ਵਾਤਾਵਰਨ ਤਬਦੀਲੀ ਕਾਰਨ ਵਧ ਰਹੀ ਆਲਮੀ ਤਪਸ਼ ਦੁਨੀਆ ਭਰ ਵਿਚ ਚਿੰਤਾ ਦਾ ਵਿਸ਼ਾ ਹੈ। ਇਸੇ ਕਰ ਕੇ 1992 ਵਿਚ ਇਸ ਮੁੱਦੇ ਉੱਤੇ ਰੀਓ ਡੀ ਜਨੇਰੀਓ ਵਿਖੇ ਹੋਈ ਕਾਨਫ਼ਰੰਸ ਤੋਂ ਪਿੱਛੋਂ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹੋਏ ਸਮਝੌਤੇ ਵਿਚ ਦੁਨੀਆ ਭਰ ਦੇ ਦੇਸ਼ਾਂ ਨੇ ਸਾਂਝੀ ਲੜਾਈ ਲੜਨ ਦਾ ਅਹਿਦ ਲਿਆ ਸੀ। ਜੀ-20 ਮੁਲਕਾਂ ਦੀ ‘‘ਧਰਤੀ ਦੀ ਸੁਰੱਖਿਆ’’ ਵਿਸ਼ੇ ਉੱਤੇ ਹੋ ਰਹੀ ਕਾਨਫ਼ਰੰਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਫ਼ੈਸਲੇ ਨੂੰ ਦੁਹਰਾਉਂਦਿਆਂ ਵਾਤਾਵਰਨ ਤਬਦੀਲੀ ਖ਼ਿਲਾਫ਼ ਸਾਂਝੀ ਲੜਾਈ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਇਸ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਵੱਡੇ ਪੱਧਰ ਉੱਤੇ ਤਕਨੀਕ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਵਿਕਸਤ ਦੇਸ਼ਾਂ ਤੋਂ ਇਸ ਦੀ ਉਮੀਦ ਕੀਤੀ ਜਾਂਦੀ ਹੈ ਪਰ ਅਮਰੀਕਾ ਵਰਗੇ ਕਈ ਵੱਡੇ ਦੇਸ਼ ਇਸ ਤੋਂ ਪਾਸਾ ਵੱਟ ਰਹੇ ਹਨ। ਪਿਛਲੇ ਦਿਨੀਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਅਮਰੀਕਾ ਨੇ ਰਸਮੀ ਤੌਰ ਉੱਤੇ ਪੈਰਿਸ ਸਮਝੌਤੇ ਤੋਂ ਬਾਹਰ ਆਉਣ ਦਾ ਫ਼ੈਸਲਾ ਕਰ ਲਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਵਾਤਾਵਰਨ ਵਿਚ ਆ ਰਹੀਆਂ ਤਬਦੀਲੀਆਂ ਕਾਰਨ ਕੁਦਰਤੀ ਆਫ਼ਤਾਂ ਆਉਣ ਦੀ ਸੰਭਾਵਨਾ ਤੇਜ਼ੀ ਨਾਲ ਵਧ ਰਹੀ ਹੈ। ਬਹੁਤ ਸਾਰੇ ਟਾਪੂਆਂ ਦੇ ਡੁੱਬ ਜਾਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਇਸ ਸਭ ਕੁਝ ਵਿਕਾਸ ਦੇ ਮੌਜੂਦਾ ਤੌਰ-ਤਰੀਕਿਆਂ ਕਾਰਨ ਹਵਾ ਵਿਚ ਵਧ ਰਹੀ ਜ਼ਹਿਰੀਲੀਆਂ ਗਰੀਨ ਹਾਊਸ ਗੈਸਾਂ ਦੀ ਹੱਦੋਂ ਵੱਧ ਮਾਤਰਾ ਕਾਰਨ ਹੈ। ਜੇਕਰ ਖ਼ਤਰਾ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਪੂਰੇ ਜੈਵਿਕ ਜੀਵਨ ਦੀ ਹੋਂਦ ਹੀ ਖ਼ਤਰੇ ਵਿਚ ਪੈ ਜਾਵੇਗੀ। ਇਸ ਚਿੰਤਾ ਨੂੰ ਮੁੱਖ ਰੱਖ ਕੇ ਸੰਸਾਰ ਪੱਧਰੀ ਸੰਮੇਲਨਾਂ ਵਿਚ ਵਾਤਾਵਰਨ ਦਾ ਮੁੱਦਾ ਮੁੱਖ ਰੂਪ ਵਿਚ ਵਿਚਾਰਿਆ ਜਾਣ ਲੱਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਰਤ ਦੀ ਗੱਲ ਕਰਦਿਆਂ ਕਿਹਾ ਕਿ ਕਿਰਤ ਨੂੰ ਕੇਵਲ ਪੈਦਾਵਾਰ ਨਾਲ ਜੋੜ ਕੇ ਹੀ ਨਹੀਂ ਦੇਖਿਆ ਜਾਣਾ ਚਾਹੀਦਾ ਸਗੋਂ ਕਿਰਤੀ ਮਨੁੱਖ ਦੇ ਮਾਣ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਦੇ ਕਥਨਾਂ ਅਤੇ ਕੇਂਦਰ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਵਿਚ ਵੱਡੇ ਅੰਤਰ ਵਿਰੋਧ ਹਨ। ਕੇਂਦਰ ਸਰਕਾਰ ਨੇ ਵਾਤਾਵਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਕੇ ਬਹੁਤ ਸਾਰੇ ਪ੍ਰਾਜੈਕਟਾਂ ਨੂੰ ਜਨਤਕ ਸੁਣਵਾਈ ਤੋਂ ਛੋਟ ਦਿੱਤੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰਾਜੈਕਟਾਂ ਬਾਰੇ ਇਹ ਤਜਵੀਜ਼ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਏ ਅਤੇ ਵਾਤਾਵਰਨ ਨਾਲ ਜੁੜੀਆਂ ਪ੍ਰਵਾਨਗੀਆਂ ਬਾਅਦ ਵਿਚ ਲੈ ਲਈਆਂ ਜਾਣ। ਇਹ ਗੱਲ ਕਿਸੇ ਵੀ ਤਰ੍ਹਾਂ ਜਚਣਯੋਗ ਨਹੀਂ ਹੈ। ਵਿਕਾਸ ਦੇ ਨਾਂ ਹੇਠ ਕਾਰਪੋਰੇਟ ਅਦਾਰੇ ਵਾਤਾਵਰਨ ਸਬੰਧੀ ਨਿਯਮਾਂ ਤੇ ਨੇਮਾਂ ਨੂੰ ਤਾਕ ’ਤੇ ਰੱਖ ਦੇਣ ਦੀ ਦਲੀਲ ਦਿੰਦੇ ਆਏ ਹਨ। ਕਾਰਪੋਰੇਟ ਅਦਾਰਿਆਂ ਦੀ ਇਹ ਪਹੁੰਚ ਲਾਲਚ ਤੇ ਮੁਨਾਫ਼ੇ ’ਤੇ ਸੇਧਿਤ ਹੈ। ਸਰਕਾਰ ਦੀਆਂ ਪਹਿਲਕਦਮੀਆਂ ਕਾਰਪੋਰੇਟਾਂ ਦੇ ਹੱਕ ਵਿਚ ਹਨ। ਪ੍ਰਧਾਨ ਮੰਤਰੀ ਦੀ ਕੌਮਾਂਤਰੀ ਮੰਚ ਉੱਤੇ ਪ੍ਰਗਟਾਈ ਚਿੰਤਾ ਜਾਇਜ਼ ਹੈ ਪਰ ਅਜਿਹੀ ਸਥਿਤੀ ਵਿਚ ਬਦਲਵੀਂ ਸੋਚ, ਕਹਿਣੀ ਅਤੇ ਕਰਨੀ ਦੇ ਸੁਮੇਲ ਦੀ ਜ਼ਰੂਰਤ ਹੈ।