ਦੁਨੀਆਂ ਦੇ ਉੱਘੇ ਚਿੰਤਕਾਂ, ਇਤਿਹਾਸਕਾਰਾਂ, ਸਮਾਜ ਵਿਗਿਆਨੀਆਂ ਤੇ ਵਿਦਵਾਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉੱਘੇ ਅਧਿਆਪਕ, ਸਮਾਜਿਕ ਤੇ ਜਮਹੂਰੀ ਅਧਿਕਾਰਾਂ ਦੇ ਕਾਰਕੁਨ ਜੀਐੱਨ ਸਾਈਬਾਬਾ ਅਤੇ ਮਸ਼ਹੂਰ ਤੇਲਗੂ ਕਵੀ ਵਰਵਰਾ ਰਾਓ ਨੂੰ ਜੇਲ੍ਹ ’ਚੋਂ ਰਿਹਾਅ ਕੀਤਾ ਜਾਵੇ। ਅਪੀਲ ਕਰਨ ਵਾਲਿਆਂ ਵਿਚ ਮਸ਼ਹੂਰ ਵਿਦਵਾਨ ਨੌਮ ਚੌਮਸਕੀ, ਪਾਰਥਾ ਚੈਟਰਜੀ, ਯੂਡਿਥ ਬਟਲਰ, ਹੋਮੀ ਭਾਬਾ ਤੇ ਕਈ ਹੋਰ ਉੱਘੇ ਵਿਦਵਾਨ ਸ਼ਾਮਿਲ ਹਨ ਜਿਹੜੇ ਦੁਨੀਆਂ ਦੀਆਂ ਸਭ ਤੋਂ ਵਧੀਆ ਮੰਨੀਆਂ ਜਾਣ ਵਾਲੀਆਂ ਯੂਨੀਵਰਸਿਟੀਆਂ ਵਿਚ ਪੜ੍ਹਾ ਅਤੇ ਖੋਜ ਕਰਾ ਰਹੇ ਹਨ; ਉਨ੍ਹਾਂ ਲਿਖਿਆ ਹੈ ਕਿ ਪ੍ਰੋਫ਼ੈਸਰ ਜੀਐੱਨ ਸਾਈਬਾਬਾ ਦੇ ਦੋਵੇਂ ਹੱਥ ਕੰਮ ਨਹੀਂ ਕਰਦੇ ਅਤੇ ਉਸ ਨੂੰ ਪੇਟ ਤੇ ਦਿਲ ਦੀਆਂ ਕਈ ਬਿਮਾਰੀਆਂ ਹਨ। ਵਿਦਵਾਨਾਂ ਨੇ ਕਿਹਾ ਹੈ ਕਿ ਉਸ ਨੂੰ ਇਕ ਤਰ੍ਹਾਂ ਦੀ ਮੈਡੀਕਲ ਜ਼ਮਾਨਤ ਦਿੱਤੀ ਜਾਏ ਤਾਂ ਕਿ ਉਹ ਆਪਣਾ ਉਚਿਤ ਇਲਾਜ ਕਰਵਾ ਸਕੇ। ਦਿੱਤੇ ਗਏ ਬਿਆਨ ਵਿਚ ਵਰਵਰਾ ਰਾਓ ਦਾ ਜ਼ਿਕਰ ਕਰਦਿਆਂ ਉਸ ਦੇ 82 ਸਾਲਾ ਹੋਣ ’ਤੇ ਕਈ ਬਿਮਾਰੀਆਂ ਤੋਂ ਪੀੜਤ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਪ੍ਰੋਫੈਸਰ ਜੀਐੱਨ ਸਾਈਬਾਬਾ ਪੋਲੀਓ ਤੋਂ ਪੀੜਤ ਰਿਹਾ ਹੈ ਅਤੇ ਉਸ ਦੇ ਸਰੀਰ ਦੇ ਅੰਗਾਂ ਦੀ ਤਾਕਤ ਸਿਰਫ਼ 10 ਫ਼ੀਸਦੀ ਹੈ, ਭਾਵ ਉਹ 90 ਫ਼ੀਸਦੀ ਡਿਸਏਬਲਡ/ਅਪਾਹਜ ਹੈ। ਉਸ ਨੂੰ 2014 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਦੋਸ਼ ਲਾਏ ਗਏ ਸਨ ਕਿ ਉਸ ਦੇ ਸੀਪੀਆਈ (ਮਾਓਵਾਦੀ) ਨਾਲ ਡੂੰਘੇ ਸਬੰਧ ਹੋਣ ਤੇ ਰਿਆਸਤ/ਸਟੇਟ ਵਿਰੁੱਧ ਯੁੱਧ ਕਰਨ ਦੇ ਦੋਸ਼ ਵੀ ਲਗਾਏ ਗਏ। ਸਾਈਬਾਬਾ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਅਤੇ ਉਸ ਨੂੰ ਹਰ ਥਾਂ ’ਤੇ ਵ੍ਹੀਲ ਚੇਅਰ ਰਾਹੀਂ ਲਿਜਾਣਾ ਪੈਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਉਹ ਕਈ ਵਾਰ ਬੇਹੋਸ਼ ਹੋ ਜਾਂਦਾ ਹੈ ਅਤੇ ਪਖਾਨੇ ਤਕ ਵੀ ਨਹੀਂ ਜਾ ਸਕਦਾ ਕਿਉਂਕਿ ਉਸ ਨੂੰ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। 2018 ਵਿਚ ਗ੍ਰਿਫ਼ਤਾਰ ਕੀਤਾ ਗਿਆ ਵਰਵਰਾ ਰਾਓ ਸਾਰੇ ਦੇਸ਼ ਵਿਚ ਜਾਣਿਆ ਪਛਾਣਿਆ ਜਾਂਦਾ ਤੇਲਗੂ ਭਾਸ਼ਾ ਦਾ ਮੁੱਖ ਕਵੀ ਹੈ। ਅਪਰੈਲ 2020 ਵਿਚ ਭਾਰਤ ਦੇ 40 ਪ੍ਰਮੁੱਖ ਕਵੀਆਂ ਅਤੇ ਲਿਖਾਰੀਆਂ ਜਿਨ੍ਹਾਂ ਵਿਚ ਗੁਲਜ਼ਾਰ, ਅਸ਼ੋਕ ਵਾਜਪਈ, ਕੇਕੇ ਦਾਰੂਵਾਲਾ, ਮੰਗਲੇਸ਼ ਡਬਰਾਲ ਅਤੇ ਹੋਰ ਲੇਖਕ ਸ਼ਾਮਿਲ ਸਨ, ਨੇ ਉਸ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ। ਰਾਓ ਤੇ ਸਾਈਬਾਬਾ ਨੂੰ ਰਿਹਾਅ ਕਰਨ ਦੀ ਹੁਣ ਵਾਲੀ ਪਟੀਸ਼ਨ ’ਤੇ ਦਸਤਖ਼ਤ ਕਰਨ ਵਾਲਿਆਂ ਵਿਚ ਫ੍ਰੈਡਰਿਕ ਜੈਮਸਨ ਤੋਂ ਲੈ ਕੇ ਗਿਆਨ ਪ੍ਰਕਾਸ਼, ਸੁਦਿਪਤੋ ਕਵੀਰਾਜ, ਗਿਆਨੇਂਦਰ ਪਾਂਡੇ, ਪ੍ਰੀਤਮ ਸਿੰਘ, ਮਿਸ਼ਲ ਹਾਰਡਟ ਅਤੇ ਕਈ ਹੋਰ ਅਜਿਹੇ ਵਿਦਵਾਨ ਸ਼ਾਮਿਲ ਹਨ, ਜਿਨ੍ਹਾਂ ਦਾ ਨਾਂ ਦੁਨੀਆਂ ਦੇ ਅਕਾਦਮਿਕ ਖੇਤਰਾਂ ਵਿਚ ਬਹੁਤ ਮਾਨ ਤੇ ਸਨਮਾਨ ਨਾਲ ਲਿਆ ਜਾਂਦਾ ਹੈ।
