪਣੇ ਵਜੂਦ ਦੇ ਜ਼ਿਆਦਾਤਰ ਸਮੇਂ ਦੌਰਾਨ ਉਥਲ-ਪੁਥਲ ਹੀ ਦੇਖੀ ਹੈ। ਸਥਿਰਤਾ ਅਤੇ ਸੁਧਾਰਾਂ ਦਾ ਵਾਅਦਾ ਕਰਦਿਆਂ ਬੀਐੱਨਪੀ ਦੋ ਦਹਾਕਿਆਂ ਬਾਅਦ ਸੱਤਾ ਵਿੱਚ ਵਾਪਸ ਆਈ ਹੈ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਸਰਕਾਰ ਦੀ ਵਾਗਡੋਰ ਸੰਭਾਲਣ ਲਈ ਤਿਆਰ ਹਨ। ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਅਗਵਾਈ ਦੀ ਪ੍ਰੀਖਿਆ ਸ਼ੁਰੂ ਹੋ ਜਾਵੇਗੀ। ਸ਼ੇਖ ਹਸੀਨਾ ਦੇ 15 ਸਾਲਾਂ ਦੇ ਸ਼ਾਸਨ ਦੇ ਅਪਮਾਨਜਨਕ ਅੰਤ ਤੋਂ ਬਾਅਦ ਬੰਗਲਾਦੇਸ਼ ਵਿੱਚ ਪਿਛਲੇ ਡੇਢ ਸਾਲ ਤੋਂ ਅਨਿਸ਼ਚਿਤਤਾ ਦਾ ਦੌਰ ਹੈ। ਸਿਆਸੀ ਗੜਬੜ, ਘੱਟਗਿਣਤੀਆਂ ’ਤੇ ਹਮਲੇ ਅਤੇ ਆਰਥਿਕ ਅੜਿੱਕਿਆਂ ਨੇ ਡੂੰਘੇ ਜ਼ਖ਼ਮ ਦਿੱਤੇ ਹਨ।​ਇਸ ਵੱਡੀ ਜਿੱਤ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਅਜਿਹੀ ਸੰਸਦੀ ਤਾਕਤ ਦਿੱਤੀ ਹੈ ਕਿ ਉਹ ਬੰਗਲਾਦੇਸ਼ ਦੇ ਭਵਿੱਖ ਨੂੰ ਨਵਾਂ ਮੋੜ ਦੇਣ ਵਾਲੇ ਫ਼ੈਸਲੇ ਲੈ ਸਕਦੀ ਹੈ। ਪਾਰਟੀ ਨੂੰ ਜਿੱਤ ਦੇ ਘਮੰਡ ਤੋਂ ਬਚਣਾ ਚਾਹੀਦਾ ਹੈ ਅਤੇ ਜੁਲਾਈ 2024 ਦੀ ਬਗ਼ਾਵਤ ਨੂੰ ਚੇਤੇ ਰੱਖਦਿਆਂ ਸੁਲ੍ਹਾ-ਸਫਾਈ ਦੇ ਨਾਲ-ਨਾਲ ਨਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਸਮਰਥਕਾਂ ਨੂੰ ਵੱਡੇ ਪੱਧਰ ’ਤੇ ਜਸ਼ਨ ਮਨਾਉਣ ਤੋਂ ਗੁਰੇਜ਼ ਕਰਨ ਅਤੇ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਕਰਵਾਉਣ ਦੀ ਅਪੀਲ ਕਰਨਾ ਇੱਕ ਸਿਆਣਪ ਭਰਿਆ ਕਦਮ ਕਿਹਾ ਜਾ ਸਕਦਾ ਹੈ। ਜਮਾਤ-ਏ-ਇਸਲਾਮੀ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਇੱਕ ਜ਼ਿੰਮੇਵਾਰ ਅਤੇ ਚੌਕਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਲੋੜ ਹੈ, ਜੋ ਬੀ ਐੱਨ ਪੀ ਨੂੰ ਤਾਨਾਸ਼ਾਹੀ ਵਾਲੀਆਂ ਕਾਰਵਾਈਆਂ ਤੋਂ ਰੋਕ ਸਕੇ।

​ਘਰੇਲੂ ਚਿੰਤਾਵਾਂ ਤੋਂ ਪਰ੍ਹੇ ਵਿਦੇਸ਼ ਨੀਤੀ ਦਾ ਸੰਤੁਲਨ ਕਾਇਮ ਕਰਨ ਦੀ ਚੁਣੌਤੀ ਵੀ ਦਰਪੇਸ਼ ਹੈ। ਹਸੀਨਾ ਦੀ ਹਵਾਲਗੀ ਦੇ ਗੁੰਝਲਦਾਰ ਮੁੱਦੇ ’ਤੇ ਦਿੱਲੀ ਨਾਲ ਢਾਕਾ ਦੇ ਸਬੰਧ ਕਾਫ਼ੀ ਵਿਗੜ ਗਏ ਹਨ, ਜਦੋਂ ਕਿ ਇਸਲਾਮਾਬਾਦ ਨਾਲ ਇਸ ਦੇ ਸਬੰਧ ਸੁਧਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹਬਾਜ਼ ਸ਼ਰੀਫ ਰਹਿਮਾਨ ਨੂੰ ਬੀ ਐੱਨ ਪੀ ਦੀ ਜਿੱਤ ’ਤੇ ਵਧਾਈ ਦੇਣ ਵਾਲੇ ਪਹਿਲੇ ਨੇਤਾਵਾਂ ਵਿੱਚ ਸ਼ਾਮਲ ਸਨ। ਇੱਕ ਚੁਣੀ ਹੋਈ ਸਰਕਾਰ ਦਾ ਗਠਨ ਭਾਰਤ ਨੂੰ ਸਾਂਝੇ ਇਤਿਹਾਸ ਅਤੇ ਆਰਥਿਕ ਅੰਤਰ-ਨਿਰਭਰਤਾ ’ਤੇ ਆਧਾਰਿਤ ਸਬੰਧਾਂ ਨੂੰ ਮੁੜ ਉਸਾਰਨ ਦਾ ਮੌਕਾ ਉਪਲਬਧ ਕਰਾਉਂਦਾ ਹੈ। ਹਾਲਾਂਕਿ, ਸਥਿਤੀ ਨੂੰ ਬਦਲਣ ਲਈ ਕੁਸ਼ਲ ਕੂਟਨੀਤੀ ਅਤੇ ਬਹੁਤ ਜ਼ਿਆਦਾ ਸਬਰ ਦੀ ਲੋੜ ਪਵੇਗੀ। ਭਾਰਤ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਰਹਿਮਾਨ ਦੀ ‘ਨਵੇਂ ਬੰਗਲਾਦੇਸ਼’ ਲਈ ਇੱਕ ਵਿਹਾਰਕ ਅਤੇ ਵਿਆਪਕ ਰਾਹ ਤਿਆਰ ਕਰਨ ਵਿੱਚ ਮਦਦ ਕਰੇ।

Advertisement

Advertisement

Advertisement
×