ਭਾਰਤ ਵਿਚ ਪਿਛਲੇ ਕੁਝ ਵਰ੍ਹਿਆਂ ਤੋਂ ਚਿੰਤਕਾਂ, ਵਿਦਵਾਨਾਂ ਅਤੇ ਸਮਾਜਿਕ ਤੇ ਜਮਹੂਰੀ ਹੱਕਾਂ ਦੇ ਖੇਤਰ ਵਿਚ ਕੰਮ ਕਰਨ ਵਾਲੇ ਕਾਰਕੁਨਾਂ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਪੱਤਰਕਾਰ ਵਿਨੋਦ ਦੂਆ ਵਿਰੁੱਧ ਕੇਸ ਦਰਜ ਕਰਨ ਦਾ ਮਾਮਲਾ ਚਰਚਾ ਵਿਚ ਹੈ। ਭੀਮਾ ਕੋਰੇਗਾਉਂ ਕੇਸ ਵਿਚ ਬਹੁਤ ਸਾਰੇ ਵਿਦਵਾਨਾਂ ਤੇ ਸਮਾਜਿਕ ਕਾਰਕੁਨਾਂ ਨੂੰ ਸ਼ਹਿਰੀ ਨਕਸਲੀ ਦੱਸਦੇ ਹੋਏ ਨਜ਼ਰਬੰਦ ਕੀਤਾ ਗਿਆ ਹੈ। ਵੱਖ ਵੱਖ ਸੂਬਿਆਂ ਵਿਚ ਪੱਤਰਕਾਰਾਂ ਵਿਰੁੱਧ ਕੇਸ ਦਰਜ ਕੀਤੇ ਅਤੇ ਸਰਕਾਰ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਦੇਸ਼ਧ੍ਰੋਹੀ ਗਰਦਾਨਿਆ ਜਾ ਰਿਹਾ ਹੈ। ਮੌਜੂਦਾ ਨਿਜ਼ਾਮ ਦੀ ਹੋਰ ਖਾਸੀਅਤ ਇਹ ਹੈ ਕਿ ਇਹ ਨਿਜ਼ਾਮ ਉੱਘੇ ਚਿੰਤਕਾਂ ਅਤੇ ਵਿਦਵਾਨਾਂ ਦੀ ਰਾਏ ਨੂੰ ਸੁਣਨ ਲਈ ਤਿਆਰ ਨਹੀਂ। ਉਨ੍ਹਾਂ ਦੀ ਆਵਾਜ਼ ਨੂੰ ਅਣਸੁਣਿਆ ਕਰਦਿਆਂ ਉਨ੍ਹਾਂ ਦੀ ਸਲਾਹ ਨੂੰ ਖੱਬੇ-ਪੱਖੀ ਉਦਾਰਵਾਦੀਆਂ ਦੀ ਰਾਏ ਕਹਿ ਕੇ ਭੰਡਿਆ ਜਾਂਦਾ ਹੈ। ਵਧਦਾ ਹੋਇਆ ਜਬਰ ਲੋਕਾਂ ਦੇ ਵੱਡੇ ਹਿੱਸੇ ਨੂੰ ਚੁੱਪ ਕਰਾਉਣ ਵਿਚ ਕਾਮਯਾਬ ਹੋਇਆ ਹੈ ਪਰ ਜਬਰ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਅਨਿਆਂ ਵਿਰੁੱਧ ਲੜਨਾ ਮਨੁੱਖ ਦਾ ਬੁਨਿਆਦੀ ਸਮਾਜਿਕ ਜਜ਼ਬਾ ਹੈ। ਦੇਸ਼ ਦੀਆਂ ਸਾਰੀਆਂ ਜਮਹੂਰੀ ਧਿਰਾਂ ਨੂੰ ਗ੍ਰਿਫ਼ਤਾਰ ਕੀਤੇ ਗਏ ਕਵੀਆਂ, ਚਿੰਤਕਾਂ, ਪੱਤਰਕਾਰਾਂ ਤੇ ਵਿਦਵਾਨਾਂ ਦੀ ਨਜ਼ਰਬੰਦੀ ਵਿਰੁੱਧ ਲਗਾਤਾਰ ਸੰਘਰਸ਼ ਕਰਨਾ ਚਾਹੀਦਾ ਹੈ। ਸਾਡੀ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਵਧ ਰਹੇ ਸਮਾਜਿਕ ਅਨਿਆਂ ਵਿਰੁੱਧ ਕੋਈ ਵਿਸ਼ਾਲ ਜਮਹੂਰੀ ਲਹਿਰ ਬਣਾਉਣ ਵਿਚ ਨਾਕਾਮਯਾਬ ਰਹੇ ਹਾਂ।